ਕੈਂਪ ਵਿੱਚ ਵੱਡੀ ਗਿਣਤੀ ਔਰਤਾਂ ਨੇ ਕਰਵਾਈ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੀ ਮੁਫ਼ਤ ਜਾਂਚ
ਅਸ਼ੋਕ ਵਰਮਾ
ਬਠਿੰਡਾ, 27 ਫਰਵਰੀ 2026 :ਸਿਵਲ ਹਸਪਤਾਲ ਦੇ ਗੈਰ ਸੰਚਾਰੀ ਬਿਮਾਰੀ (ਐਨ.ਸੀ.ਡੀ) ਵਿੰਗ ਵਿਖੇ ਲਗਾਏ ਗਏ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੇ ਕੈਂਪ ਵਿੱਚ ਦਰਜਨਾਂ ਮਹਿਲਾਵਾਂ ਨੇ ਆਪਣੀ ਜਾਂਚ ਕਰਵਾਈ ਇਸ ਦੌਰਾਨ ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਨੇ ਕੈਂਪ ਸਥਾਨ ਦਾ ਦੌਰਾ ਕੀਤਾ ਅਤੇ ਮੌਜੂਦ ਡਾਕਟਰਾਂ ਅਤੇ ਸਟਾਫ ਨੂੰ ਹਦਾਇਤ ਦਿੱਤੀ ਕਿ ਵੱਧ ਤੋਂ ਵੱਧ ਮਹਿਲਾਵਾਂ ਨੂੰ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੀ ਮੁਫ਼ਤ ਜਾਂਚ ਕੈਂਪ ਬਾਰੇ ਜਾਗਰੂਕ ਕੀਤਾ ਜਾਵੇ ਅਤੇ ਸਕਰੀਨਿੰਗ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇ । ਉਹਨਾਂ ਦੱਸਿਆ ਕਿ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੀ ਜਾਂਚ ਦਾ ਦੋ ਦਿਨਾਂ ਕੈਂਪ 28 ਫਰਵਰੀ ਨੂੰ ਵੀ ਇਸ ਸਥਾਨ ਤੇ ਹੀ ਲੱਗੇਗਾ ।
ਇਸ ਸਬੰਧੀ ਸਿਵਲ ਸਰਜਨ ਡਾ ਤਪਿੰਦਰਜੋਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਆਧੁਨਿਕ ਮਸ਼ੀਨਾਂ ਰਾਹੀ ਔਰਤਾਂ ਦੀ ਮੁਫ਼ਤ ਜਾਂਚ ਕੀਤੀ ਗਈ। ਕੈਂਪ ਦਾ ਮੁੱਖ ਉਦੇਸ਼ ਔਰਤਾਂ ਦੀ ਸਿਹਤ ਸੰਭਾਲ ਅਤੇ ਸਰਵਾਇਕਲ ਕੈਂਸਰ ਦੀ ਸਮੇਂ ਸਿਰ ਪਛਾਣ ਨੂੰ ਯਕੀਨੀ ਬਣਾਉਣਾ ਹੈ ।
ਡੀ.ਡੀ.ਐਚ.ਓ ਡਾ ਕਰਨ ਅਬਰੋਲ ਨੇ ਦੱਸਿਆ ਕਿ ਇਸ ਚੈਕਅਪ ਵਿੱਚ ਸਰਵਾਇਕਲ ਕੈਂਸਰ ਦੀ ਸ਼ੁਰੂਆਤੀ ਪੜਾਅ ਵਿੱਚ ਪਛਾਣ ਕਰਨ ਲਈ ਲੋੜੀਂਦੇ ਟੈਸਟ ਕੀਤੇ, ਤਾਂ ਜੋ ਸਮੇਂ ਸਿਰ ਇਲਾਜ ਸ਼ੁਰੂ ਕਰਕੇ ਇਸ ਬਿਮਾਰੀ ਤੋਂ ਬਚਾਅ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਰਵਾਇਕਲ ਕੈਂਸਰ ਔਰਤਾਂ ਵਿੱਚ ਪਾਈ ਜਾਣ ਵਾਲੀ ਇੱਕ ਗੰਭੀਰ ਬਿਮਾਰੀ ਹੈ, ਪਰ ਜੇਕਰ ਇਸਦੀ ਸਮੇਂ ਸਿਰ ਸਕ੍ਰੀਨਿੰਗ ਕਰਵਾਈ ਜਾਵੇ ਤਾਂ ਇਸ ਤੋਂ ਪੂਰੀ ਤਰ੍ਹਾਂ ਬਚਾਅ ਅਤੇ ਇਲਾਜ ਸੰਭਵ ਹੈ। ਇਸ ਲਈ 30 ਤੋਂ 65 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਖ਼ਾਸ ਤੌਰ ’ਤੇ ਇਸ ਕੈਂਪ ਦਾ ਲਾਭ ਲੈਣ ਦੀ ਅਪੀਲ ਕੀਤੀ ਗਈ ਹੈ।
ਕੈਂਸਰ ਦੇ ਮਾਹਿਰ ਡਾਕਟਰ ਵੰਦਨਾ ਮਿੱਢਾ ਨੇ ਅਪੀਲ ਕੀਤੀ ਕਿ ਇਸ ਮੁਫ਼ਤ ਚੈਕਅਪ ਕੈਂਪ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਆਪਣੀ ਸਿਹਤ ਦੀ ਜਾਂਚ ਜ਼ਰੂਰ ਕਰਵਾਉਣ ਅਤੇ ਹੋਰ ਔਰਤਾਂ ਨੂੰ ਵੀ ਇਸ ਸਬੰਧੀ ਜਾਗਰੂਕ ਕਰਨ। ਇਸ ਮੌਕੇ ਡਾ ਮੋਹਿਤ ਮਧੂਕਰ,ਡਿਪਟੀ ਮਾਸ ਮੀਡੀਆ ਅਫ਼ਸਰ ਰੋਹਿਤ ਜਿੰਦਲ,ਐਨ.ਸੀ.ਡੀ ਤੋਂ ਸੁਖਵਿੰਦਰ ਸਿੰਘ ਹਾਜਰ ਸਨ ।