'ਕੁਦਰਤ ਵਿਸ਼ਵਾਸ, ਜਲਵਾਯੂ ਪਰਿਵਰਤਨ ਅਤੇ ਮਨੁੱਖੀ ਅਧਿਕਾਰ' ਵਿਸ਼ੇ 'ਤੇ ਸੈਮੀਨਾਰ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 22 ਮਾਰਚ 2025: ਪੰਜਾਬ ਕੇਂਦਰੀ ਯੂਨੀਵਰਸਿਟੀ (ਸੀ.ਯੂ. ਪੰਜਾਬ) ਵਿਖੇ ਭਾਰਤੀ ਸਮਾਜਿਕ ਵਿਗਿਆਨ ਅਨੁਸੰਧਾਨ ਪਰਿਸ਼ਦ ਵਲੋਂ ਪ੍ਰਾਯੋਜਿਤ "ਕੁਦਰਤ ਵਿਸ਼ਵਾਸ, ਜਲਵਾਯੂ ਪਰਿਵਰਤਨ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੀਆਂ ਚੁਣੌਤੀਆਂ" ਵਿਸ਼ੇ ਤੇ ਦੋ ਦੀਨਾ ਅੰਤਰਰਾਸ਼ਟਰੀ ਸੈਮੀਨਾਰ ਸਮਾਪਤ ਹੋ ਗਿਆ ਹੈ ਹ। ਇਹ ਸੈਮੀਨਾਰ ਡਾ. ਆੰਬੇਡਕਰ ਪੀਠ (ਮਨੁੱਖੀ ਅਧਿਕਾਰ ਅਤੇ ਵਾਤਾਵਰਣੀਅ ਮੁੱਲ) ਵਲੋਂ ਵਾਈਸ ਚਾਂਸਲਰ ਪ੍ਰੋ. ਰਾਘਵੇਂਦ੍ਰ ਪ੍ਰਸਾਦ ਤਿਵਾੜੀ ਦੇ ਸਰਪ੍ਰਸਤੀ ਹੇਠ ਕਰਵਾਇਆ ਗਿਆ। ਇਸ ਵਿੱਚ ਵੱਖ-ਵੱਖ ਵਿਦਵਾਨਾਂ ਨੇ ਵਾਤਾਵਰਣ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਮੁੱਦਿਆਂ 'ਤੇ ਆਪਣੇ ਵਿਚਾਰ ਰੱਖੇ।
ਸਮਾਪਨ ਸਮਾਰੋਹ ਵਿੱਚ ਰਾਸ਼ਟਰੀ ਮਨੁੱਖੀ ਅਧਿਕਾਰ ਆਯੋਗ ਦੀ ਮੈਂਬਰ ਸ਼੍ਰੀਮਤੀ ਵਿਜਯਾ ਭਾਰਤੀ ਸਯਾਨੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ 'ਹਰੀਭੂਮੀ' ਦੇ ਸੰਪਾਦਕ ਸ਼ੰਭੂ ਭਦ੍ਰ ਜੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਸਮਾਰੋਹ ਦੀ ਸ਼ੁਰੂਆਤ ਤੇ ਡਾ. ਆੰਬੇਡਕਰ ਪੀਠ ਦੇ ਚੇਅਰ ਪ੍ਰੋ. ਕਨ੍ਹਈਆ ਤ੍ਰਿਪਾਠੀ ਨੇ ਪ੍ਰੋਗਰਾਮ ਦੀ ਵਿਸ਼ਤ੍ਰਿਤ ਰਿਪੋਰਟ ਪੇਸ਼ ਕਰਦਿਆਂ ਦੱਸਿਆ ਕਿ ਇਸ ਸੈਮੀਨਾਰ ਵਿੱਚ 74 ਆਫਲਾਈਨ ਅਤੇ 154 ਆਨਲਾਈਨ ਖੋਜ-ਪੱਤਰ ਪੇਸ਼ ਕੀਤੇ ਗਏ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਨੌਜਵਾਨ ਪੀੜ੍ਹੀ ਵਿੱਚ ਕੁਦਰਤ ਪ੍ਰਤੀ ਆਸਥਾ ਵਿਕਸਿਤ ਕਰਨੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਆਖਿਆ ਕਿ ਸਾਨੂੰ ਵਾਤਾਵਰਣ, ਮਨੁੱਖੀ ਅਧਿਕਾਰ, ਅਤੇ ਧਰਤੀ ਮਾਂ ਦੇ ਸੁਰੱਖਿਆ ਲਈ ਆਪਣੀਆਂ ਜ਼ਿੰਮੇਵਾਰੀਆਂ ਸਮਝਣ ਦੀ ਲੋੜ ਹੈ।
ਮੁੱਖ ਮਹਿਮਾਨ ਵਿਜਯਾ ਭਾਰਤੀ ਸਯਾਨੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਨੁੱਖ ਅਤੇ ਕੁਦਰਤ ਦਾ ਗਹਿਰਾ ਸੰਬੰਧ ਹੈ, ਪਰ ਉਦਯੋਗੀਕਰਨ ਅਤੇ ਸ਼ਹਿਰੀਕਰਨ ਨੇ ਵਾਤਾਵਰਣ ਦੇ ਨੁਕਸਾਨ ਨੂੰ ਵਧਾਇਆ ਹੈ। ਉਨ੍ਹਾਂ ਨੇ "ਵਿਕਸਤ ਭਾਰਤ @2047" ਦੇ ਉਦੇਸ਼ ਨੂੰ ਹਾਸਲ ਕਰਨ ਲਈ ਵਾਤਾਵਰਣ ਅਤੇ ਮਨੁੱਖੀ ਅਧਿਕਾਰ ਦੀ ਰੱਖਿਆ ਨੂੰ ਬਹੁਤ ਜ਼ਰੂਰੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਕੁਦਰਤ ਨੂੰ ਕੇਵਲ ਇੱਕ ਸਾਧਨ ਵਜੋਂ ਨਹੀਂ, ਸਗੋਂ ਇੱਕ ਵਿਰਾਸਤ ਵਜੋਂ ਸੰਭਾਲਣ ਦੀ ਲੋੜ ਹੈ।
ਵਿਸ਼ੇਸ਼ ਮਹਿਮਾਨ ਸ਼ੰਭੂ ਭਦ੍ਰ ਨੇ ਆਖਿਆ ਕਿ ਪਿਛਲੇ ਇੱਕ ਦਹਾਕੇ ਵਿੱਚ ਮੋਦੀ ਸਰਕਾਰ ਨੇ ਹਰੀਤ ਤਕਨਾਲੋਜੀ ਨੂੰ ਉਤਸ਼ਾਹਿਤ ਕੀਤਾ ਹੈ, ਜਿਸ ਕਾਰਨ ਸਥਾਈ ਵਿਕਾਸ (ਸਸਟੇਨੇਬਲ ਡਿਵੈਲਪਮੈਂਟ) ਵੱਲ ਵੱਡਾ ਕਦਮ ਉਠਾਇਆ ਗਿਆ ਹੈ। ਉਨ੍ਹਾਂ ਨੇ ਇੱਕ ਨਵੇਂ ਵਿਕਾਸ ਮਾਡਲ ਦੀ ਲੋੜ 'ਤੇ ਜ਼ੋਰ ਦਿੱਤਾ, ਜੋ ਵਾਤਾਵਰਣਿਕ ਟਿਕਾਊਪਣ ਨੂੰ ਤਰਜੀਹ ਦੇਵੇ।
ਇਹ ਸੈਮੀਨਾਰ ਮਸ਼ਹੂਰ ਵਿਦਵਾਨਾਂ ਦੀ ਹਾਜ਼ਰੀ ਵਿੱਚ ਸ਼ੁਰੂ ਹੋਇਆ, ਜਿਨ੍ਹਾਂ ਵਿੱਚ ਮੈਗਸੇਸੇ ਪੁਰਸਕਾਰ ਜੇਤੂ ਡਾ. ਰਾਜਿੰਦਰ ਸਿੰਘ, ਯੂਐੱਨਈਪੀ ਦੇ ਡਾ. ਇਆਦ ਅਬੂਮੋਗਲੀ, 'ਦੈਨਿਕ ਜਾਗਰਣ' ਦੇ ਕਾਰਜਕਾਰੀ ਸੰਪਾਦਕ ਵਿਸ਼ਨੁ ਪ੍ਰਕਾਸ਼ ਤ੍ਰਿਪਾਠੀ, ਅਤੇ ਜਰਮਨੀ ਦੇ ਵਿਦਵਾਨ ਡਾ. ਉਲਰਿਚ ਬਰਕ ਸ਼ਾਮਲ ਰਹੇ। ਇਸ ਸੈਮੀਨਾਰ ਵਿੱਚ ਵਾਤਾਵਰਣ ਅਤੇ ਮਨੁੱਖੀ ਅਧਿਕਾਰਾਂ ਦੇ ਗੰਭੀਰ ਮੁੱਦਿਆਂ 'ਤੇ ਚਰਚਾ ਕੀਤੀ ਗਈ।