Babushahi Special ਸ਼ਰਾਬ ਦਾ ਬਠਿੰਡਵੀ ਮੋਹ: ਦੋ ਘੁੱਟ ਪਿਆ ਦੇ ਸਾਕੀਆ ਬਾਕੀ ਮੇਰੇ ’ਤੇ ਡੋਲ੍ਹ ਦੇ
ਅਸ਼ੋਕ ਵਰਮਾ
ਬਠਿੰਡਾ , 26 ਫਰਵਰੀ 2026 : ਸਰਕਾਰੀ ਖਜਾਨਾ ਭਰਨ ਲਈ ਸਰਕਾਰਾਂ ਵੱਲੋਂ ਸ਼ਰਾਬ ਪੀਣ ਪਿਆਉਣ ਲਈ ਦਿੱਤੀ ਜਾਂਦੀ ਖੁੱਲ੍ਹੀ ਛੁੱਟੀ ਦਾ ਨਤੀਜਾ ਹੈ ਕਿ ਬਠਿੰਡਾ ਜਿਲ੍ਹੇ ’ਚ ਲੰਘੇ ਛੇ ਸਾਲਾਂ ਦੌਰਾਨ ਸ਼ਰਾਬ ਦੀ ਖਪਤ ਤੇਜੀ ਨਾਲ ਵਧੀ ਹੈ। ਆਬਕਾਰੀ ਵਿਭਾਗ ਦੇ ਅੰਕੜਿਆਂ ਦੀ ਨਜ਼ਰਸਾਨੀ ਕਰੀਏ ਤਾਂ ਸਮਾਜਿਕ ਪੱਖ ਤੋਂ ਚਿੰਤਾਜਨਕ ਵਰਤਾਰਾ ਸਾਹਮਣੇ ਆਉਂਦਾ ਹੈ। ਸਾਲ 2020-21 ਦੌਰਾਨ ਬਠਿੰਡਾ ਜਿਲ੍ਹੇ ’ਚ ਲੋਕ ਦੇਸੀ ਸ਼ਰਾਬ ਦੀਆਂ 1 ਕਰੋੜ 36 ਲੱਖ 28 ਹਜ਼ਾਰ 288 ਬੋਤਲਾਂ ਡਕਾਰ ਗਏ ਜੋ ਸਾਲ 2025-26 ’ਚ ਵਧਕੇ 3 ਕਰੋੜ ,12 ਲੱਖ 42 ਹਜ਼ਾਰ 760 ਬੋਤਲਾਂ ਦੇ ਰਿਕਾਰਡ ਅੰਕੜੇ ’ਤੇ ਪੁੱਜ ਗਈਆਂ। ਸਾਲ 2020-21 ’ਚ ਦੇਸੀ ਸ਼ਰਾਬ ਦੀਆਂ 89 ਲੱਖ 35 ਹਜ਼ਾਰ 526 ਬੋਤਲਾਂ ਵਿਕੀਆਂ ਸਨ ਜੋ 2021-22 ’ਚ ਵਧਕੇ 1 ਕਰੋੜ 6 ਲੱਖ 68 ਹਜ਼ਾਰ 701 ਬੋਤਲਾਂ ਹੋ ਗਈ ਅਤੇ 2022-23 ’ਚ ਇਹ ਖਪਤ 1 ਕਰੋੜ 9 ਲੱਖ 43 ਲੱਖ 282 ਬੋਤਲਾਂ ਰਹੀ।
ਸਾਲ 2023-24 ’ਚ ਖਪਤ ਦਾ ਇਹ ਅੰਕੜਾ 1 ਕਰੋੜ 24 ਲੱਖ 98 ਹਜ਼ਾਰ 171 ਬੋਤਲਾਂ, 2024 –25 ’ਚ 1 ਕਰੋੜ 28 ਲੱਖ 24 ਹਜ਼ਾਰ 905 ਬੋਤਲਾਂ ਅਤੇ 2025-26 ’ਚ 1 ਕਰੋੜ 32 ਲੱਖ 42 ਹਜ਼ਾਰ 760 ਬੋਤਲਾਂ ਵਿਕੀਆਂ ਹਨ। ਇਸੇ ਤਰਾਂ 2020-21 ’ਚ ਬਠਿੰਡਵੀਆਂ ਨੇ ਅੰਗਰੇਜੀ ਸ਼ਰਾਬ ਦੀਆਂ 17 ਲੱਖ 19 ਹਜ਼ਾਰ 485 ਬੋਤਲਾਂ ਨੂੰ ਡੀਕ ਲਾਈ ਜੋ 2021-22 ’ਚ ਵਧਕੇ 19 ਲੱਖ 37 ਹਜ਼ਾਰ 650 ਬੋਤਲਾਂ , 2022-23 ’ਚ 59 ਲੱਖ 93 ਹਜ਼ਾਰ 918 ਬੋਤਲਾਂ , 2023-24 ’ਚ 46 ਲੱਖ 16 ਹਜ਼ਾਰ 23 ਬੋਤਲਾਂ, 2024-25 ’ਚ 91 ਲੱਖ 67 ਹਜ਼ਾਰ 32 ਬੋਤਲਾਂ ਅਤੇ ਅਤੇ 2025-26 ’ਚ ਅੰਗਰੇਜੀ ਸ਼ਰਾਬ ਦੀਆਂ 1 ਕਰੋੜ ਬੋਤਲਾਂ ਪੀਤੀਆਂ ਗਈਆਂ। ਬਠਿੰਡਾ ਦੇ ਲੋਕਾਂ ਨੇ ਬੀਅਰ ਦੇ ਮਾਮਲੇ ’ਚ ਵੀ ਝੰਡੀ ਬਰਕਰਾਰ ਰੱਖੀ ਹੈ। ਪਿੰਡਾਂ ’ਚ ਪੀਣ ਵਾਲਾ ਸਾਫ ਸੁਥਰਾ ਪਾਣੀ ਮਿਲੇ ਜਾਂ ਨਾਂ ਮਿਲੇ ਬੀਅਰ ਆਮੋ ਆਮ ਮਿਲਦੀ ਹੈ ।
ਸਾਲ 2020-21 ’ਚ ਬਠਿੰਡਾ ਜਿਲ੍ਹੇ ’ਚ ਬੀਅਰ ਦੀਆਂ 29 ਲੱਖ 73 ਹਜ਼ਾਰ 277 ਬੋਤਲਾਂ ਵਿਕੀਆਂ ਜਦੋਂਕਿ 2021-22 ’ਚ ਇਹੋ ਖਪਤ 33 ਲੱਖ 39 ਹਜ਼ਾਰ 692 ਬੋਤਲਾਂ , 2022-23 ’ਚ 54 ਲੱਖ 49 ਹਜ਼ਾਰ 772 ਬੋਤਲਾਂ, 2023 –24 ’ਚ 51 ਲੱਖ 9 ਹਜ਼ਾਰ 199 ਬੋਤਲਾਂ, 2024-25 ’ਚ 70 ਲੱਖ 22 ਹਜ਼ਾਰ 925 ਬੋਤਲਾਂ ਅਤੇ 2025-26 ’ਚ ਕਰੀਬ 80 ਲੱਖ ਬੋਤਲਾਂ ਬੀਅਰ ਦੀਆਂ ਵਿਕੀਆਂ ਹਨ। ਇਸ ਹਿਸਾਬ ਨਾਲ ਇਸ ਅਰਸੇ ਦੌਰਾਨ ਤਕਰੀਬਨ 3 ਕਰੋੜ 12 ਲੱਖ 42 ਹਜ਼ਾਰ 760 ਬੋਤਲਾਂ ਪੀਤੀਆਂ ਗਈਆਂ ਹਨ। ਅੰਕੜਿਆਂ ਦੇ ਅਧਾਰ ਤੇ ਦੇਖਿਆ ਜਾਏ ਤਾਂ ਦੇਸੀ ਸ਼ਰਾਬ ਦੀ ਖਪਤ ’ਚ 129 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ ਜਦੋਂਕਿ ਲੋਕਾਂ ’ਚ ਵਿਦੇਸ਼ੀ ਸ਼ਰਾਬ ਦਾ ਜਲਵਾ ਇਸ ਕਦਰ ਹੈ ਜਿਸ ਦੀ ਦੀ ਖਪਤ ਲੰਘੇ 4 ਸਾਲਾਂ ਦਰਮਿਆਨ 1009 ਪ੍ਰਤੀਸ਼ਤ , ਅੰਗਰੇਜੀ ਸ਼ਰਾਬ ਦੀ 581 ਫੀਸਦੀ ਅਤੇ ਬੀਅਰ ਦੀ 269 ਫੀਸਦੀ ਖਪਤ ਵਧੀ ਹੈ।
ਪੁਰਾਣੇ ਠੇਕੇਦਾਰ ਟੀਚਾ ਨਵਾਂ
ਪੰਜਾਬ ਸਰਕਾਰ ਵੱਲੋਂ ਜਾਰੀ ਆਬਕਾਰੀ ਨੀਤੀ ਅਨੁਸਾਰ 2026-27 ਨੂੰ ਮਾਲੀਏ ਦਾ ਟੀਚਾ 503 ਕਰੋੜ ਰੁਪਏ ਤੈਅ ਕੀਤਾ ਗਿਆ ਹੈ। ੱਡੀ ਗੱਲ ਇਹ ਹੈ ਕਿ ਜਿੰਨ੍ਹਾਂ ਠੇਕੇਦਾਰਾਂ ਨੂੰ ਪਿਛਲੇ ਸਾਲ ਠੇਕੇ ਅਲਾਟ ਕੀਤੇ ਗਏ ਸਨ ਉਹੀ ਠੇਕੇਦਾਰ ਇਸ ਸਾਲ ਸ਼ਰਾਬ ਦੀ ਵਿੱਕਰੀ ਕਰਨਗੇ ਪਰ ਮਾਲੀਏ ’ਚ ਪਿਛਲੇ ਸਾਲ ਦੀ ਫੀਸ ਦੇ ਮੁਕਾਬਲੇ 6.5 ਫੀਸਦੀ ਫੀਸ ਵਧਾਈ ਗਈ ਹੈ।
ਸਰਕਾਰਾਂ ਦੀ ਤਰਜੀਹ ਸ਼ਰਾਬ
ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਸੇਵਾਮੁਕਤ ਪ੍ਰਿੰਸੀਪਲ ਬੱਗਾ ਸਿੰਘ ਦਾ ਕਹਿਣਾ ਸੀ ਕਿ ਸ਼ਰਾਬ ਦੀ ਲਗਾਤਾਰ ਵਧ ਰਹੀ ਖਪਤ ਤੋ ਤਾਂ ਇਹੋਂ ਜਾਪਦਾ ਹੈ ਕਿ ਮਾਲੀਏ ਖਾਤਰ ਸਰਕਾਰਾਂ ਦੀ ਤਰਜੀਹ ਲੋਕਾਂ ਨੂੰ ਸ਼ਰਾਬੀ ਬਨਾਉਣਾ ਬਣ ਗਈ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਦੀ ਵਿੱਕਰੀ ਨਾਲ ਆਮ ਆਦਮੀ ਦੇ ਮਸਲੇ ਹੱਲ ਨਹੀਂ ਹੁੰਦੇ ਬਲਕਿ ਲੜਾਈ ਝਗੜਿਆਂ ‘ਚ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਸਰਕਾਰ ਪੰਜਾਬ ਦੇ ਪਿੰਡਾਂ ਸ਼ਹਿਰਾਂ ’ਚ ਸਿਹਤ ਸੇਵਾਵਾਂ ਮੁਹੱਈਆ ਕਰਵਾਉਦੀ ,ਪੀਣ ਲਈ ਸਾਫ ਪਾਣੀ ਤੇ ਸਿੱਖਿਆ ਜਿਹੀਆਂ ਬੁਨਿਆਦੀ ਜਰੂਰਤਾਂ ਪੂਰੀਆਂ ਕਰਦੀ ਪਰ ਇਸ ਦੇ ਉਲਟ ਸ਼ਰਾਬ ਵਰਗਾ ਨਸ਼ਾ ਵਧਾਇਆ ਜਾ ਰਿਹਾ ਹੈ।
ਸ਼ਰਾਬ ਕਾਰਨ ਜੁਰਮਾਂ ’ਚ ਵਾਧਾ
ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਸਰਕਾਰਾਂ ਦੀ ਇਹ ਦੋਗਲੀ ਨੀਤੀ ਹੀ ਹੈ ਕਿ ਨਸ਼ਿਆਂ ਖਿਲਾਫ ਲੜਨ ਦੀਆਂ ਗੱਲਾਂ ਵੀ ਕੀਤੀਆਂ ਜਾ ਰਹੀਆਂ ਹਨ ’ਤੇ ਨਾਲੋ ਨਾਲ ਸ਼ਰਾਬ ਸਨਅਤਾਂ ਨੂੰ ਹੁਲਾਰਾ ਵੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਦੀ ਖਪਤ ਲਈ ਸਰਕਾਰ ਸੰਘਣੀ ਅਬਾਦੀ ਵਾਲੀਆਂ ਥਾਵਾਂ ਤੇ ਠੇਕੇ ਚਲਾਉਣ ਦੀ ਇਜਾਜਤ ਦਿੰਦੀ ਹੈ ਜਿਸ ਨਾਲ ਨੌਜਵਾਨਾਂ ‘ਚ ਸ਼ਰਾਬ ਪੀਣ ਦਾ ਰੁਝਾਨ ਅਤੇ ਜੁਰਮ ਦੋਵੇਂ ਵਧਦੇ ਹਨ ਜੋ ਸਮਾਜ ਲਈ ਚਿੰਤਾਜਨਕ ਹੈ।
ਸ਼ਰਾਬ ਕਾਰਨ ਹਾਦਸੇ : ਪਠਾਣੀਆ
ਰੈਡ ਕਰਾਸ ਦੇ ਫਸਟ ਏਡ ਟਰੇਨਰ ਨਰੇਸ਼ ਪਠਾਣੀਆ ਦਾ ਕਹਿਣਾ ਸੀ ਕਿ ਇੱਕ ਅਧਿਐਨ ਤੋਂ ਸਾਹਮਣੇ ਆਇਆ ਹੈ ਕਿ ਸ਼ਰਾਬ ਕਾਰਨ ਹੀ ਜਾਨਲੇਵਾ ਹਾਦਸੇ ਵਾਪਰਦੇ ਹਨ ਇਸ ਲਈ ਸ਼ਰਾਬ ਪੀਕੇ ਗੱਡੀਆਂ ਚਲਾਉਣਾ ਮੌਤ ਨੂੰ ਸੱਦਾ ਦੇਣਾ ਹੈ । ਉਨ੍ਹਾਂ ਕਿਹਾ ਕਿ ਇਸ ਕੰਮ ਲਈ ਆਪਣੀ ਮਾਨਸਿਕਤਾ ਬਦਲਨੀ ਹੋਵੇਗੀ ਜਿਸ ਦੀ ਸ਼ੁਰੂਆਤ ਖੁਦ ਤੋਂ ਹੀ ਕਰਨੀ ਪਵੇਗੀ।
Click to Follow Babushahi Facebook page →