ਆਰ.ਐਮ.ਪੀ.ਆਈ. ਬਠਿੰਡਾ ਵੱਲੋਂ ਰੋਸ ਮੁਜ਼ਾਹਰਾ ਕਰਕੇ 'ਮੰਨੂਵਾਦ ਭਜਾਓ ਬੇਗ਼ਮਪੁਰਾ ਵਸਾਓ' ਦਾ ਹੋਕਾ
ਅਸ਼ੋਕ ਵਰਮਾ
ਬਠਿੰਡਾ , 15 ਦਸੰਬਰ 2025: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਵਲੋਂ ਸੂਬੇ ਭਰ 'ਚ ਜਾਰੀ 'ਮਨੂੰਵਾਦ ਭਜਾਓ ਬੇਗ਼ਮਪੁਰਾ ਵਸਾਓ' ਮੁਹਿੰਮ ਦੀ ਕੜੀ ਵਜੋਂ ਪਾਰਟੀ ਦੀ ਬਠਿੰਡਾ-ਮਾਨਸਾ ਜਿਲ੍ਹਾ ਕਮੇਟੀ ਦੇ ਸੱਦੇ 'ਤੇ ਪੁੱਜੇ ਕਿਰਤੀ-ਕਿਸਾਨਾਂ ਅਤੇ ਔਰਤਾਂ ਵਲੋਂ ਅੱਜ ਬਠਿੰਡਾ ਸ਼ਹਿਰ ਦੀ ਜਿਲ੍ਹਾ ਪ੍ਰੀਸ਼ਦ ਦੀ ਇਮਾਰਤ ਤੋਂ ਲੈ ਕੇ ਪੁਰਾਣੇ ਬੱਸ ਅੱਡੇ ਤੱਕ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ।ਮੁਜ਼ਾਹਰੇ ਦੀ ਅਗਵਾਈ ਜਿਲ੍ਹਾ ਸਕੱਤਰ ਸਾਥੀ ਲਾਲ ਚੰਦ ਸਰਦੂਲਗੜ੍ਹ ਅਤੇ ਕੈਸ਼ੀਅਰ ਸਾਥੀ ਪ੍ਰਕਾਸ਼ ਸਿੰਘ ਨੰਦਗੜ੍ਹ ਨੇ ਕੀਤੀ। ਗੋਲੋ ਕੌਰ ਰੁਲਦੂ ਸਿੰਘ ਵਾਲਾ, ਮੱਖਣ ਸਿੰਘ ਪੂਹਲੀ, ਅਮਰੀਕ ਸਿੰਘ ਤੁੰਗਵਾਲੀ, ਨਛੱਤਰ ਸਿੰਘ ਤੇ ਮੇਹਰ ਸਿੰਘ ਗਿੱਦੜ, ਜਗਸੀਰ ਸਿੰਘ ਕੋਠੇ ਨਾਥੀਆਣਾ ਵੀ ਮੌਜੂਦ ਸਨ।
ਇਸ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.) ਦੇ ਤਾਨਾਸ਼ਾਹੀ ਤਰਜ਼ ਦੇ ਧਰਮ ਅਧਾਰਤ ਹਿੰਦੂਤਵੀ-ਮਨੂੰਵਾਦੀ ਰਾਸ਼ਟਰ ਕਾਇਮ ਕਰਨ ਦੇ ਦੇਸ਼ ਵਿਰੋਧੀ ਏਜੰਡੇ ਨੂੰ ਭਾਂਜ ਦੇਣ ਦਾ ਸੱਦਾ ਦਿੱਤਾ ਹੈ।ਉਨ੍ਹਾਂ ਕਿਹਾ ਕਿ ਆਪਣਾ ਕੋਝਾ ਨਿਸ਼ਾਨਾ ਪੂਰਾ ਕਰਨ ਲਈ ਆਰ.ਐਸ.ਐਸ. ਦੇ ਖਰੂਦੀ ਟੋਲੇ ਦੇਸ਼ ਭਰ 'ਚ ਮੁਸਲਮਾਨ ਤੇ ਈਸਾਈ ਵਸੋਂ ਦਾ ਘਾਣ ਕਰ ਰਹੇ ਹਨ ਅਤੇ ਦਲਿਤਾਂ, ਔਰਤਾਂ 'ਤੇ ਬਿਆਨੋਂ ਬਾਹਰੇ ਜ਼ੁਲਮ ਢਾਹ ਰਹੇ ਹਨ। ਆਗੂਆਂ ਨੇ ਮਨੁੱਖੀ ਅਧਿਕਾਰਾਂ ਤੇ ਸ਼ਹਿਰੀ ਆਜ਼ਾਦੀਆਂ ਦੀ ਗਾਰੰਟੀ ਕਰਦੇ ਭਾਰਤ ਦੇ ਮੌਜੂਦਾ ਸੰਵਿਧਾਨ ਅਤੇ ਦੇਸ਼ ਦੇ ਜਮਹੂਰੀ, ਧਰਮ ਨਿਰਪੱਖ ਫੈਡਰਲ ਢਾਂਚੇ ਦੇ ਖਾਤਮੇ ਦੀਆਂ ਆਰ.ਐਸ.ਐਸ.-ਭਾਜਪਾ ਤੇ ਮੋਦੀ ਸਰਕਾਰ ਦੀਆਂ ਸਾਜ਼ਿਸ਼ਾਂ ਦਾ ਮੂੰਹ ਤੋੜ ਜਵਾਬ ਦੇਣ ਦੀ ਅਪੀਲ ਕੀਤੀ ਹੈ।