ਸਰਕਾਰ ਮੋਹਾਲੀ ਹਲਕੇ ਵਿਚ ਸਿਹਤ ਸੇਵਾਵਾਂ ਦੇ ਅਧੂਰੇ ਪ੍ਰਾਜੈਕਟਾਂ ਨੂੰ ਤੁਰੰਤ ਮੁਕੰਮਲ ਕਰੇ-ਬਲਬੀਰ ਸਿੱਧੂ
ਕਿਹਾ, ਮੁਕੰਮਲ ਪ੍ਰਾਜੈਕਟ ਸਟਾਫ਼ ਖੁਣੋਂ ਨਹੀਂ ਹੋ ਸਕੇ ਚਾਲੂ
ਮੁੱਖ ਮੰਤਰੀ ਨੂੰ ਪੱਤਰ ਲਿੱਖ ਕੇ ਹਰ ਪ੍ਰਾਜੈਕਟ ਦੀ ਦਿੱਤੀ ਜਾਣਕਾਰੀ
ਐਸ.ਏ.ਐਸ. ਨਗਰ, 23 ਜਨਵਰੀ: ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਵਿਧਾਨ ਸਭਾ ਹਲਕਾ ਮੋਹਾਲੀ ਵਿਚ ਪਿਛਲੀ ਕਾਂਗਰਸ ਸਰਕਾਰ ਵਲੋਂ ਸਿਹਤ ਸਹੂਲਤਾਂ ਸਬੰਧੀ ਸ਼ੁਰੂ ਕੀਤੇ ਗਏ, ਪਰ ਅਧੂਰੇ ਪਏ ਪ੍ਰਾਜੈਕਟਾਂ ਨੂੰ ਮੁਕੰਮਲ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮਿਲ ਸਕਣ।
ਸ਼੍ਰੀ ਸਿੱਧੂ ਨੇ ਇਕ ਪੱਤਰ ਰਾਹੀਂ ਪੰਜਾਬ ਦੇ ਮੁੰਖ ਮੰਤਰੀ ਦੇ ਧਿਆਨ ਵਿਚ ਲਿਆਂਦਾ ਹੈ ਕਿ ਸੈਕਟਰ 79 ਵਿੱਚ ਨਿਊਰੋਲੋਜੀ ਨਾਲ ਸਬੰਧਤ ਬੀਮਾਰੀਆਂ ਦੇ ਇਲਾਜ ਲਈ 12 ਕਰੋੜ ਰੁਪਏ ਦੀ ਲਾਗਤ ਵਾਲੇ ਸੈਂਟਰ ਦੀ ਉਸਾਰੀ ਸ਼ੁਰੂ ਕਰਵਾਈ ਗਈ ਸੀ, ਪਰ ਇਸ ਪ੍ਰਾਜੈਕਟ ਦਾ ਕੰਮ ਪਿਛਲੇ ਲੰਬੇ ਸਮੇਂ ਤੋ ਬੰਦ ਪਿਆ ਹੈ। ਉਹਨਾਂ ਕਿਹਾ ਕਿ ਇਸ ਬਹੁਤ ਹੀ ਲੋੜੀਂਦੇ ਪ੍ਰਾਜੈਕਟ ਨੂੰ ਪੂਰਾ ਕਰਨ ਵਾਸਤੇ ਕੋਈ ਯਤਨ ਹੁੰਦਾ ਦਿਸ ਨਹੀਂ ਰਿਹਾ ਅਤੇ ਲੋਕਾਂ ਨੂੰ ਇਹਨਾਂ ਬੀਮਾਰੀਆਂ ਦੇ ਇਲਾਜ ਲਈ ਪੀ.ਜੀ.ਆਈ. ਵਿਚ ਖਜਲ ਖੂਆਰ ਹੋਣਾ ਪੈ ਰਿਹਾ ਹੈ।
ਕਾਂਗਰਸੀ ਆਗੂ ਨੇ ਦਸਿਆ ਕਿ ਸੈਕਟਰ 79ਵਿੱਚ ਬਣ ਰਹੇ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਦੀ ਉਸਾਰੀ 105 ਲੱਖ ਰੁਪਏ ਪ੍ਰਵਾਨ ਹੋਏ ਸਨ, ਪਰ ਇਸ ਕੰਮ ਦੀ ਉਸਾਰੀ ਵੀ ਪਿਛਲੇ ਲੰਬੇ ਸਮੇਂ ਤੋ ਬੰਦ ਹੈ। ਉਨ੍ਹਾਂ ਕਿਹਾ ਕਿ ਸੈਕਟਰ 69 ਵਿੱਚ ਕਾਂਗਰਸ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਪ੍ਰਾਇਮਰੀ ਹੈਲਥ ਸੈਂਟਰ ਦੀ ਇਮਾਰਤ ਦੀ ਉਸਾਰੀ ਦਾ ਕੰਮ ਪੂਰਾ ਹੋ ਚੁਕਿਆ ਹੈ ਪ੍ਰੰਤੂ ਇਸ ਹੈਲਥ ਸੈਂਟਰ ਵਿਚ ਸਟਾਫ ਦੀ ਤੈਨਾਤੀ ਨਾ ਹੋਣ ਕਾਰਨ ਲੋਕਾਂ ਨੂੰ ਇਸ ਦਾ ਲਾਹਾ ਨਹੀਂ ਮਿਲ ਰਿਹਾ।
ਸ਼੍ਰੀ ਸਿੱਧੂ ਨੇ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਂਦਾ ਕਿ ਪਿੰਡ ਦਿਆਲਪੁਰ ਸੋਢੀਆਂ ਵਿਖੇ 50 ਬਿਸਤਰਾ ਆਯੁਰਵੈਦਿਕ ਹਸਪਤਾਲ ਦੀ ਉਸਾਰੀ ਲਈ 6.5 ਕਰੋੜ ਰੁਪਏ ਪ੍ਰਵਾਨ ਕੀਤੇ ਗਏ ਸਨ, ਪਰ ਇਸ ਦੀ ਉਸਾਰੀ ਲਈ ਕੋਈ ਉਪਰਾਲਾ ਨਹੀ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਇਹੋ ਹਾਲ ਸੈਕਟਰ 66 ਵਿੱਚ ਜਿਲਾ ਹਸਪਤਾਲ ਦੀ ਉਸਾਰੀ ਦਾ ਹੈ ਜਿਹੜਾ ਗਮਾਡਾ ਤੋਂ ਅਗਸਤ 2021 ਵਿੱਚ ਅਲਾਟ ਕਰਵਾਈ ਗਈ 8.72 ਏਕੜ ਜਮੀਨ ਉਤੇ ਬਣਾਏ ਜਾਣ ਵਾਲੇ ਇਸ ਹਸਪਤਾਲ ਦਾ ਨੀਂਹ ਪੱਥਰ ਉਸ ਵੇਲੇ ਮੁੱਖ ਮੰਤਰੀ ਪੰਜਾਬ ਵੱਲੋਂ ਮਿਤੀ 09.11.2021 ਨੂੰ ਰੱਖਿਆ ਗਿਆ ਸੀ। ਉਹਨਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਤਿੰਨ ਸਾਲ ਦਾ ਸਮਾਂ ਲੰਘਣ ਤੋ ਬਾਅਦ ਵੀ ਇਸ ਕੰਮ ਵਿਚ ਕੋਈ ਪ੍ਰਗਤੀ ਨਹੀ ਹੋਈ।
ਕਾਂਗਰਸੀ ਆਗੂ ਨੇ ਕਿਹਾ ਕਿ ਉਹਨਾਂ ਵਲੋਂ ਕੀਤੇ ਗਏ ਵਿਸ਼ੇਸ਼ ਯਤਨਾਂ ਸਦਕਾ ਪਿੰਡ ਸਨੇਟਾ ਵਿਖੇ ਪ੍ਰਾਇਮਰੀ ਹੈਲਥ ਸੈਂਟਰ ਮਨਜ਼ੂਰ ਕਰਵਾਕੇ ਇਸ ਦੀ ਇਮਾਰਤ ਦੀ ਉਸਾਰੀ ਸਬੰਧੀ ਸ਼ੁਰੂ ਕਰਵਾਈ ਗਈ ਸੀ ਜਿਸ ਨੂੰ ਮੁਕੰਮਲ ਹੋਇਆਂ ਤਕਰੀਬਨ ਇਕ ਸਾਲ ਦਾ ਸਮਾਂ ਹੋ ਚੁੱਕਿਆ ਹੈ, ਪਰ ਅਜੇ ਤੱਕ ਕਿਸੇ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ ਦੀ ਪੋਸਟਿੰਗ ਨਾ ਹੋਣ ਕਾਰਨ ਇਹ ਸਹੂਲਤ ਚਾਲੂ ਨਹੀਂ ਹੋ ਸਕੀ।
ਸ਼੍ਰੀ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਹਾ ਹੈ ਕਿ ਉਹ ਨਿੱਜੀ ਦਿਲਚਸਪੀ ਲੈ ਕੇ ਇਹਨਾ ਪ੍ਰਾਜੈਕਟਾਂ ਨੂੰ ਮੁਕੰਮਲ ਕਰਵਾਉਣ ਲਈ ਢੁਕਵੇਂ ਦਿਸ਼ਾ ਨਿਰਦੇਸ਼ ਜਾਰੀ ਕਰਨ ਤਾਂ ਕਿ ਮੋਹਾਲੀ ਹਲਕੇ ਦੇ ਲੋਕ ਇਹਨਾਂ ਸਹੂਲਤਾਂ ਦਾ ਭਰਪੂਰ ਲਾਭ ਲੈ ਸਕਣ ।