ਪੀ.ਐਸ.ਆਈ.ਈ.ਸੀ. ਉਦਯੋਗਿਕ ਪਲਾਟਾਂ ਦੀ ਮੰਗ ਲਗਾਤਾਰ ਵਧ ਰਹੀ; ਈ-ਨਿਲਾਮੀ ਵਿੱਚ 72.50 ਕਰੋੜ ਦੀ ਮੂਲ ਕੀਮਤ ਦੇ ਮੁਕਾਬਲੇ 163.50 ਕਰੋੜ ਦੀਆਂ ਬੋਲੀਆਂ ਹਾਸਲ ਹੋਈਆਂ, ਪੰਜਾਬ ਭਰ ਵਿੱਚ 77 ਪਲਾਟ ਅਲਾਟ ਕੀਤੇ: ਸੰਜੀਵ ਅਰੋੜਾ
ਨਿਵੇਸ਼ਕਾਂ ਦਾ ਮਜ਼ਬੂਤ ਹੁੰਗਾਰਾ ਪੰਜਾਬ ਦੀਆਂ ਉਦਯੋਗਿਕ ਨੀਤੀਆਂ ਅਤੇ ਸ਼ਾਸਨ ਢਾਂਚੇ ਵਿੱਚ ਉਨ੍ਹਾਂ ਦੇ ਠੋਸ ਵਿਸ਼ਵਾਸ ਨੂੰ ਦਰਸਾਉਂਦਾ ਹੈ: ਸੰਜੀਵ ਅਰੋੜਾ
ਵਧ ਰਹੀ ਉਦਯੋਗਿਕ ਮੰਗ ਨੂੰ ਪੂਰਨ ਲਈ ਅਲਾਟਮੈਂਟ ਅਤੇ ਬੁਨਿਆਦੀ ਢਾਂਚਾ ਵਿਕਾਸ ਦੇ ਅਗਲੇ ਪੜਾਅ ਜਾਰੀ ਰਹਿਣਗੇ: ਸੰਜੀਵ ਅਰੋੜਾ
ਚੰਡੀਗੜ੍ਹ, 27 ਫਰਵਰੀ 2026:
ਪੰਜਾਬ ਦੇ ਉਦਯੋਗ, ਵਣਜ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਕਿਹਾ ਕਿ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੁਆਰਾ ਪੰਜਾਬ ਭਰ ਦੇ ਵੱਖ-ਵੱਖ ਉਦਯੋਗਿਕ ਫੋਕਲ ਪੁਆਇੰਟਾਂ ਵਿੱਚ ਉਦਯੋਗਿਕ ਪਲਾਟਾਂ ਦੀ ਅਲਾਟਮੈਂਟ ਵਾਸਤੇ ਰੱਖੀ ਗਈ ਈ-ਨਿਲਾਮੀ ਨੂੰ ਉੱਦਮੀਆਂ ਅਤੇ ਨਿਵੇਸ਼ਕਾਂ ਵੱਲੋਂ ਭਾਰੀ ਹੁੰਗਾਰਾ ਮਿਲਿਆ, ਜਿਸਨੂੰ ਉਨ੍ਹਾਂ ਨੇ ਭਗਵੰਤ ਮਾਨ ਸਰਕਾਰ ਦੀ ਉਦਯੋਗ-ਪੱਖੀ ਪਹੁੰਚ ਦਾ ਸਪੱਸ਼ਟ ਪ੍ਰਮਾਣ ਦੱਸਿਆ।
ਉਦਯੋਗ ਅਤੇ ਵਣਜ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਕਿਹਾ ਕਿ ਸਾਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਇਸ ਪ੍ਰਕਿਰਿਆ ਦੌਰਾਨ 77 ਪਲਾਟ ਸਫ਼ਲਤਾਪੂਰਵਕ ਅਲਾਟ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਲਾਟਾਂ ਦੀ ਲਗਭਗ 72.50 ਕਰੋੜ ਰੁਪਏ ਦੀ ਮੂਲ ਕੀਮਤ ਦੇ ਮੁਕਾਬਲੇ 163.50 ਕਰੋੜ ਰੁਪਏ ਦੀਆਂ ਅੰਤਿਮ ਬੋਲੀਆਂ ਪ੍ਰਾਪਤ ਹੋਈਆਂ, ਜੋ ਰਾਖਵੀਂ ਕੀਮਤ ਨਾਲੋਂ ਦੁੱਗਣੇ ਤੋਂ ਜ਼ਿਆਦਾ ਵਾਧੇ ਨੂੰ ਦਰਸਾਉਂਦਾ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਵੱਡਾ ਹੁੰਗਾਰਾ ਸਪੱਸ਼ਟ ਤੌਰ 'ਤੇ ਉਦਯੋਗਿਕ ਸੰਪਤੀ ਦੀ ਵਧ ਰਹੀ ਮੰਗ, ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਬਹਾਲ ਕਰਨ ਅਤੇ ਇੱਕ ਪਸੰਦੀਦਾ ਨਿਵੇਸ਼ ਸਥਾਨ ਵਜੋਂ ਪੰਜਾਬ ਦੀ ਸਥਿਤੀ ਨੂੰ ਦਰਸਾਉਂਦਾ ਹੈ। ਇਨ੍ਹਾਂ ਪਲਾਟਾਂ ਦੀ ਕੀਮਤ ਵਿੱਚ ਇਹ ਸ਼ਾਨਦਾਰ ਵਾਧਾ ਉਦਯੋਗਿਕ ਫੋਕਲ ਪੁਆਇੰਟਾਂ ਦੀ ਰਣਨੀਤਕ ਸਥਿਤੀ, ਤਿਆਰ-ਬਰ-ਤਿਆਰ ਬੁਨਿਆਦੀ ਢਾਂਚਾ ਅਤੇ ਇਨ੍ਹਾਂ ਦੀ ਵਿਸ਼ਾਲ ਵਿਕਾਸ ਸੰਭਾਵਨਾ ਨੂੰ ਉਜਾਗਰ ਕਰਦੀ ਹੈ।
ਕੈਬਨਿਟ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਅੱਗੇ ਕਿਹਾ ਕਿ ਇਸ ਤਰ੍ਹਾਂ ਦੇ ਸ਼ਾਨਦਾਰ ਨਤੀਜਿਆਂ ਨਾਲ ਈ-ਨਿਲਾਮੀ ਦਾ ਸਫ਼ਲਤਾਪੂਰਵਕ ਸੰਪੂਰਨ ਹੋਣਾ ਰਾਜ ਦੀਆਂ ਉਦਯੋਗਿਕ-ਪੱਖੀ ਨੀਤੀਆਂ ਅਤੇ ਸ਼ਾਸਨ ਢਾਂਚੇ ਵਿੱਚ ਨਿਵੇਸ਼ਕਾਂ ਦੇ ਮਜ਼ਬੂਤ ਵਿਸ਼ਵਾਸ ਨੂੰ ਦਰਸਾਉਂਦਾ ਹੈ। ਉਨ੍ਹ੍ ਕਿਹਾ ਕਿ ਇਸ ਈ-ਨਿਲਾਮੀ ਤੋਂ ਚੰਗਾ ਮਾਲੀਆ ਪੈਦਾ ਹੋਇਆ ਹੈ, ਜੋ ਬੁਨਿਆਦੀ ਢਾਂਚੇ ਅਤੇ ਉਦਯੋਗਿਕ ਵਿਕਾਸ ਨੂੰ ਹੋਰ ਮਜ਼ਬੂਤੀ ਦੇਵੇਗਾ। ਉਨ੍ਹਾਂ ਕਿਹਾ ਕਿ ਇਹ ਮਜ਼ਬੂਤ ਅਤੇ ਸਕਾਰਾਤਮਕ ਮਾਰਕੀਟ ਭਾਵਨਾ ਨੂੰ ਵੀ ਦਰਸਾਉਂਦਾ ਹੈ, ਜੋ ਰਾਜ ਵਿੱਚ ਤੇਜ਼ੀ ਨਾਲ ਹੋ ਰਹੇ ਉਦਯੋਗਿਕ ਅਤੇ ਆਰਥਿਕ ਵਿਕਾਸ ਦਾ ਪ੍ਰਤੱਖ ਪ੍ਰਮਾਣ ਹੈ।
ਪੰਜਾਬ ਦੇ ਉਦਯੋਗਿਕ ਵਿਕਾਸ ਪਿੱਛੇ ਵਿਆਪਕ ਦ੍ਰਿਸ਼ਟੀਕੋਣ ਦਾ ਹਵਾਲਾ ਦਿੰਦਿਆਂ ਕੈਬਨਿਟ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਕਿਹਾ ਕਿ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਅਗਵਾਈ ਹੇਠ ਨਿਵੇਸ਼ਕਾਂ ਨੇ ਸੂਬੇ ਦੀਆਂ ਪ੍ਰਗਤੀਸ਼ੀਲ ਉਦਯੋਗਿਕ ਨੀਤੀਆਂ 'ਚ ਮਜ਼ਬੂਤ ਵਿਸ਼ਵਾਸ ਦਿਖਾਇਆ ਹੈ।
ਉਨ੍ਹਾਂ ਦੁਹਰਾਇਆ ਕਿ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਅਲਾਟਮੈਂਟ ਪ੍ਰਕਿਰਿਆਵਾਂ ਵਿੱਚ ਪਾਰਦਰਸ਼ਤਾ, ਕਾਰੋਬਾਰ ਕਰਨ 'ਚ ਆਸਾਨੀ ਦੀ ਸੁਵਿਧਾ, ਨਵੇਂ ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਪੰਜਾਬ ਭਰ ਵਿੱਚ ਟਿਕਾਊ ਉਦਯੋਗਿਕ ਵਿਕਾਸ ਨੂੰ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ 'ਤੇ ਅਡੋਲ ਹੈ। ਉਨ੍ਹਾਂ ਅੱਗੇ ਕਿਹਾ ਉਦਯੋਗਿਕ ਖੇਤਰ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਲਈ ਅਲਾਟਮੈਂਟ ਅਤੇ ਵਿਕਾਸ ਪਹਿਲਕਦਮੀਆਂ ਦੇ ਅਗਲੇ ਪੜਾਅ ਜਾਰੀ ਰਹਿਣਗੇ।
Click to Follow Babushahi Facebook page →