ਸੁਖਮਿੰਦਰ ਭੰਗੂ
ਲੁਧਿਆਣਾ, 28 ਫਰਵਰੀ 2026
ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤ ਸੂਬੇ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ, ਜਦੋਂ ਸੀ.ਆਈ.ਏ. (CIA) ਸਟਾਫ਼ ਦੀ ਟੀਮ ਨੇ ਇਕ ਨਾਮੀ ਨਸ਼ਾ ਤਸਕਰ ਨੂੰ ਭਾਰੀ ਮਾਤਰਾ ਵਿੱਚ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ।
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ (IPS) ਦੀ ਅਗਵਾਈ ਹੇਠ ਅਤੇ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਵਿੱਚ ਇੰਸਪੈਕਟਰ ਅਵਤਾਰ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ਼ ਦੀ ਟੀਮ ਵੱਲੋਂ ਟਿੱਬਾ ਰੋਡ ਇਲਾਕੇ ਵਿੱਚ ਗਸ਼ਤ ਕੀਤੀ ਜਾ ਰਹੀ ਸੀ। ਗੋਪਾਲ ਨਗਰ ਚੌਕ ਨੇੜੇ ਸ਼ੱਕੀ ਹਾਲਤ ਵਿੱਚ ਘੁੰਮ ਰਹੇ ਨਰੇਸ਼ ਕੁਮਾਰ ਉਰਫ ਸਲੋਰੀ (43) ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਗਈ, ਤਾਂ ਉਸ ਕੋਲੋਂ ਮੌਕੇ 'ਤੇ 110 ਗ੍ਰਾਮ ਹੈਰੋਇਨ ਬਰਾਮਦ ਹੋਈ।ਨਰੇਸ਼ ਕੁਮਾਰ ਉਰਫ ਸਲੋਰੀ (ਵਾਸੀ ਜਨਕਪੁਰੀ/ਪੁਨੀਤ ਨਗਰ) ਤੇ FIR ਨੰਬਰ 44, ਥਾਣਾ ਟਿੱਬਾ (ਧਾਰਾ 21B/61/85 NDPS Act) ਅਧੀਨ ਮੁਕਦਮਾਂ ਦਰਜ ਕੀਤਾ ਗਿਆ।
ਤਫਤੀਸ਼ ਦੌਰਾਨ ਹੋਇਆ ਵੱਡਾ ਖੁਲਾਸਾ
ਗ੍ਰਿਫਤਾਰੀ ਤੋਂ ਬਾਅਦ ਜਦੋਂ ਪੁਲਿਸ ਨੇ ਦੋਸ਼ੀ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ, ਤਾਂ ਉਸ ਦੇ ਇੰਕਸ਼ਾਫ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ 405 ਗ੍ਰਾਮ ਹੋਰ ਹੈਰੋਇਨ ਬਰਾਮਦ ਕੀਤੀ। ਇਸ ਤਰ੍ਹਾਂ ਕੁੱਲ ਬਰਾਮਦਗੀ 515 ਗ੍ਰਾਮ (ਕਮਰਸ਼ੀਅਲ ਮਾਤਰਾ) ਤੱਕ ਪਹੁੰਚ ਗਈ ਹੈ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨਰੇਸ਼ ਕੁਮਾਰ ਉਰਫ ਸਲੋਰੀ ਇੱਕ ਪੇਸ਼ੇਵਰ ਅਪਰਾਧੀ ਹੈ। ਉਸ ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ NDPS ਐਕਟ ਤਹਿਤ 7 ਮੁਕੱਦਮੇ ਦਰਜ ਹਨ।
ਪੁਲਿਸ ਅਧਿਕਾਰੀਆਂ ਅਨੁਸਾਰ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁੱਛਗਿੱਛ ਦੌਰਾਨ ਨਸ਼ਾ ਸਪਲਾਈ ਦੀ ਪੂਰੀ ਚੇਨ (Backward and Forward Linkages) ਦਾ ਪਰਦਾਫਾਸ਼ ਕੀਤਾ ਜਾਵੇਗਾ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਨਸ਼ੇ ਦੀ ਇਹ ਖੇਪ ਕਿੱਥੋਂ ਆਈ ਸੀ ਅਤੇ ਅੱਗੇ ਕਿੱਥੇ ਵੇਚੀ ਜਾਣੀ ਸੀ।