ਕੈਨੇਡੀਅਨ PM ਮਾਰਕ ਕਾਰਨੀ ਦੀ ਭਾਰਤ ਫੇਰੀ 'ਚੋਂ ਪੰਜਾਬ ਦਰਕਿਨਾਰ, ਦੋਸ਼ੀ ਕੌਣ? ...ਮਨਿੰਦਰ ਗਿੱਲ ਦੀ ਕਲਮ ਤੋਂ
ਕੈਨੇਡੀਅਨ ਹਿਤਾਂ ਦੀ ਬਲੀ ਦੇਣ ਲਈ ਉਤਾਵਲੇ ਖਾਲਿਸਤਾਨੀ
ਮਨਿੰਦਰ ਸਿੰਘ ਗਿੱਲ
ਸਰੀ (ਕੈਨੇਡਾ)- ਕੈਨੇਡੀਅਨ PM ਮਾਰਕ ਕਾਰਨੀ ਨੇ ਆਪਣੀ ਭਾਰਤ ਫੇਰੀ ਦੀ ਘੋਸ਼ਣਾ ਕਰ ਦਿੱਤੀ ਹੈ। ਉਹ ਭਾਰਤ ਵਿੱਚ ਮੁੰਬਈ ਅਤੇ ਨਵੀਂ ਦਿੱਲੀ ਵਿਖੇ ਕਾਰੋਬਾਰੀਆਂ ਅਤੇ ਸਿਆਸੀ ਲੀਡਰਾਂ ਨਾਲ ਮੁਲਾਕਾਤ ਕਰਨਗੇ, ਜਿੱਥੇ ਕੈਨੇਡਾ ਅਤੇ ਭਾਰਤ ਦਰਮਿਆਨ ਵਪਾਰ ਨੂੰ ਉਤਸਾਹਿਤ ਕਰਨ ਅਤੇ ਊਰਜਾ ਸਮਝੌਤਿਆਂ ਉੱਪਰ ਗੱਲਬਾਤ ਕੀਤੀ ਜਾਵੇਗੀ। ਕੈਨੇਡਾ ਤੇ ਭਾਰਤ ਦਰਮਿਆਨ 2010 ਤੋਂ ਚੱਲ ਰਹੇ ਸੀਈਪੀਏ ਫਰੀ ਟਰੇਡ ਐਗਰੀਮੈਂਟ ਦੀ ਦੁਵੱਲੀ ਗੱਲਬਾਤ ਨੂੰ ਵੀ ਨੇੜੇ ਲਾਉਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਭਾਰਤ ਦੇ ਨਾਲ ਨਾਲ ਕਾਰਨੀ ਆਸਟਰੇਲੀਆ ਅਤੇ ਜਾਪਾਨ ਦਾ ਦੌਰਾ ਵੀ ਕਰ ਰਹੇ
ਕਾਰਨੀ ਦੀ ਇਹ ਭਾਰਤ ਫੇਰੀ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਪਿਛਲੇ ਕੁਝ ਸਾਲਾਂ ਦਰਮਿਆਨ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਬਦ ਤੋਂ ਬਦਤਰ ਹੋ ਗਏ ਸਨ, ਪਰ ਕਾਰਨੀ ਨੇ ਇਹਨਾਂ ਰਿਸ਼ਤਿਆਂ ਨੂੰ ਮੁੜ ਲੀਹ ਤੇ ਲਿਆਉਣ ਦਾ ਬੇੜਾ ਚੁੱਕਿਆ ਹੋਇਆ ਹੈ। ਉਹਨਾਂ ਨੇ ਚੋਣ ਪ੍ਰਚਾਰ ਦੌਰਾਨ ਹੀ ਇਹ ਗੱਲ ਸਪਸ਼ਟ ਕਰ ਦਿੱਤੀ ਸੀ ਕਿ ਉਹ ਭਾਰਤ ਦੇ ਨਾਲ ਇੱਕ ਮਜਬੂਤ ਰਿਸ਼ਤਾ ਚਾਹੁੰਦੇ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨੂੰ ਜੀ-7 ਸਿਖਰ ਸੰਮੇਲਨ ਜੋ ਕੈਨਾਸਕਸ (ਕੈਨੇਡਾ) ਵਿਖੇ ਹੋਇਆ ਸੀ ਉਸਦਾ ਸੱਦਾ ਪੱਤਰ ਭੇਜ ਕੇ ਕਾਰਨੀ ਨੇ ਇਹ ਦਰਸਾ ਦਿੱਤਾ ਸੀ ਕਿ ਉਹ ਖਾਲਿਸਤਾਨੀ ਧਿਰਾਂ ਅਤੇ ਉਹਨਾਂ ਦੇ ਸਹਿਯੋਗੀ ਮੀਡੀਆ ਦੇ ਦਬਾਅ ਵਿੱਚ ਆਉਣ ਵਾਲੇ ਨਹੀਂ ਤੇ ਉਹਨਾਂ ਦੇ ਅਮਲ ਸਿਰਫ ਕੈਨੇਡਾ ਅਤੇ ਕੈਨੇਡੀਅਨ ਲੋਕਾਂ ਦੇ ਹਿੱਤਾਂ ਨੂੰ ਅੱਗੇ ਰੱਖ ਕੇ ਹੀ ਅੱਗੇ ਵਧਣਗੇ।
ਇਸ ਫੇਰੀ ਦਾ ਇੱਕ ਹੋਰ ਅਹਿਮ ਪਹਿਲੂ ਹੈ ਕਿ ਬੀਤੇ ਵਿੱਚ ਕੋਈ ਵੀ ਕਨੇਡੀਅਨ ਪ੍ਰਧਾਨ ਮੰਤਰੀ ਜਦੋਂ ਵੀ ਭਾਰਤ ਜਾਂਦਾ ਹੈ ਤਾਂ ਇਸ ਫੇਰੀ ਵਿੱਚ ਪੰਜਾਬ ਵੀ ਇੱਕ ਪੜਾਅ ਹੁੰਦਾ ਹੈ, ਚਾਹੇ ਉਹ ਜੋਹਨ ਕ੍ਰਿਸਚਨ ਹੋਣ, ਸਟੀਫਨ ਹਾਰਪਰ ਜਾਂ ਜਸਟਿਨ ਟਰੂਡੋ। ਪਾਲ ਮਾਰਟਿਨ ਤੋਂ ਛੁੱਟ ਸਾਰੇ ਹੀ ਪ੍ਰਧਾਨ ਮੰਤਰੀ ਆਪਣੀ ਭਾਰਤ ਫੇਰੀ ਦੌਰਾਨ ਪੰਜਾਬ ਗਏ ਪਰ ਇਸ ਵਾਰ ਜੋ ਕਾਰਨੀ ਦੀ ਫੇਰੀ ਦੇ ਵੇਰਵੇ ਸਾਹਮਣੇ ਆਏ ਹਨ ਉਹਨਾਂ ਵਿੱਚ ਇਹ ਸਪਸ਼ਟ ਹੋ ਚੁੱਕਾ ਹੈ ਕਿ ਪ੍ਰਧਾਨ ਮੰਤਰੀ ਪੰਜਾਬ ਵਿਖੇ ਪੜਾਅ ਨਹੀਂ ਕਰਨਗੇ।
ਇਸ ਫੈਸਲੇ ਨੇ ਕੈਨੇਡਾ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਵਿੱਚ ਇੱਕ ਚਰਚਾ ਛੇੜ ਦਿੱਤੀ ਹੈ। ਜਦੋਂ ਇਸ ਬਾਰੇ ਪ੍ਰਧਾਨ ਮੰਤਰੀ ਦਫਤਰ ਦੇ ਸਟਾਫ ਨੂੰ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਮਾਰਕ ਕਾਰਨੀ ਦੀ ਫੇਰੀ ਇਕਨਾਮਿਕ ਅਤੇ ਰਾਜਨੀਤਿਕ ਮਸਲਿਆਂ ਨੂੰ ਅੱਗੇ ਰੱਖ ਕੇ ਉਲੀਕੀ ਗਈ ਹੈ ਅਤੇ ਸੱਭਿਆਚਾਰਕ ਮਸਲਿਆਂ ਵਿੱਚ ਤਾਂ ਉਹ ਅਕਸਰ ਕੈਨੇਡਾ ਵਿਖੇ ਵੀ ਸ਼ਿਰਕਤ ਕਰਦੇ ਰਹਿੰਦੇ ਹਨ। ਇਸ ਸਭ ਦੇ ਬਾਵਜੂਦ ਪੰਜਾਬੀ ਅਤੇ ਸਿੱਖ ਭਾਈਚਾਰੇ ਵਿੱਚ ਇਸ ਗੱਲ ਨੂੰ ਲੈ ਕੇ ਕੁਝ ਨਿਰਾਸ਼ਾ ਦਿਖਾਈ ਦੇ ਰਹੀ ਹੈ, ਪਰ ਅੱਜ ਜਦੋਂ ਪੰਜਾਬ ਅੰਤਰਰਾਸ਼ਟਰੀ ਆਗੂਆਂ ਦੇ ਏਜੰਡੇ ਤੋਂ ਅੱਖੋਂ ਪਰੋਖੇ ਹੋ ਰਿਹਾ ਹੈ ਤਾਂ ਅੱਜ ਸਿੱਖ ਭਾਈਚਾਰੇ ਨੂੰ ਅਤੇ ਪੰਜਾਬੀ ਭਾਈਚਾਰੇ ਨੂੰ ਸਿਰ ਜੋੜ ਕੇ ਇਸ ਦੇ ਉੱਪਰ ਮੰਥਨ ਕਰਨ ਦੀ ਲੋੜ ਹੈ ਕਿ ਪੰਜਾਬ ਦੇ ਹਾਸ਼ੀਏ ਤੇ ਜਾਣ ਦਾ ਕਾਰਨ ਕੌਣ ਲੋਕ ਜਾਂ ਕਿਹੜੀ ਧਿਰ ਹੈ।
ਪੰਜਾਬੀ ਭਾਈਚਾਰੇ ਨੇ ਪਿਛਲੇ 100 ਸਾਲਾਂ ਤੋਂ ਵੀ ਵੱਧ ਸਮੇਂ ਦੌਰਾਨ ਕੈਨੇਡਾ ਵਿੱਚ ਆਪਣੀ ਵਿਲੱਖਣ ਪਹਿਚਾਣ ਕਾਇਮ ਕੀਤੀ ਹੈ ਅਤੇ ਸਮਾਜ ਦੇ ਹਰ ਖੇਤਰ ਵਿੱਚ ਚੰਗਾ ਨਾਮਣਾ ਖੱਟਿਆ ਹੈ। ਪੰਜਾਬੀ ਭਾਈਚਾਰਾ ਰਾਜਨੀਤਕ ਤੌਰ 'ਤੇ ਵੀ ਕੈਨੇਡਾ ਵਿੱਚ ਬੜਾ ਸਮਰੱਥ ਹੈ, ਪਰ ਪਿਛਲੇ ਚਾਰ ਦਹਾਕਿਆਂ ਤੋਂ ਸੰਪਰਦਾਇਕ ਖਾਲਿਸਤਾਨੀ ਧਿਰਾਂ ਵੱਲੋਂ ਚਲਾਈ ਜਾ ਰਹੀ ਨਫਰਤ ਦੀ ਮੁਹਿੰਮ ਪੰਜਾਬ ਅਤੇ ਪੰਜਾਬੀਅਤ ਦੀ ਦੁਸ਼ਮਣ ਬਣ ਕੇ ਸਾਹਮਣੇ ਆਈ ਹੈ। ਜਿੰਨਾ ਨੁਕਸਾਨ ਇਨ੍ਹਾਂ ਵੰਡ ਪਾਊ ਤਾਕਤਾਂ ਨੇ ਪੰਜਾਬ, ਪੰਜਾਬੀਅਤ ਅਤੇ ਕੋਮਾਂਤਰੀ ਪੰਜਾਬੀ ਭਾਈਚਾਰੇ ਦਾ ਕੀਤਾ ਹੈ ਸ਼ਾਇਦ ਹੀ ਕਿਸੇ ਹੋਰ ਤਨਜੀਮ ਜਾਂ ਖਿਆਲ ਨੇ ਕੀਤਾ ਹੋਵੇ।
ਕਾਰਨੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪੰਜਾਬੀ ਮੂਲ ਦੇ ਕੁਝ ਮੈਂਬਰ ਆਫ ਪਾਰਲੀਮੈਂਟਸ ਜੋ ਖਾਲਿਸਤਾਨੀ ਧਿਰਾਂ ਦੇ ਸਮਰਥਕ ਹਨ ਜਾਂ ਉਹਨਾਂ ਤੋਂ ਵੋਟਾਂ ਹਾਸਲ ਕਰਨ ਦੇ ਚਾਹਵਾਨ ਹਨ, ਉਨ੍ਹਾਂ ਨੇ ਕਾਰਨੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ ਚਾਹੇ ਉਹ ਪ੍ਰਧਾਨ ਮੰਤਰੀ ਮੋਦੀ ਦੀ ਕੈਨੇਡਾ ਜੀ-7 ਤੇ ਫੇਰੀ ਸੀ, ਚਾਹੇ ਉਹ ਭਾਰਤ ਦੇ ਨਾਲ ਸਿਆਸੀ ਅਤੇ ਸੁਰੱਖਿਆ ਸੰਬੰਧ ਸੁਲਝਾਉਣ ਦੀ ਕੋਈ ਵੀ ਪਹਿਲ ਸੀ। ਗੱਲ ਕੀ ਇਨ੍ਹਾਂ ਲੋਕਾਂ ਨੇ ਹਰੇਕ ਕਦਮ ਉੱਤੇ ਕਨੇਡੀਅਨ ਪ੍ਰਧਾਨ ਮੰਤਰੀ ਅਤੇ ਕੈਨੇਡੀਅਨ ਸਰਕਾਰ ਨੂੰ ਘੇਰਨ ਅਤੇ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕੈਨੇਡੀਅਨ ਹਿਤਾਂ ਨੂੰ ਛਿੱਕੇ ਟੰਗਦੇ ਹੋਇਆ ਇੱਕ ਖਾਸ ਗਰੁੱਪ ਦੇ ਨਫਰਤੀ ਏਜੰਡੇ ਨੂੰ ਲਾਗੂ ਕਰਨ ਦੀ ਮੰਗ ਸਰਕਾਰਾਂ ਤੋਂ ਸਿੱਧੇ ਢੰਗ ਨਾਲ ਕੀਤੀ ਜਾਣ ਲੱਗੀ, ਜਿਸ ਨਾਲ ਸਾਰਾ ਪੰਜਾਬੀ ਭਾਈਚਾਰਾ ਸ਼ਰਮਸਾਰ ਹੋਇਆ ਅਤੇ ਸਰਕਾਰ ਦੀ ਨਿਗ੍ਹਾ ਵਿੱਚ ਪੰਜਾਬੀ ਭਾਈਚਾਰੇ ਦੇ ਨਾਲ ਜੁੜੇ ਮਸਲੇ ਵਿਵਾਦਿਤ ਹੋ ਗਏ। ਹੁਣ ਅਜਿਹੇ ਹਾਲਾਤ ਵਿੱਚ ਕਿਹੜੀ ਸਰਕਾਰ ਜਾਂ ਕਿਹੜਾ ਆਗੂ ਇਹ ਚਾਹੇਗਾ ਕਿ ਕੋਈ ਵਿਵਾਦ ਉਸ ਦੀ ਸਰਕਾਰ ਦੇ ਗਲ ਪੈ ਜਾਵੇ?
ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਉਹਨਾਂ ਦੇ ਮੰਤਰੀ ਮੰਡਲ ਦੇ ਮੈਂਬਰਾਂ ਨੂੰ ਵੀ ਇਨ੍ਹਾਂ ਖਾਲਿਸਤਾਨੀ ਇੰਤਹਾ ਪਸੰਦਾਂ ਨੇ ਵਾਰ-ਵਾਰ ਧਮਕਾਉਣ ਦੀ ਕੋਸ਼ਿਸ਼ ਕੀਤੀ ਸੀ, ਜਦੋਂ ਕੈਨੇਡਾ ਦੀ ਵਿਦੇਸ਼ ਮੰਤਰੀ ਬੀਬੀ ਅਨੀਤਾ ਆਨੰਦ ਦੀ ਤਸਵੀਰ ਨੂੰ ਇੰਦਰਾ ਗਾਂਧੀ ਦੀ ਤਸਵੀਰ ਨਾਲ ਜੋੜ ਕੇ ਉਹਨਾਂ ਦੇ ਖਿਲਾਫ ਹਿੰਸਾ ਦਰਸਾਈ ਗਈ ਸੀ। ਇਸੇ ਤਰਜ਼ ਤੇ ਜਦੋਂ ਫੈਡਰਲ ਇੰਟਰਨੈਸ਼ਨਲ ਟਰੇਡ ਮਨਿਸਟਰ ਮਨਿੰਦਰ ਸਿੱਧੂ ਭਾਰਤ ਨਾਲ ਟਰੇਡ ਡੀਲ ਕਰਨ ਲਈ ਗਏ ਤਾਂ ਓਂਟਾਰੀਓ ਸਿੱਖ ਕੌਂਸਲ ਨੇ ਸਿੱਧੂ ਦੇ ਸਮਾਜਿਕ ਬਾਈਕਾਟ ਕਰਨ ਤੱਕ ਦਾ ਸੱਦਾ ਦੇ ਦਿੱਤਾ ਸੀ। ਕੀ ਅਜਿਹੀਆਂ ਕਾਰਵਾਈਆਂ ਕਿਸੇ ਭਾਈਚਾਰੇ ਨੂੰ ਸੋਭਦੀਆਂ ਹਨ? ਕਿਉਂ ਚੰਦ ਖਾਲਿਸਤਾਨੀ ਗੁੰਡਿਆਂ ਨੂੰ ਸਿੱਖਾਂ ਤੇ ਪੰਜਾਬੀਆਂ ਦਾ ਅਖੌਤੀ ਨੁਮਾਇੰਦਾ ਥਾਪਣ ਦਾ ਕੰਮ ਕੈਨੇਡੀਅਨ ਮੀਡੀਆ ਕਰਦਾ ਆ ਰਿਹਾ ਹੈ ਅਤੇ ਕਿਸ ਤਰ੍ਹਾਂ ਉਹਨਾਂ ਦੇ ਨਾਪਾਕ ਕਾਰੇ ਸਾਰੇ ਪੰਜਾਬੀ ਭਾਈਚਾਰੇ ਦੇ ਮੱਥੇ ਮੜੇ ਜਾਂਦੇ ਹਨ ਇਹ ਵੀ ਇੱਕ ਸਮਝਣ ਤੇ ਵਿਚਾਰਨ ਦਾ ਵਿਸ਼ਾ ਨਹੀਂ ਹੈ?
ਖਾਲਿਸਤਾਨੀ ਵੱਖਵਾਦੀਆਂ ਅਤੇ ਇੰਤਹਾ ਪਸੰਦਾਂ ਦੇ ਕੀਤੇ ਕਾਰਨਾਮਿਆਂ ਦਾ ਮੁੱਲ ਅੱਜ ਸਾਰਾ ਪੰਜਾਬੀ ਭਾਈਚਾਰਾ ਚੁਕਾ ਰਿਹਾ ਹੈ। ਸਿੱਖ ਧਰਮ ਦੇ ਨੁਮਾਇੰਦੇ ਹੋਣ ਦੇ ਦਾਅਵੇ ਕਰਨ ਵਾਲੀਆਂ ਜਥੇਬੰਦੀਆਂ ਜੋ ਭਾਈਚਾਰੇ ਨੂੰ ਇਹ ਕਹਿੰਦੀਆਂ ਹਨ ਕਿ ਉਹ ਸਿੱਖਾਂ ਦੇ ਧਾਰਮਿਕ ਮਸਲਿਆਂ ਦੀ ਲੜਾਈ ਲੜਦੀਆਂ ਹਨ ਕਿਉਂ ਅੱਜ ਖਾਲਿਸਤਾਨੀ ਇੰਤਹਾ ਪਸੰਦੀ ਦੇ ਪ੍ਰਭਾਵ ਹੇਠਾਂ ਆ ਕੇ ਝੂਠ ਅਤੇ ਪ੍ਰਾਪੇਗੰਡਾ ਫੈਲਾਉਣ ਦਾ ਫਲੇਟਫਾਰਮ ਬਣ ਗਈਆਂ ਹਨ?
ਇਸ ਵਰਤਾਰੇ ਦੇ ਸਿਰ ਚੜ੍ਹਨ ਲਈ ਵੀ ਸਾਡਾ ਭਾਈਚਾਰਾ ਕਿਸੇ ਨਾ ਕਿਸੇ ਹੱਦ ਤੱਕ ਜਿੰਮੇਵਾਰ ਹੈ ਕਿਉਂਕਿ ਜਦੋਂ ਇਹ ਚੰਦ ਖਾਲਿਸਤਾਨੀ ਸਿੱਖ ਕੌਮ ਦੇ ਨੁਮਾਇੰਦੇ ਹੋਣ ਦਾ ਦਾਅਵਾ ਕਰਦੇ ਹਨ ਉਦੋਂ ਅਸੀਂ ਇਸਦਾ ਵਿਰੋਧ ਨਹੀਂ ਕਰਦੇ ਤੇ ਇਸੇ ਚੁੱਪ ਦਾ ਫਾਇਦਾ ਇਨ੍ਹਾਂ ਲੋਕਾਂ ਨੂੰ ਹੁੰਦਾ ਹੈ ਕਿ ਸਰਕਾਰਾਂ ਤੇ ਹੋਰ ਭਾਈਚਾਰੇ ਸਮਝਦੇ ਹਨ ਕਿ ਸ਼ਾਇਦ ਇਹ ਹੀ ਪੂਰੀ ਕੌਮ ਦੀ ਨੁਮਾਇੰਦਗੀ ਕਰਦੇ ਹਨ, ਜਦੋਂਕਿ ਅਸਲੀਅਤ ਇਹ ਹੈ ਕਿ ਖਾਲਿਸਤਾਨ ਕਦੇ ਵੀ ਸਿੱਖਾਂ ਦੀ ਮੰਗ ਨਹੀਂ ਰਿਹਾ ਇੱਥੋਂ ਤੱਕ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਵੀ ਕਦੇ ਇਹ ਮੰਗ ਨਹੀਂ ਸੀ ਰੱਖੀ, ਜੇ ਇਹ੍ਹ ਸਿੱਖ ਕੌਮ ਦੀ ਮੰਗ ਹੁੰਦੀ ਤਾਂ ਇਤਿਹਾਸ ਗਵਾਹ ਹੈ ਕਿ ਮਸਲਾ ਹੁਣ ਤੱਕ ਕਿਸੇ ਤਨ ਪੱਤਣ ਲੱਗ ਜਾਣਾ ਸੀ।
ਇਨ੍ਹਾਂ ਖਾਸ ਏਜੰਡੇ ਵਾਲੇ ਲੋਕਾਂ ਨੇ ਹੀ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਭੰਡੀ ਪ੍ਰਚਾਰ ਕਰਕੇ ਇਨ੍ਹਾਂ ਸੰਸਥਾਵਾਂ ਦਾ ਅਕਸ ਧੁੰਦਲਾ ਕਰ ਦਿੱਤਾ ਹੈ ਤੇ ਹੁਣ ਅੰਤਰਰਾਸ਼ਟਰੀ ਪੱਧਰ ਤੇ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਕੋਈ ਸੰਸਥਾ ਮੌਜੂਦ ਹੀ ਨਹੀਂ ਰਹਿ। ਸੋ ਮੁੱਕਦੀ ਗੱਲ ਕਿ ਇਹਨਾਂ ਨਾਮ-ਨਿਹਾਦ ਖਾਲਿਸਤਾਨੀ ਜਥੇਬੰਦੀਆਂ ਨੇ ਨਫਰਤ ਵਿੱਚ ਅੰਨੇ ਹੋ ਕੇ ਸਿੱਖਾਂ ਦੇ ਹਿੱਤਾਂ ਨੂੰ ਤਾਰ ਤਾਰ ਕਰ ਦਿੱਤਾ ਹੈ ਤੇ ਸਿੱਖਾਂ ਨੂੰ ਸਾਰੀ ਦੁਨੀਆ ਵਿੱਚ ਨਫਰਤ ਦੇ ਪਾਤਰ ਬਣਾ ਦਿੱਤਾ ਹੈ।
ਅੱਜ ਵੀ ਦੁਨੀਆਂ ਭਰ ਦੇ ਪੰਜਾਬੀ ਭਾਈਚਾਰੇ ਨੂੰ ਇਹਨਾਂ ਕੋਝੀਆਂ ਚਾਲਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਖਾਲਿਸਤਾਨੀ ਜਥੇਬੰਦੀਆਂ ਅਤੇ ਇਹਨਾਂ ਦਾ ਸਹਿਯੋਗੀ ਮੀਡੀਆ ਸਿੱਖਾਂ ਦੇ ਲਈ ਨਹੀਂ ਬਲਕਿ ਆਪਣੇ ਨਿੱਜੀ ਹਿੱਤਾਂ ਅਤੇ ਹੋਰ ਜੀਓ ਪੋਲੀਟੀਕਲ ਤਾਕਤਾਂ ਦੇ ਇਸ਼ਾਰੇ 'ਤੇ ਕੰਮ ਕਰਦੇ ਹਨ। ਸਾਨੂੰ ਲੋੜ ਹੈ ਆਪਣੇ ਪੰਜਾਬ ਦਾ ਬਿਆਨੀਆ ਆਪਣੇ ਹੱਥ ਲੈਣ ਦੀ ਅਤੇ ਦੁਨੀਆ ਵਿੱਚ ਇਹ ਪ੍ਰਚਾਰਨ ਦੀ ਕਿ ਖਾਲਿਸਤਾਨੀ ਜਥੇਬੰਦੀਆਂ ਸਿੱਖਾਂ ਅਤੇ ਪੰਜਾਬੀਆਂ ਦੀ ਨੁਮਾਇੰਦਗੀ ਨਹੀਂ ਕਰਦੀਆਂ, ਪੰਜਾਬੀ ਲੋਕ ਦੁਨੀਆਂ ਵਿੱਚ ਅਗਾਂਹ ਵਧਣਾ ਚਾਹੁੰਦੇ ਹਨ ਅਤੇ ਪੰਜਾਬ ਨੂੰ ਦੇਸ਼ ਅਤੇ ਦੁਨੀਆਂ ਵਿੱਚ ਤਰੱਕੀ ਦੀ ਮਿਸਾਲ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਹਨ। ਇਹ ਟੀਚਾ ਉਦੋਂ ਤੱਕ ਪੂਰਾ ਨਹੀਂ ਹੋ ਸਕਦਾ ਜਦੋਂ ਤੱਕ ਪੰਜਾਬ ਦੁਨੀਆਂ ਦੇ ਨਾਲ ਸਹਿਯੋਗ ਨਹੀਂ ਕਰਦਾ ਅਤੇ ਅਦਬ ਨਾਲ ਕਦਮ ਮਿਲਾ ਕੇ ਨਹੀਂ ਚੱਲਦਾ। ਪੰਜਾਬ ਨੂੰ ਫਿਰਕਾਪ੍ਰਸਤ ਅਤੇ ਵਿਵਾਦਤ ਬਣਾ ਕੇ ਅਲੱਗ ਥਲੱਗ ਕਰਨ ਦੀਆਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਬਰਦਾਸ਼ਤ ਤੋਂ ਬਾਹਰ ਹਨ
ਮਨਿੰਦਰ ਸਿੰਘ ਗਿੱਲ
ਮੈਨਜਿੰਗ ਡਾਇਰੈਕਟਰ,
'ਰੇਡੀਓ ਇੰਡੀਆ' ਸਰੀ (ਬੀਸੀ)

-
ਮਨਿੰਦਰ ਸਿੰਘ ਗਿੱਲ, ਲੇਖਕ
radioindia1110@gmail.com
...
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.