ਖੇਤ ਮਜ਼ਦੂਰਾਂ ਵੱਲੋਂ ਜਿਉਂਦ ਪੁਲਿਸ ਤਸ਼ੱਦਦ ਖਿਲਾਫ ਬਠਿੰਡਾ ਧਰਨੇ ਵਿੱਚ ਸ਼ਾਮਿਲ ਹੋਣ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 28 ਫਰਵਰੀ 2026: ਪਿੰਡ ਜਿਉਂਦ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ( ਉਗਰਾਹਾਂ) ਦੇ ਇਕੱਠ ਉੱਤੇ 18 ਫਰਵਰੀ ਨੂੰ ਪੁਲਿਸ ਵੱਲੋਂ ਕੀਤੇ ਅੰਨ੍ਹੇ ਜਬਰ ਖਿਲਾਫ ਚਾਰ ਦਰਜਨ ਜਥੇਬੰਦੀਆਂ ਵੱਲੋਂ 6 ਮਾਰਚ ਨੂੰ ਡੀ ਸੀ ਦਫਤਰ ਬਠਿੰਡਾ ਅੱਗੇ ਇਕੱਠੇ ਹੋ ਕੇ ਸ਼ਹਿਰ 'ਚ ਸੂਬਾ ਪੱਧਰੇ ਰੋਸ ਮੁਜ਼ਾਹਰੇ ਵਿੱਚ ਖੇਤ ਮਜਦੂਰ ਪਰਿਵਾਰਾਂ ਸਮੇਤ ਸ਼ਾਮਲ ਹੋਣਗੇ l ਇਹ ਫੈਸਲਾ ਅੱਜ ਡਾ ਅੰਬੇਡਕਰ ਪਾਰਕ ਵਿੱਚ ਹੋਈ ਪੰਜਾਬ ਖੇਤ ਮਜਦੂਰ ਯੂਨੀਅਨ ਦੀ ਮੀਟਿੰਗ ਵਿੱਚ ਕੀਤਾ ਗਿਆ । ਮੀਟਿੰਗ ਦੀ ਪ੍ਰਧਾਨਗੀ ਸੇਵਕ ਸਿੰਘ ਮਹਿਮਾ ਸਰਜਾ ਸਿੰਘ ਨੇ ਕੀਤੀ l ਇਸ ਮੁਜ਼ਾਹਰੇ ਵਿੱਚ ਪਿੰਡ ਜਿਉਂਦ ਵਿਚ ਜਬਰ ਢਾਹੁਣ ਸਬੰਧੀ ਪੁਲਿਸ ਅਧਿਕਾਰੀਆਂ ਖਿਲਾਫ ਇਰਾਦਾ ਕਤਲ ਅਤੇ ਅਗਵਾ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਜਾਏਗੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਇਸ ਮਾਮਲੇ 'ਚ ਪੰਜਾਬ ਸਰਕਾਰ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਕਰਾਰ ਦਿੰਦਿਆਂ ਜਨਤਕ ਮੁਆਫ਼ੀ ਮੰਗਣ ਦੀ ਮੰਗਣ ਸਮੇਤ ਐਸ ਐਸ ਪੀ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਵੀ ਕੀਤੀ ।
ਉਨ੍ਹਾਂ ਪੁਲਿਸ ਵੱਲੋਂ ਪਿੰਡ ਜਿਉਂਦ ਦੀ ਸੱਥ 'ਚ ਸ਼ਾਂਤਮਈ ਇਕੱਠ ਨੂੰ ਘੇਰ ਕੇ ਅੱਥਰੂ ਗੈਸ ਦੇ ਗੋਲਿਆਂ, ਇੱਟਾਂ ਰੋੜਿਆਂ ਤੇ ਡਾਂਗਾਂ ਨਾਲ ਹਮਲਾ ਕਰਕੇ ਇੱਕ ਕਿਸਾਨ ਚਰਨਜੀਤ ਸਿੰਘ ਨੂੰ ਅਗਵਾ ਕਰਕੇ ਕਤਲ ਕਰਨ ਤੇ ਅਪਾਹਜ ਕਰਨ ਦੇ ਇਰਾਦੇ ਨਾਲ ਸਿਰ ਭੰਨਣ ਤੇ ਲੱਤ ਚਕਨਾਚੂਰ ਕਰਨ ਤੋਂ ਇਲਾਵਾ ਇੱਕ ਨੌਜਵਾਨ 'ਤੇ ਹਮਲਾ ਕਰਕੇ ਹੱਥ ਦੋਫਾੜ ਕਰਨ ਵਾਲੀ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਇਸਨੂੰ ਤਾਨਾਸ਼ਾਹੀ ਕਦਮ ਕਰਾਰ ਦਿੱਤਾ। ਮਜ਼ਦੂਰ ਆਗੂ ਨੇ ਦੋਸ਼ ਲਾਇਆ ਕਿ ਪੁਲਿਸ ਵੱਲੋਂ ਵਿਦੇਸ਼ੀ ਧਾੜਵੀਆਂ ਵਾਂਗ ਸਮੁੱਚੇ ਪਿੰਡ ਦੇ ਮਜ਼ਦੂਰਾਂ ਕਿਸਾਨਾਂ, ਔਰਤਾਂ, ਬੱਚਿਆਂ ਤੇ ਬਜ਼ੁਰਗਾਂ ਤੋਂ ਇਲਾਵਾ ਬੇਜ਼ੁਬਾਨ ਜਾਨਵਰਾਂ ਉੱਤੇ ਸਬਕ ਸਿਖਾਉਣ ਦੇ ਇਰਾਦੇ ਨਾਲ ਅੰਨ੍ਹਾ ਤਸ਼ੱਦਦ ਢਾਹਿਆ ਗਿਆ। ਉਨਾਂ ਸਰਕਾਰ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਸਮੁੱਚੀ ਕਿਸਾਨ ਤੇ ਲੋਕ ਲਹਿਰ 'ਤੇ ਕੀਤੇ ਹਮਲੇ ਨੂੰ ਲੋਕ ਹੁਣ ਬਰਦਾਸ਼ਤ ਨਹੀਂ ਕਰਨਗੇ ।
ਉਹਨਾਂ ਆਖਿਆ ਕਿ ਇਸ ਹਮਲੇ ਦਾ ਨਿਸ਼ਾਨਾ ਪਿੰਡ ਜਿਉਂਦ ਵਿਖੇ ਮੁਜਾਰੇ ਕਿਸਾਨਾਂ ਨੂੰ ਸੈਂਕੜੇ ਏਕੜ ਜ਼ਮੀਨ ਤੋਂ ਉਜਾੜ ਕੇ ਪੰਜਾਬ ਦੇ ਕਿਸਾਨਾਂ ਤੋਂ ਜ਼ਬਰੀ ਜ਼ਮੀਨਾਂ ਖੋਹਣ ਤੋਂ ਇਲਾਵਾ ਸਾਮਰਾਜੀ ਮੁਲਕਾਂ ਅਤੇ ਕਾਰਪੋਰੇਟ ਘਰਾਣਿਆਂ ਦੀ ਅੰਨੀ ਲੁੱਟ ਲਈ ਰਾਹ ਪੱਧਰਾ ਕਰਨਾ ਹੈ । ਉਨਾਂ ਦੋਸ਼ ਲਾਇਆ ਕਿ ਪੰਜਾਬ ਦੀ ਆਪ ਸਰਕਾਰ ਕਿਸਾਨਾਂ ਤੋਂ ਇਲਾਵਾ ਮਜ਼ਦੂਰਾਂ, ਮੁਲਾਜ਼ਮਾਂ , ਬੇਰੁਜ਼ਗਾਰਾਂ ਤੇ ਔਰਤਾਂ ਸਮੇਤ ਸਭਨਾਂ ਸੰਘਰਸ਼ਸ਼ੀਲ ਲੋਕਾਂ 'ਤੇ ਆਏ ਦਿਨ ਜਬਰ ਢਾਹ ਰਹੀ ਹੈ ਅਤੇ ਪੰਜਾਬ 'ਚ ਆਏ ਦਿਨ ਨੰਗੇ ਚਿੱਟੇ ਰੂਪ 'ਚ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਹਨ ਅਤੇ ਨੌਜਵਾਨਾਂ ਦੀਆਂ ਲੱਤਾਂ 'ਚ ਗੋਲੀਆਂ ਮਾਰਨ ਤੋਂ ਇਲਾਵਾ ਲੋਕਾਂ ਦੇ ਘਰਾਂ ਉੱਤੇ ਬਲਡੋਜਰ ਚਲਾਉਣ ਰਾਹੀਂ ਪੰਜਾਬ ਨੂੰ ਪੁਲਿਸ ਰਾਜ਼ ਵਿੱਚ ਬਦਲਿਆ ਜਾ ਰਿਹਾ ਹੈ ।
ਉਹਨਾਂ ਪੰਜਾਬ ਦੀਆਂ ਸਮੂਹ ਸੰਘਰਸ਼ਸ਼ੀਲ, ਇਨਸਾਫਪਸੰਦ ਤੇ ਜਨਤਕ ਜਮਹੂਰੀ ਜਥੇਬੰਦੀਆਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਉਹ ਪੁਲਿਸ ਜ਼ਬਰ ਖਿਲਾਫ 6 ਮਾਰਚ ਨੂੰ ਬਠਿੰਡਾ ਵਿਖੇ ਕੀਤੇ ਜਾ ਰਹੇ ਰੋਸ ਮੁਜ਼ਾਹਰੇ ਚ ਪਰਿਵਾਰਾਂ ਸਮੇਤ ਸ਼ਾਮਲ ਹੋਣ l ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਮਨਦੀਪ ਸਿੰਘ ਸਿਬੀਆਂ, ਤੀਰਥ ਸਿੰਘ ਕੋਠਾ ਗੁਰੂ, ਬਲਦੇਵ ਸਿੰਘ ਕੋਠਾ ਗੁਰੂ, ਸੁੱਖਾ ਸਿੰਘ ਕੋਠਾ ਗੁਰੂ, ਮੇਜਰ ਸਿੰਘ ਹਮੀਰਗੜ, ਗੁਰਮੀਤ ਸਿੰਘ ਕੋਟਗੁਰੂ, ਨਛੱਤਰ ਸਿੰਘ ਚੱਠੇਵਾਲਾ, ਮਾੜਾ ਸਿੰਘ ਕਿਲੀ ਨਿਹਾਲ ਸਿੰਘ ਵਾਲਾ, ਜਰਨੈਲ ਸਿੰਘ ਚਨਾਰਥਲ, ਦਰਸ਼ਨ ਸਿੰਘ ਆਕਲੀਆ, ਗੁਲਾਬ ਸਿੰਘ ਮਾਈਸਰਖਾਨਾ, ਹੰਸਾ ਸਿੰਘ ਕੋਠੇ ਨੱਥਾ ਸਿੰਘ ਵਾਲਾ ਆਦਿ ਆਗੂ ਹਾਜ਼ਰ ਸਨ l