ਬੰਦੇ ਮਾਤਰਮ ਬਨਾਮ ਜਨ ਗਣ ਮਨ- ਗੁਰਮੀਤ ਸਿੰਘ ਪਲਾਹੀ
ਇਸ ਸਮੇਂ ਚੱਲ ਰਹੀ ਭਾਰਤ ਦੀ ਸੰਸਦ ਵਿੱਚ ਗ਼ਰੀਬੀ, ਸਿੱਖਿਆ, ਸਿਹਤ ਸੇਵਾਵਾਂ, ਬੁਨਿਆਦੀ ਢਾਂਚਾ, ਚੀਜ਼ਾਂ ਅਤੇ ਸੇਵਾਵਾਂ ਦੇਸ਼ ’ਚ ਕਿੰਨੀਆਂ ਉਪਲਬਧ ਹਨ ਅਤੇ ਕਿੰਨਿਆਂ ਨੂੰ ਮਿਲ਼ ਰਹੀਆਂ ਹਨ, ਦੇਸ਼ ਦੀ ਵਿੱਤੀ ਹਾਲਤ ਕਿਹੋ-ਜਿਹੀ ਹੈ, ਦੇਸ਼ ਨੂੰ ਕਿੰਨਾ ਵਪਾਰਕ ਘਾਟਾ ਪੈ ਰਿਹਾ ਹੈ, ਜਲਵਾਯੂ ਬਦਲੀ ਦਾ ਕਿੰਨਾ ਕੁ ਅਸਰ ਪੈ ਰਿਹਾ ਹੈ-ਇਨ੍ਹਾਂ ਸਾਰੇ ਮੁੱਦਿਆਂ ’ਤੇ ਚਰਚਾ ਕਰਨ ਦੀ ਥਾਂ “ਬੰਦੇ ਮਾਤਰਮ ਬਨਾਮ ਜਨ ਗਣ ਮਨ” ਬਾਰੇ ਚਰਚਾ ਹੋ ਰਹੀ ਹੈ।
ਚਰਚਾ ਇਸ ਗੱਲ ਦੀ ਨਹੀਂ ਹੋ ਰਹੀ ਕਿ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਈਆ ਕਮਜ਼ੋਰ ਕਿਉਂ ਹੋ ਰਿਹਾ ਹੈ ਅਤੇ ਇਸ ਦੀ ਕੀਮਤ ਲਗਾਤਾਰ ਕਿਉਂ ਘੱਟ ਰਹੀ ਹੈ। ਇਹ ਵੀ ਨਹੀਂ ਦੱਸਿਆ ਜਾ ਰਿਹਾ ਕਿ 2014 ਵਿੱਚ ਡਾਲਰ ਦੀ ਕੀਮਤ 58.5 ਰੁਪਏ ਸੀ ਤੇ ਹੁਣ 90 ਰੁਪਏ ਪਾਰ ਕਰ ਗਈ ਹੈ। ਮਨਮੋਹਣ ਸਿੰਘ ਦੇ ਕਾਰਜਕਾਲ ਵਿੱਚ ਇਹ 29 ਫ਼ੀਸਦੀ ਸੀ। ਸਤੰਬਰ 2023 ਵਿੱਚ ਡਾਲਰ 83.51 ਰੁਪਏ ਸੀ, ਜਦਕਿ ਸਤੰਬਰ 2024 ’ਚ 88.74 ਰੁਪਏ ਹੋ ਗਿਆ।
ਨਹਿਰੂ ਕਾਲ ਵਿੱਚ, ਅਜ਼ਾਦੀ ਦੇ ਸਮੇਂ, ਡਾਲਰ ਦੀ ਕੀਮਤ 3.5 ਰੁਪਏ ਸੀ ਅਤੇ 1949 ਵਿੱਚ 4.76 ਰੁਪਏ ਤੱਕ ਡਿੱਗੀ ਸੀ। ਇਹ ਕੀਮਤ ਕਈ ਦੇਸ਼ਾਂ ਦੇ ਮੁਕਾਬਲੇ ਬਿਹਤਰ ਮੰਨੀ ਜਾਂਦੀ ਸੀ। ਨਹਿਰੂ ਕਾਲ ਦੇ ਸਮੇਂ ਦੀਆਂ ਚੰਗੀਆਂ ਗੱਲਾਂ ਨੂੰ ਦਰਕਿਨਾਰ ਕਰਕੇ ਮੋਦੀ ਸਰਕਾਰ ਉਹਨਾਂ ਦੀਆਂ ਊਣਤਾਈਆਂ ਦੇ ਪਿੱਛੇ ਪੈ ਕੇ ਘੁਣਤਰਾਂ ਕਰ ਰਹੀ ਹੈ। ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਕੀ ਇਹ ਚੰਗੀ ਗੱਲ ਹੈ?
ਸੰਸਦ ਵਿੱਚ ਵਧਦੀ ਨਾ-ਬਰਾਬਰੀ ਦੀ ਗੱਲ ਕਿਉਂ ਨਹੀਂ ਹੁੰਦੀ? ਜਨਸੰਖਿਆ ਦੇ ਵਾਧੇ ਬਾਰੇ ਚਰਚਾ ਕਿਉਂ ਨਹੀਂ ਹੈ? ਦੇਸ਼ ਦੇ ਮਹਾਂਸਾਗਰਾਂ ਦੀਆਂ ਚੁਣੌਤੀਆਂ ਚਰਚਾ ਦਾ ਵਿਸ਼ਾ ਕਿਉਂ ਨਹੀਂ ਹਨ? ਬਣਾਵਟੀ ਬੁੱਧੀਮਤਾ, ਮਸ਼ੀਨੀ ਲਰਨਿੰਗ ਬਾਰੇ ਚੁੱਪੀ ਕਿਉਂ ਹੈ ਮਹਾਨ ਸੰਸਦ ਵਿੱਚ? ਧਰਮ-ਨਿਰਪੱਖ ਕਦਰਾਂ-ਕੀਮਤਾਂ ’ਚ ਵਾਧੇ ਦੀ ਥਾਂ ਧਾਰਮਿਕ ਪਾੜ ਪਾਉਣ ਦਾ ਬੀੜਾ ਆਖ਼ਰ ਦੇਸ਼ ਦੀ ਸੰਸਦ 'ਚ ਮੌਜੂਦ ਸਰਕਾਰ ਚੁੱਕ ਕੇ ਦੇਸ਼ ਨੂੰ ਕਿਸ ਪਾਸੇ ਲਿਜਾ ਰਹੀ ਹੈ?ਕਿਉਂ ਉਹ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੀ ਹੈ ਅਤੇ ਦੇਸ਼ ਦਾ ਮੁਖੀ-ਚੌਧਰੀ ਮਾਣ ਮਹਿਸੂਸ ਕਰ ਰਿਹਾ ਹੈ।
ਭਾਜਪਾ ਅਤੇ ਸਰਕਾਰ ਨੇ ਕਾਂਗਰਸ ਉੱਤੇ ਰਾਸ਼ਟਰੀ ਗੀਤ “ਬੰਦੇ ਮਾਤਰਮ” ਨੂੰ ਪਿੱਛੇ ਸੁੱਟਣ ਦਾ ਦੋਸ਼ ਲਾਇਆ ਅਤੇ ਸੰਸਦ ਦੇ ਦੋਹਾਂ ਘਰਾਂ-ਲੋਕ ਸਭਾ ਤੇ ਰਾਜ ਸਭਾ-ਵਿੱਚ ਬਹਿਸ ਦੀ ਚੁਣੌਤੀ ਦਿੱਤੀ।
ਦੋਹਾਂ ਧਿਰਾਂ ਨੇ ਇਤਿਹਾਸ ਵਰਣਨ ਕੀਤਾ। ਪ੍ਰਧਾਨ ਮੰਤਰੀ ਦੇ ਸ਼ਬਦ ਵੇਖੋ—“ਬੰਦੇ ਮਾਤਰਮ” ਦੀ ਰਚਨਾ ਉਸ ਸਮੇਂ ਹੋਈ ਜਦੋਂ 1857 ਦੇ ਅਜ਼ਾਦੀ ਸੰਗਰਾਮ ਦੇ ਬਾਅਦ ਅੰਗਰੇਜ਼ ਸਾਮਰਾਜ ਡਾਵਾਂਡੋਲ ਸੀ। ਉਸ ਨੇ ਭਾਰਤ ਉੱਤੇ ਵੱਖ-ਵੱਖ ਦਬਾਅ ਪਾਏ, ਬੇਇਨਸਾਫ਼ੀਆਂ ਕੀਤੀਆਂ। ਤਦ “ਬੰਦੇ ਮਾਤਰਮ” ਨੇ ਚੁਣੌਤੀ ਦਿੱਤੀ ਅਤੇ ਪੂਰੀ ਤਾਕਤ ਨਾਲ ਜਵਾਬ ਦਿੱਤਾ। ਇਸੇ ਲਲਕਾਰ ਨੇ “ਬੰਦੇ ਮਾਤਰਮ” ਨੂੰ ਜਨਮ ਦਿੱਤਾ।
ਇੱਕ ਹੋਰ ਬਿਆਨ ਧਿਆਨਯੋਗ ਹੈ ......ਮੁਹੰਮਦ ਅਲੀ ਜਿਨਾਹ ਨੇ 15 ਅਕਤੂਬਰ 1937 ਨੂੰ ਲਖਨਊ ਤੋਂ “ਬੰਦੇ ਮਾਤਰਮ” ਦੇ ਵਿਰੁੱਧ ਨਾਅਰਾ ਲਾਇਆ। ਮੁਸਲਿਮ ਲੀਗ ਦੇ ਨਿਰ-ਅਧਾਰ ਬਿਆਨਾਂ ਦਾ ਖੰਡਨ ਕਰਨ ਅਤੇ ਉਸ ਦੀ ਨਿੰਦਾ ਕਰਨ ਦੀ ਥਾਂ, ਉਸ ਸਮੇਂ ਦੇ ਪ੍ਰਧਾਨ ਜਵਾਹਰ ਲਾਲ ਨਹਿਰੂ ਨੇ “ਬੰਦੇ ਮਾਤਰਮ” ਪ੍ਰਤੀ ਆਪਣੀ ਕਾਂਗਰਸ ਪਾਰਟੀ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਨਹੀਂ ਕੀਤੀ ਅਤੇ ਆਪ “ਬੰਦੇ ਮਾਤਰਮ” ’ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ। ਜਿਨਾਹ ਦੇ ਵਿਰੋਧ ਦੇ ਠੀਕ ਪੰਜ ਦਿਨ ਬਾਅਦ, 20 ਅਕਤੂਬਰ 1937 ਨੂੰ, ਨਹਿਰੂ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਇੱਕ ਖ਼ਤ ਲਿਖ ਕੇ ਜਿਨਾਹ ਦੀ ਭਾਵਨਾ ਨਾਲ ਸਹਿਮਤੀ ਦਿੱਤੀ। ਨਹਿਰੂ ਨੇ ਕਿਹਾ, “ਮੈਂ ‘ਬੰਦੇ ਮਾਤਰਮ’ ਦੀ ਪਿੱਠਭੂਮੀ ਪੜ੍ਹੀ ਹੈ। ਮੈਨੂੰ ਲੱਗਦਾ ਹੈ ਕਿ ਇਹ ਪਿੱਠਭੂਮੀ ਮੁਸਲਮਾਨਾਂ ਨੂੰ ਭੜਕਾ ਸਕਦੀ ਹੈ।”
"ਬਦਕਿਸਮਤੀ ਨਾਲ, 26 ਅਕਤੂਬਰ 1937 ਨੂੰ ਕਾਂਗਰਸ ਨੇ “ਬੰਦੇ ਮਾਤਰਮ” ਉੱਤੇ ਸਮਝੌਤਾ ਕਰ ਲਿਆ ਅਤੇ ਇਸ ਨੂੰ ਟੁਕੜਿਆਂ ’ਚ ਵੰਡ ਦਿੱਤਾ। ਇਤਿਹਾਸ ਗਵਾਹ ਹੈ ਕਿ ਭਾਰਤੀ ਰਾਸ਼ਟਰੀ ਕਾਂਗਰਸ ਨੇ ਮੁਸਲਿਮ ਲੀਗ ਦੇ ਅੱਗੇ ਗੋਡੇ ਟੇਕ ਦਿੱਤੇ ਅਤੇ ਉਸ ਦੇ ਦਬਾਅ ਹੇਠ ਤੁਸ਼ਟੀਕਰਨ ਦੀ ਰਾਜਨੀਤੀ ਅਪਣਾ ਲਈ। ਕਾਂਗਰਸ ਹੁਣ ਮੁਸਲਿਮ ਲੀਗ ਮਾਓਵਾਦੀ ਕਾਂਗਰਸ ਬਣ ਚੁੱਕੀ ਹੈ।"
ਨਰੇਂਦਰ ਮੋਦੀ ਦੇ ਜੋੜੀਦਾਰ ਅਮਿਤ ਸ਼ਾਹ ਦਾ ਬਿਆਨ ਧਿਆਨ ਮੰਗਦਾ ਹੈ, ਜਿਸ ਨੇ ਕਿਹਾ ਕਿ ਰਾਸ਼ਟਰੀ ਗੀਤ ਨੂੰ ਵੰਡਣ ਨਾਲ ਤੁਸ਼ਟੀਕਰਨ ਦੀ ਨੀਤੀ ਨੂੰ ਬੜਾਵਾ ਮਿਲਿਆ, ਜਿਸ ਦੇ ਕਾਰਨ ਦੇਸ਼ ਦੀ ਵੰਡ ਹੋਈ। ਅਸਲ ਵਿੱਚ ਮੋਦੀ-ਸ਼ਾਹ ਜੋੜੀ ਭਾਜਪਾ ਤੇ ਸਰਕਾਰ ਵੱਲੋਂ ਇਤਿਹਾਸ ਦੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਯਤਨ ਹੈ, ਜਿਸ ਨੂੰ ਇਹ ਤੱਥ ਪੇਸ਼ ਕਰਨ ਵਾਲੀਆਂ ਧਿਰਾਂ ਵੀ ਅਸਹਿਜ ਮਹਿਸੂਸ ਕਰਨਗੀਆਂ।
ਕੀ ਪ੍ਰਧਾਨ ਮੰਤਰੀ ਮੋਦੀ ਇਹ ਤੱਥ ਨਹੀਂ ਜਾਣਦੇ ਕਿ ਆਰ.ਐੱਸ.ਐੱਸ. ਅਤੇ ਭਾਜਪਾ ਦੇ ਪਹਿਲੇ ਸੰਗਠਨ-ਜਨ ਸੰਘ ਆਦਿ ਦੀ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਜਾਂ “ਬੰਦੇ ਮਾਤਰਮ” ਗੀਤ ਅਤੇ ਉਸ ਨੂੰ ਲੋਕ ਮਨ ਵਿੱਚ ਵਸਾਉਣ ਵਿੱਚ ਕੋਈ ਭੂਮਿਕਾ ਨਹੀਂ ਸੀ। ਚਿੱਟੇ ਦਿਨ ਵਰਗਾ ਸੱਚ ਇਹ ਵੀ ਹੈ ਕਿ ਆਰ.ਐੱਸ .ਐੱਸ.ਨੇ ਆਪਣੇ ਹੈੱਡਕੁਆਰਟਰ ਵਿੱਚ 52 ਸਾਲਾਂ ਤੱਕ ਰਾਸ਼ਟਰੀ ਝੰਡਾ ਹੀ ਨਹੀਂ ਲਹਿਰਾਇਆ।
1937 ਤੋਂ ਹੁਣ ਤੱਕ ਦੋ ਛੰਦਾਂ ਵਾਲੇ ਰਾਸ਼ਟਰੀ ਗੀਤ ਉੱਤੇ ਕਿਸੇ ਨੇ ਕੋਈ ਸਵਾਲ ਨਹੀਂ ਚੁੱਕਿਆ, ਕੋਈ ਵਿਵਾਦ ਨਹੀਂ ਉਠਾਇਆ। ਹੁਣ ਇਹ ਵਾਧੂ ਦਾ ਝਗੜਾ ਝੇੜਾ ਕਿਉਂ? ਰਾਸ਼ਟਰੀ ਗੀਤ ਲਈ ਕੁਝ ਛੰਦਾਂ ਦੀ ਚੋਣ ਕੋਈ ਅਸਧਾਰਣ ਗੱਲ ਨਹੀਂ ਹੈ। “ਜਨ ਗਣ ਮਨ”, ਜੋ ਕਿ ਰਾਸ਼ਟਰੀ ਮਾਣ ਹੈ,ਰਵਿੰਦਰ ਨਾਥ ਟੈਗੋਰ ਦੀ ਇੱਕ ਪੂਰੀ ਕਵਿਤਾ ਦਾ ਸੰਖੇਪ ਰੂਪ ਹੈ, ਕਈ ਦੇਸ਼ਾਂ ਦੇ ਰਾਸ਼ਟਰੀ ਗੀਤ ਵੀ ਲੰਬੀਆਂ ਰਚਨਾਵਾਂ ਦੇ ਸੰਖੇਪ ਰੂਪ ਹਨ।
ਆਓ ਵੇਖੀਏ ਰਾਸ਼ਟਰੀ ਗੀਤ ਦਾ ਘਟਨਾਕ੍ਰਮ-ਇਹ ਹੋਂਦ ਵਿੱਚ ਕਿਵੇਂ ਆਇਆ। 1870 ਦੇ ਦਹਾਕੇ ਵਿੱਚ ਬੰਕਿਮ ਚੰਦਰ ਚੈਟਰਜੀ ਨੇ ਇਸ ਗੀਤ ਦੀਆਂ ਕੁਝ ਸਤਰਾਂ ਲਿਖੀਆਂ, ਜੋ ਪ੍ਰਕਾਸ਼ਿਤ ਨਹੀਂ ਹੋਈਆਂ। 1881 ਵਿੱਚ ਇਸ ਕਵਿਤਾ ਦਾ ਵਿਸਤਾਰਿਤ ਰੂਪ ਨਾਵਲ “ਆਨੰਦ ਮਠ” ਵਿੱਚ ਸ਼ਾਮਲ ਕੀਤਾ ਗਿਆ। 1905 ਵਿੱਚ ਰਵਿੰਦਰ ਨਾਥ ਟੈਗੋਰ ਨੇ ਰਾਸ਼ਟਰਵਾਦੀ ਪ੍ਰਦਰਸ਼ਨਾਂ ਦੀ ਅਗਵਾਈ ਕਰਦਿਆਂ “ਬੰਦੇ ਮਾਤਰਮ” ਗਾਇਆ। ਇਹ ਇੱਕ ਸਿਆਸੀ ਨਾਆਰਾ ਬਣਿਆ। 1908 ਵਿੱਚ ਤਾਮਿਲ ਕਵੀ ਸੁਬ੍ਰਮਣਿਆ ਭਾਰਤੀ ਨੇ ਆਪਣੀ ਕਵਿਤਾ “ਇੰਥੈਯੁਮ ਤਾਯੁਮ ਮਰੰਦੁ” ਵਿੱਚ ਬੰਦੇ ਮਾਤਰਮ ਨੂੰ ਅਨੁਵਾਦ ਕੀਤਾ।1930 ਦੇ ਦਹਾਕੇ ਵਿੱਚ ਸੰਪਰਦਾਇਕ ਸਿਆਸਤ ਚਰਮ ਸੀਮਾ ’ਤੇ ਸੀ, ਇਸ ਕਰਕੇ ਇਹ ਗੀਤ ਵਿਵਾਦਿਤ ਹੋਇਆ।
28 ਸਤੰਬਰ 1937 ਨੂੰ ਰਾਜਿੰਦਰ ਪ੍ਰਸਾਦ ਨੇ ਸਰਦਾਰ ਪਟੇਲ ਨੂੰ ਖ਼ਤ ਲਿਖ ਕੇ ਗੀਤ ਦੇ ਵਿਆਪਕ ਵਿਰੋਧ ’ਤੇ ਚਿੰਤਾ ਪ੍ਰਗਟ ਕੀਤੀ ਅਤੇ ਸੁਝਾਅ ਦਿੱਤਾ ਕਿ ਇਸ ’ਤੇ ਕਾਂਗਰਸ ਨੂੰ ਆਪਣੀ ਨੀਤੀ ਸਪੱਸ਼ਟ ਕਰਨੀ ਚਾਹੀਦੀ ਹੈ।
ਕਾਂਗਰਸ ਕਾਰਜਕਾਰਨੀ ਦੀ ਬੈਠਕ ਤੋਂ ਇੱਕ ਸ਼ਾਮ ਪਹਿਲਾਂ ਸੁਭਾਸ਼ ਚੰਦਰ ਬੋਸ ਨੇ ਰਵਿੰਦਰ ਨਾਥ ਟੈਗੋਰ ਤੋਂ ਸਲਾਹ ਲਈ। ਮਿਤੀ 17 ਅਕਤੂਬਰ 1937 ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਜਵਾਹਰ ਲਾਲ ਨਹਿਰੂ ਨੂੰ ਖ਼ਤ ਲਿਖ ਕੇ ਕਾਂਗਰਸ ਕਾਰਜਕਾਰਨੀ ਵਿੱਚ ਚਰਚਾ ਕਰਨ ਦੀ ਮੰਗ ਕੀਤੀ। 20 ਅਕਤੂਬਰ 1937 ਨੂੰ ਨਹਿਰੂ ਨੇ ਬੋਸ ਨੂੰ ਖ਼ਤ ਲਿਖ ਕੇ ਕਿਹਾ ਕਿ ਇਹ ਵਿਵਾਦ ਸੰਪਰਦਾਇਕ ਤੱਤਾਂ ਵੱਲੋਂ ਵਧਾਇਆ ਗਿਆ ਹੈ ਅਤੇ ਉਹ ਇਸ ਮਾਮਲੇ ’ਤੇ ਟੈਗੋਰ ਅਤੇ ਹੋਰ ਲੋਕਾਂ ਨਾਲ ਵਿਚਾਰ ਕਰਨਗੇ।
26 ਅਕਤੂਬਰ 1937 ਨੂੰ ਟੈਗੋਰ ਨੇ ਨਹਿਰੂ ਨੂੰ ਖ਼ਤ ਲਿਖ ਕੇ ਕਿਹਾ ਕਿ ਗੀਤ ਦਾ ਪਹਿਲਾ ਹਿੱਸਾ ਆਪਣੇ ਆਪ ਵਿੱਚ ਪੂਰਾ ਹੈ ਅਤੇ ਇਸ ਵਿੱਚ ਪ੍ਰੇਰਣਾਦਾਇਕ ਸੁਨੇਹਾ ਹੈ, ਜੋ ਕਿਸੇ ਵੀ ਧਾਰਮਿਕ ਸਮੁਦਾਇ ਲਈ ਇਤਰਾਜ਼ਯੋਗ ਨਹੀਂ ਹੈ। 28 ਅਕਤੂਬਰ 1937 ਨੂੰ ਕਾਂਗਰਸ ਕਾਰਜਕਾਰਨੀ ਨੇ ਕਵਿਤਾ ਦੇ ਦੋ ਛੰਦਾਂ ਨੂੰ ਰਾਸ਼ਟਰੀ ਗੀਤ ਦੇ ਰੂਪ ਵਿੱਚ ਅਪਣਾਇਆ। ਜਨਵਰੀ 1939 ਵਿੱਚ ਕਾਂਗਰਸ ਨੇ ਮਹਾਤਮਾ ਗਾਂਧੀ ਦੀ ਹਾਜ਼ਰੀ ਵਿੱਚ ਵਾਰਧਾ ਵਿਖੇ ਹੋਈ ਇੱਕ ਬੈਠਕ ਵਿੱਚ ਇਸ ਪ੍ਰਸਤਾਵ ਨੂੰ ਦੁਹਰਾਇਆ।
ਹੁਣ ਸਪੱਸ਼ਟ ਹੈ ਕਿ ਦੇਸ਼ ਨੂੰ ਦਰਪੇਸ਼ ਮੁਸ਼ਕਲਾਂ ਤੋਂ ਪਾਸਾ ਵੱਟਣ ਲਈ ਦੇਸ਼ ਦੇ ਅਸਲ ਮੁੱਦਿਆਂ-ਮਸਲਿਆਂ ਨੂੰ ਅੱਖੋਂ ਪਰੋਖੇ ਕਰਕੇ ਅਜਿਹੇ ਮਸਲਿਆਂ ਵਿੱਚ ਲੋਕਾਂ ਨੂੰ ਉਲਝਾਇਆ ਜਾ ਰਿਹਾ ਹੈ, ਜਿਨ੍ਹਾਂ ਦਾ ਆਮ ਲੋਕਾਂ ਨਾਲ ਮੌਜੂਦਾ ਦੌਰ ਵਿੱਚ ਕੋਈ ਲੈਣਾ-ਦੇਣਾ ਨਹੀਂ ਹੈ।
ਕੀ “ਬੰਦੇ ਮਾਤਰਮ” ਦੀ ਥਾਂ ਇਹ ਚਰਚਾ ਦਰਕਾਰ ਨਹੀਂ ਹੈ ਕਿ 15 ਭਗੌੜੇ ਆਰਥਿਕ ਅਪਰਾਧੀ ਸਰਕਾਰੀ ਬੈਂਕਾਂ ਦੇ 58 ਹਜ਼ਾਰ ਕਰੋੜ ਰੁਪਏ ਡਕਾਰ ਚੁੱਕੇ ਹਨ? ਕੀ ਇਹ ਵਿਚਾਰਿਆ ਨਹੀਂ ਜਾਣਾ ਚਾਹੀਦਾ ਕਿ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦੀ ਦੁਰਦਸ਼ਾ ਕਿਉਂ ਹੈ?
ਇਸ ਸਮੇਂ ਦੇਸ਼ ਦੀ ਸਮੱਸਿਆ ਇਹ ਹੈ ਕਿ ਇੱਕ ਤਾਕਤਵਰ ਵਿਰੋਧੀ ਧਿਰ ਨਹੀਂ ਹੈ। ਵਿਰੋਧੀ ਧਿਰ ਦੇ ਬਿਨਾਂ, ਨਾ ਸੰਸਦ ਦੇ ਅੰਦਰ ਅਤੇ ਨਾ ਹੀ ਸੰਸਦ ਦੇ ਬਾਹਰ, ਉਹ ਸੁਧਾਰ ਆ ਸਕਦੇ ਹਨ ਜਿਨ੍ਹਾਂ ਦੀ ਲੋਕਾਂ ਨੂੰ ਲੋੜ ਹੈ। ਦੇਸ਼ ਗੰਦਗੀ ਦਾ ਢੇਰ ਬਣ ਚੁੱਕਾ ਹੈ। ਗੰਦਗੀ ਕਾਰਨ 1000 ਵਿੱਚੋਂ 28 ਭਾਰਤੀ ਬੱਚੇ ਮਰ ਜਾਂਦੇ ਹਨ। ਪੰਜ ਸਾਲ ਦੀ ਉਮਰ ਤੱਕ ਪਹੁੰਚਣ ਤੋਂ ਪਹਿਲਾਂ ਹੀ ਉਹ ਅਜਿਹੀਆਂ ਬਿਮਾਰੀਆਂ ਨਾਲ ਗ੍ਰਸਤ ਹੋ ਜਾਂਦੇ ਹਨ, ਜੋ ਲਾਇਲਾਜ ਨਹੀਂ।
ਪਰ ਦੇਸ਼ ਦੇ ਸ਼ਾਸਕ ਪੁੱਛਦੇ ਹੀ ਨਹੀਂ। ਉਹਨਾਂ ਨੂੰ ਸੜਕਾਂ, ਰੇਲਵੇ ਲਾਈਨਾਂ ਅਤੇ ਸਰਵਜਨਕ ਥਾਵਾਂ ’ਤੇ ਕੂੜਾ ਦਿਸਦਾ ਹੀ ਨਹੀਂ। ਦੇਸ਼ ਵਿੱਚ ਬਹੁਤ ਕੁਝ ਕਰਨ ਵਾਲਾ ਹੈ, ਪਰ ਨਾ ਮੋਦੀ ਜੀ ਨੂੰ ਅਤੇ ਨਾ ਹੀ ਮੋਦੀ ਭਗਤਾਂ ਨੂੰ ਕੁਝ ਦਿਖਾਈ ਦਿੰਦਾ ਹੈ। ਉਹ ਆਪਣੇ ਆਪ ਨੂੰ ਉੱਚ ਵਿਚਾਰਾਂ ਵਾਲਾ ਸਮਝਦੇ ਹਨ, ਇਤਿਹਾਸ ਵਿੱਚੋਂ ਘਟਨਾਵਾਂ ਚੁਣਦੇ ਹਨ, ਆਪਣੀ ਸਵਾਰਥ ਸਿੱਧੀ ਲਈ ਵਰਤਦੇ ਹਨ, ਵੋਟਾਂ ਇਕੱਠੀਆਂ ਕਰਦੇ ਹਨ ਅਤੇ ਫਿਰ ਚੈਨ ਨਾਲ ਬੈਠ ਜਾਂਦੇ ਹਨ, ਆਪਣੀ ਅਗਲੀ ਪਾਰੀ ਖੇਡਣ ਲਈ।
ਬਦਕਿਸਮਤੀ ਦੀ ਗੱਲ ਇਹ ਹੈ ਕਿ “ਬੰਦੇ ਮਾਤਰਮ”, ਜੋ ਬੰਗਾਲੀ ਬਾਬੂ ਵੱਲੋਂ ਲਿਖਿਆ ਤੇ ਗਾਇਆ ਗਿਆ, ਚੋਣਾਵੀ ਸਿਆਸਤ ਦੀ ਲਪੇਟ ਵਿੱਚ ਆ ਗਿਆ ਹੈ। ਇਸ ਗੀਤ ਨੂੰ ਅਗਲੇ ਸਾਲ ਹੋਣ ਵਾਲੀਆਂ ਪੱਛਮੀ ਬੰਗਾਲ ਦੀਆਂ ਚੋਣਾਂ ਵਿੱਚ ਉਥੋਂ ਦੇ ਵੋਟਰਾਂ ਨੂੰ ਭਰਮਾਉਣ ਲਈ ਵਰਤੇ ਜਾਣ ਦਾ ਖਦਸ਼ਾ ਹੈ। ਇਸ ਗੀਤ ਨੂੰ ਹਿੰਦੂ-ਮੁਸਲਮਾਨਾਂ ਵਿੱਚ ਵੰਡਣ ਦੀ ਸਾਜ਼ਿਸ਼ ਹੋ ਰਹੀ ਹੈ।
“ਬੰਦੇ ਮਾਤਰਮ” ਕਦੇ ਅਜ਼ਾਦੀ ਸੰਗਰਾਮ ਸਮੇਂ ਦੇਸ਼ ਨੂੰ ਇੱਕਜੁੱਟ ਕਰਨ ਵਾਲਾ ਸੀ, ਅੰਗਰੇਜ਼ਾਂ ਨੂੰ ਡਰਾਉਣ ਵਾਲਾ ਸੀ। ਇਸ ਗੀਤ ਨੇ ਦੇਸ਼ ਦੇ ਅਜ਼ਾਦੀ ਅੰਦੋਲਨ ਨੂੰ ਊਰਜਾ ਦਿੱਤੀ, ਪ੍ਰੇਰਣਾ ਦਿੱਤੀ। ਅੱਜ, ਜਦੋਂ ਦੇਸ਼ ਦੇ ਮੌਜੂਦਾ ਹਾਕਮਾਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਹਨਨ ਹੋ ਰਿਹਾ ਹੈ, ਦੇਸ਼ ਨੂੰ ਸੰਪਰਦਾਇਕ ਤੌਰ ’ਤੇ ਵੰਡਣ ਦੇ ਜਤਨ ਹੋ ਰਹੇ ਹਨ, ਦੇਸ਼ ਵਿੱਚ ਗ਼ਰੀਬੀ ਅਤੇ ਭੁੱਖਮਰੀ ਵਧ ਰਹੀ ਹੈ, ਤਦ ਇੱਕ ਵਾਰ ਫਿਰ ਅਜ਼ਾਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਲੋਕਾਂ ਨੂੰ “ਬੰਦੇ ਮਾਤਰਮ” ਦੀ ਮੁੜ-ਸੁਰਜੀਤੀ ਦੀ ਲੋੜ ਮਹਿਸੂਸ ਹੋ ਰਹੀ ਹੈ।
-ਗੁਰਮੀਤ ਸਿੰਘ ਪਲਾਹੀ
-9815802070
-1765802290987.JPG)
-
-ਗੁਰਮੀਤ ਸਿੰਘ ਪਲਾਹੀ, writer
gurmitpalahi@yahoo.com>
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.