ਗੁਰਦੁਅਆਰਾ ਤਪੋਬਣ ਢੱਕੀ ਸਾਹਿਬ ਵਿਖੇ ਦਸਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਭਾਰਤ ਵਾਸੀਆਂ ਨੂੰ ਦਸਵੇਂ ਪਾਤਸ਼ਾਹ ਦੀਆਂ ਕੁਰਬਾਨੀਆਂ ਕਦੇ ਨਹੀਂ ਭੁੱਲਣੀਆਂ ਚਾਹੀਦੀਆਂ : ਸੰਤ ਢੱਕੀ ਵਾਲੇ
ਖੰਨਾ (ਰਵਿੰਦਰ ਸਿੰਘ ਢਿੱਲੋਂ)
ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿਖੇ ਸੰਤ ਬਾਬਾ ਦਰਸ਼ਨ ਸਿੰਘ ਖਾਲਸਾ ਜੀ ਦੀ ਦੇਖ ਰੇਖ ਹੇਠ ਸਰਬੰਸਦਾਨੀ ਅੰਮ੍ਰਿਤ ਦੇ ਦਾਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸਮੂਹ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਤੇ ਸਹਿਜ ਪਾਠਾਂ ਦੇ ਭੋਗ ਪਾਏ ਗਏ ਤੇ ਸੰਗਤਾਂ ਵੱਲੋਂ ਜਪਜੀ ਸਾਹਿਬ, ਸੁਖਮਨੀ ਸਾਹਿਬ, ਚੌਪਈ ਸਾਹਿਬ ਦੇ ਹਜਾਰਾਂ ਪਾਠ , ਗੁਰ ਮੰਤਰ ਤੇ ਮੂਲ ਮੰਤਰ ਦੇ ਕੀਤੇ ਗਏ ਲੱਖਾਂ ਜਾਪਾਂ ਦੀ ਅਰਦਾਸ ਕੀਤੀ ਗਈ। ਗੁਰਪੁਰਬ ਤੋਂ ਪਹਿਲੀ ਰਾਤ ਰੈਣ ਸਬਾਈ ਕੀਰਤਨ ਹੋਏ ਜਿਸ ਵਿੱਚ ਗੁਰੂਕੁਲ ਕੀਰਤਨ ਟਕਸਾਲ ਤਪੋਬਣ ਢੱਕੀ ਸਾਹਿਬ ਦੇ ਬੱਚੇ ਬੱਚੀਆਂ ਨੇ ਦਸਮ ਪਾਤਸ਼ਾਹ ਜੀ ਦੀ ਰਚਿਤ ਬਾਣੀ ਦਾ ਮਨੋਹਰ ਕੀਰਤਨ ਕੀਤਾ ਤੇ ਤਪੋਬਣ ਦੇ ਹਜੂਰੀ ਜੱਥੇ ਵੱਲੋਂ ਗੁਰਬਾਣੀ ਕੀਰਤਨ ਤੇ ਕਵਿਤਾਵਾਂ ਰਾਹੀਂ ਗੁਰੂ ਜਸ ਕੀਤਾ ਗਿਆ। ਸਮਾਗਮ ਵਿੱਚ ਉਚੇਚੇ ਤੌਰ ਤੇ ਪਹੁੰਚੇ ਸੂਫੀ ਸੰਤ ਗੁਲਾਮ ਹੈਦਰ ਕਾਦਰੀ ਜੀ ਨੇ ਦਸਮ ਪਾਤਸ਼ਾਹ ਜੀ ਦਾ ਹੱਥ ਲਿਖਤ ਜਫਰਨਾਮਾ ਤੇ ਪੀਰ ਬਾਬਾ ਬੁੱਧੂ ਸ਼ਾਹ ਜੀ ਦਾ ਕੁਰਬਾਨੀਆਂ ਭਰਿਆ ਇਤਿਹਾਸ ਸੁਣਾ ਕੇ ਸੰਗਤਾਂ ਦੇ ਮਨਾਂ ਵਿੱਚ ਗੁਰੂ ਪ੍ਰਤੀ ਸ਼ਰਧਾ ਨੂੰ ਵਧਾਉਣ ਦਾ ਯਤਨ ਕੀਤਾ । ਸੰਤ ਕਾਦਰੀ ਜੀ ਪੀਰ ਬਾਬਾ ਬੁੱਧੂ ਸ਼ਾਹ ਜੀ ਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਇਸਲਾਮ ਮੱਤ ਦੇ ਫਕੀਰ ਹੋਣ ਦੇ ਬਾਵਜੂਦ ਵੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸਮ ਪਾਤਸ਼ਾਹ ਜੀ ਦੀ ਰਚਿਤ ਬਾਣੀ ਜਫਰਨਾਮਾ ਸਾਹਿਬ ਦਾ ਬੜੀ ਬੇਬਾਕੀ ਨਾਲ ਤੇ ਚੜ੍ਹਦੀ ਕਲਾ ਵਿੱਚ ਪ੍ਰਚਾਰ ਕਰ ਰਹੇ ਹਨ ਇਸ ਕਰਕੇ ਸੰਤ ਬਾਬਾ ਦਰਸ਼ਨ ਸਿੰਘ ਜੀ ਅਤੇ ਸਮੂਹ ਸੰਗਤ ਵੱਲੋਂ ਸੰੰਤ ਕਾਦਰੀ ਜੀ ਨੂੰ ਪੀਰ ਬਾਬਾ ਬੁੱਧੂ ਸ਼ਾਹ ਜੀ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਅੰਮ੍ਰਿਤ ਵੇਲੇ ਭਾਈ ਭਾਰਤ ਸਿੰਘ ਹਜੂਰੀ ਰਾਗੀ ਜਵੱਦੀ ਟਕਸਾਲ ਵਾਲਿਆਂ ਵੱਲੋਂ ਪੁਰਾਤਨ ਤੰਤੀ ਸਾਜਾਂ ਨਾਲ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਦਰਸ਼ਨ ਸਿੰਘ ਜੀ ਨੇ ਕਥਾ ਕੀਰਤਨ ਰਾਂਹੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ ਕਰਦਿਆਂ ਕਿਹਾ ਕਿ ਕਲਗੀਧਰ ਦਸ਼ਮੇਸ਼ ਪਿਤਾ ਚੜ੍ਹਦੀ ਕਲਾ ਦੇ ਅਵਤਾਰ ਸਨ ਜਿੰਨਾ ਨੇ 42 ਸਾਲ ਦੀ ਆਰਜਾ ਤੱਕ ਉਹ ਕਾਰਜ ਕੀਤੇ ਜੋ ਕਿ ਅੱਜ ਤੱਕ ਕੋਈ ਪੀਰ ਪੈਗੰਬਰ ਨਹੀਂ ਕਰ ਸਕਿਆ। ਮਹਾਂਪੁਰਖਾਂ ਨੇ ਕਿਹਾ ਭਾਰਤ ਦੇਸ਼ ਦੇ ਲੋਕਾਂ ਨੂੰ ਦਸਮ ਪਾਤਸ਼ਾਹ ਦੀਆਂ ਕੁਰਬਾਨੀਆਂ ਨੂੰ ਕਦੇ ਭੁੱਲਣਾ ਨੀ ਚਾਹੀਦਾ ਜਿੰਨਾ ਨੇ ਹਿੰਦ ਦੀ ਖਾਤਰ ਆਪਣਾ ਸਰਬੰਸ ਵਾਰ ਦਿੱਤਾ। ਮਹਾਂਪੁਰਸ਼ਾਂ ਨੇ ਕਿਹਾ ਕਿ ਅਗਰ ਗੁਰੂ ਗੋਬਿੰਦ ਸਿੰਘ ਜੀ ਬੇਮਿਸਾਲ ਕੁਰਬਾਨੀਆਂ ਨਾ ਕਰਦੇ ਤਾਂ ਸਾਡੇ ਹਿੰਦ ਦੇਸ਼ ਦਾ ਨਕਸ਼ਾ ਕੁੱਝ ਹੋਰ ਹੀ ਹੋਣਾ ਸੀ। ਉਹਨਾ ਕਿਹਾ ਕਿ ਸਾਨੂੰ ਗੁਰੂ ਸਾਹਿਬ ਜੀ ਦੀਆਂ ਸਿਖਿਆਵਾਂ ਤੇ ਚੱਲਦੇ ਹੋਏ ਨਸ਼ਿਆਂ ਦਾ ਤਿਆਗ ਤੇ ਅੰਮ੍ਰਿਤ ਛਕ ਕੇ ਸੇਵਾ ਸਿਮਰਨ ਕਰਕੇ ਆਪਣਾ ਜਨਮ ਸਫਲਾ ਕਰਨਾ ਚਾਹੀਦਾ ਹੈ ਅਤੇ ਹਰ ਇੱਕ ਨੂੰ ਆਪੋ ਆਪਣੇ ਧਰਮ ਵਿਚ ਪ੍ਰਪੱਕ ਹੋਣਾ ਚਾਹੀਦਾ ਹੈ। ਇਸ ਮੌਕੇ ਮਹਾਂਪੁਰਸ਼ਾਂ ਵੱਲੋਂ ਕੀਰਤਨੀ ਜੱਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਸੰਗਤਾਂ ਵੱਲੋ ਤਪੋਬਣ ਦੇ ਮਨਮੋਹਕ ਵਾਤਾਵਰਣ ਵਿੱਚ ਦੀਪਮਾਲਾ ਕੀਤੀ ਗਈ। ਸਮਾਗਮ ਵਿਚ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਗੁਰੂ ਲੰਗਰ ਵਿੱਚ ਨਮਕੀਨ ਤੇ ਮਿਸ਼ਟਾਨ ਪਦਾਰਥ ਅਤੁੱਟ ਵਰਤੇ । ਸਟੇਜ ਸੰਚਾਲਨ ਦੀ ਸੇਵਾ ਭਾਈ ਗੁਰਦੀਪ ਸਿੰਘ ਤੇ ਜੀਤ ਸਿੰਘ ਮਕਸੂਦੜਾ ਨੇ ਨਿਭਾਈ।