ਜੈਤੋ ਦੀਆਂ ਤਿੰਨ ਗਲੀਆਂ ਸੀਵਰ ਦੇ ਗੰਦੇ ਪਾਣੀ ਵਿਚ ਡੁੱਬੀਆਂ ਹੋਣ ਕਾਰਨ ਲੋਕਾਂ ਦਾ ਜਿਉਣਾ ਹੋਇਆ ਦੁੱਭਰ
ਬਾਬੂਸ਼ਾਹੀ ਟੀਮ
ਜੈਤੋ, 22 ਮਾਰਚ 2025-ਜੈਤੋ ਵਿੱਚ ਸੜਕਾਂ ਅਤੇ ਸੀਵਰੇਜ ਪ੍ਰਬੰਧ ਦਾ ਰੱਬ ਹੀ ਰਾਖਾ ਹੈ। ਜੈਤੋ ਸ਼ਹਿਰ ਵਿਚਲੀ ਮੁਕਤਸਰ ਰੋਡ ਦਾ ਜੈਤੋ ਦੀ ਹੱਦ ਤੱਕ ਦਾ ਟੋਟਾ, ਕੋਟਕਪੂਰਾ ਚੌਂਕ ਤੋਂ ਬਾਜਾਖਾਨਾ ਰੋਡ ਤੱਕ ਦੀ ਸੜਕ ਅਤੇ ਜੈਤੋ ਸ਼ਹਿਰ ਅਤੇ ਪਿੰਡ ਨੂੰ ਮਿਲਾਉਣ ਵਾਲੀ ਪ੍ਰਮੁੱਖ ਸੜਕ ਦਾ ਤਾਂ ਬਹੁਤ ਮੰਦਾ ਹਾਲ ਹੈ। ਇਸੇ ਤਰ੍ਹਾਂ ਸੀਵਰੇਜ ਪ੍ਰਬੰਧ ਵੀ ਥਾਂ ਥਾਂ ਤੋਂ ਨਗਰ ਪਾਲਿਕਾ ਦਾ ਮੂੰਹ ਚਿੜਾ ਰਿਹਾ ਹੈ ਪਰ ਪ੍ਰਬੰਧਕਾਂ ਨੂੰ ਤਾਂ ਜਿਵੇਂ ਇਹ ਸਭ ਕੁਝ ਨਜ਼ਰ ਹੀ ਨਹੀਂ ਆ ਰਿਹਾ।
ਪਿਛਲੇ ਚਾਰ ਦਿਨਾਂ ਤੋਂ ਜੈਤੋ ਸ਼ਹਿਰ ਅਤੇ ਪਿੰਡ ਦੀਆਂ ਤਿੰਨ ਮੁੱਖ ਗਲੀਆਂ ਨੂੰ ਮਿਲਾਉਣ ਵਾਲੀ ਮੁੱਖ ਸੜਕ ਸੀਵਰ ਦੇ ਗੰਦੇ ਪਾਣੀ ਵਿਚ ਡੁੱਬੀ ਹੋਈ ਹੈ ਅਤੇ ਇੱਥੋਂ ਦੋਪਹੀਆ ਵਹੀਕਲਾਂ ਅਤੇ ਪੈਦਲ ਚੱਲਣ ਵਾਲੇ ਲੋਕਾਂ ਦਾ ਲੰਘਣਾ ਅਸੰਭਵ ਹੋ ਗਿਆ ਹੈ। ਇਹ ਗੰਦਾ ਪਾਣੀ ਤਿੰਨ ਗਲੀਆਂ ਵਿਚ ਖੜ੍ਹਾ ਹੈ ਅਤੇ ਕਈ ਘਰਾਂ ਦੇ ਲੋਕਾਂ ਦਾ ਆਪਣੇ ਘਰਾਂ ਵਿੱਚੋਂ ਬਾਹਰ ਨਿਕਲਣਾ ਵੀ ਦੁਸ਼ਵਾਰ ਹੋ ਗਿਆ ਹੈ। ਕਈ ਵਿਅਕਤੀ ਇਸ ਗੰਦੇ ਪਾਣੀ ਵਿਚ ਡਿੱਗ ਚੁੱਕੇ ਹਨ। ਜ਼ਿਕਰਯੋਗ ਹੈ ਕਿ ਇਹ ਸੜਕ ਦਾ ਹਿੱਸਾ ਜੈਤੋ ਪਿੰਡ ਦੀ ਤਕਰਬੀਨ ਵਸੋਂ ਨਾਲ ਸੰਬੰਧਿਤ ਹੈ ਅਤੇ ਲੋਕਾਂ ਨੂੰ ਆਪਣੇ ਕੰਮ ਧੰਦੇ ਸ਼ਹਿਰ ਵਿੱਚ ਆਉਣ, ਬੱਸ ਸਟੈਂਡ ਪਹੁੰਚਣ, ਇਤਿਹਾਸਕ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਇਸ ਰਸਤੇ ਵਿਚਦੀ ਗੁਜ਼ਰਨਾ ਪੈਂਦਾ ਹੈ ਜਿਸ ਕਾਰਨ ਲੋਕ ਬੇਹੱਦ ਦੁਖੀ ਹਨ।
ਏਨਾ ਮੰਦਾ ਹਾਲ ਹੋਣ ਦੇ ਬਾਵਜੂਦ ਵੀ ਜੈਤੋ ਦੀ ਨਗਰ ਪਾਲਿਕਾ ਅਤੇ ਸੀਵਰੇਜ ਦੇ ਪ੍ਰਬੰਧਕਾਂ ਨੇ ਹਾਲੇ ਤੱਕ ਇਸ ਸਮੱਸਿਆ ਨੂੰ ਹੱਲ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ ਜਿਸ ਕਾਰਨ ਲੋਕਾਂ ਵਿਚ ਭਾਰੀ ਰੋਸ ਹੈ। ਦੁਖੀ ਲੋਕਾਂ ਨੇ ਇਸ ਸਮੱਸਿਆ ਨੂੰ ਫੌਰੀ ਤੌਰ ਤੇ ਹੱਲ ਕਰਨ ਦੀ ਮੰਗ ਕੀਤੀ ਹੈ।