ਵਿਸ਼ਵ ਜਲ ਦਿਵਸ ਮੌਕੇ ਸੰਤ ਸੀਚੇਵਾਲ ਵੱਲੋਂ ਪਾਣੀਆਂ ਦੇ ਕੁਦਰਤੀ ਸਰੋਤਾਂ ਨੂੰ ਬਚਾਉਣ ਦਾ ਸੱਦਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 22 ਮਾਰਚ 2025 - ਵਿਸ਼ਵ ਜਲ ਦਿਵਸ ਮੌਕੇ ਪਾਣੀ ਦੀ ਮਹੱਤਤਾ ਦੱਸਦਿਆ ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਦੁਨੀਆਂ ਭਰ ਵਿਚ ਪੀਣ ਵਾਲੇ ਪਾਣੀ ਦਾ ਸੰਕਟ ਖੜਾ ਹੋ ਰਿਹਾ ਹੈ। ਦੁਨੀਆਂ ਭਰ ਦੀਆਂ ਜਲਗਾਹਾਂ ਅਤੇ ਪਾਣੀ ਦੇ ਹੋਰ ਕੁਦਰਤੀ ਸੋਮੇ ਤੇਜ਼ੀ ਨਾਲ ਸੁਕਦੇ ਜਾ ਰਹੇ ਹਨ।
ਸੰਤ ਸੀਚੇਵਾਲ ਨੇ ਪੰਜਾਂ ਪਾਣੀਆਂ ਦੀ ਧਰਤ ਅਖਵਾਉਂਦੇ ਪੰਜਾਬ ਵਿਚ ਧਰਤੀ ਹੇਠਲੇ ਡੂੰਘੇ ਹੁੰਦੇ ਜਾ ਰਹੇ ਪਾਣੀਆਂ ਵਿੱਚ ਆ ਜ਼ਹਿਰੀਲੇ ਤੱਤਾਂ ਬਾਰੇ ਚਿੰਤਾ ਪ੍ਰਗਟਾਈ। ਕੇਂਦਰੀ ਭੂ-ਜਲ ਬੋਰਡ ਦੀ ਇੱਕ ਰਿਪੋਰਟ ਦਾ ਹਵਾਲਾ ਦਿੰਦਿਆ ਉਨ੍ਹਾਂ ਕਿਹਾ ਕਿ ਪੰਜਾਬ ਦੇ 20 ਜਿਲ੍ਹੇ ਤੇ ਹਰਿਆਣਾ ਦੇ 16 ਜਿਿਲ੍ਹਆਂ ਵਿੱਚ ਧਰਤੀ ਹੇਠਲੇ ਪਾਣੀ ਵਿਚ ਮਿਲੇ ਯੂਰੇਨੀਅਮ ਕੋਲਰਾਇਡ, ਆਰਸੈਨਿਕ, ਫਲੋਰਾਈਡ ਵਰਗੇ ਜ਼ਹਿਰੀਲੇ ਤੱਤ ਮਿੱਥੇ ਮਾਪਦੰਡਾਂ ਤੋਂ ਕਿਤੇ ਵੱਧ ਹੈ। ਉਨ੍ਹਾਂ ਦੱਸਿਆ ਕਿ ਧਰਤੀ ਦੀ ਹਿੱਕ ਵਿੱਚ ਜਿੰਨ੍ਹਾਂ ਡੂੰਘਾ ਉਤਰੀ ਜਾਵੇਗਾ, ਉਨ੍ਹੀ ਹੀ ਸਥਿਤੀ ਖਤਰਨਾਕ ਬਣਦੀ ਜਾ ਰਹੀ ਹੈ।
ਪੰਜਾਬ ਵਿੱਚ ਇੱਕੋ ਸਮੇਂ ਬੁੱਢੇ ਦਰਿਆ, ਕਾਲਾ ਸੰਘਿਆ ਡਰੇਨ ਅਤੇ ਚਿੱਟੀ ਵੇਈਂ ਦੇ ਪਾਣੀਆਂ ਵਿੱਚ ਸੁਧਾਰ ਲਿਆਉਣ ਲਈ ਸਿਰਤੋੜ ਯਤਨ ਕਰ ਰਹੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਦੇਸ਼ ਦੀਆਂ ਪਲੀਤ ਹੋ ਚੁੱਕੀਆਂ ਨਦੀਆਂ ਅਤੇ ਦਰਿਆ ਉਦੋਂ ਹੀ ਸਾਫ਼ ਹੋਣਗੇ ਜਦੋਂ ਇੰਨ੍ਹਾਂ ਵਿੱਚ ਗੰਦੇ ਪਾਣੀ ਪੈਣ ਤੋਂ ਬੰਦ ਹੋ ਜਾਣਗੇ।
ਸੰਤ ਸੀਚੇਵਾਲ ਨੇ ਵਿਸ਼ਵ ਜਲ ਦਿਵਸ ਦੀਆਂ ਸੰਗਤਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਪਵਿੱਤਰ ਵੇਈਂ ਦੀ ਕਾਰ ਸੇਵਾ ਚੱਲਦਿਆ 25 ਵਰ੍ਹੇ ਬੀਤ ਗਏ ਹਨ। ਸੰਗਤਾਂ ਦੀ ਸਖਤ ਮਿਹਨਤ ਤੇ ਕੜੀ ਤਪਸਿਆ ਦਾ ਹੀ ਇਹ ਫਲ ਮਿਿਲਆ ਹੈ ਕਿ ਪਵਿੱਤਰ ਕਾਲੀ ਵੇਈਂ ਦਾ ਪਾਣੀ ਪੀਤਾ ਜਾ ਸਕਦਾ। ਉਨ੍ਹਾਂ ਦਾਅਵਾ ਕੀਤਾ ਕਿ ਬੁੱਢਾ ਦਰਿਆ ਦਾ ਪਾਣੀ ਵੀ ਆਉਣ ਵਾਲੇ ਦਿਨਾਂ ਵਿਚ ਉਨ੍ਹਾਂ ਹੀ ਸਾਫ ਵੱਗੇਗਾ ਜਿੰਨ੍ਹੀ ਕਿ ਵੇਈਂ ਵਿਚ ਵਗਦਾ ਹੈ।