Punjab News: ਧੁੰਦ ਕਾਰਨ ਭਿਆਨਕ ਸੜਕ ਹਾਦਸਾ, ਤਿੰਨ ਲੋਕਾਂ ਦੀ ਮੌਤ- 5 ਜ਼ਖ਼ਮੀ
Babushahi Network
ਬਰਨਾਲਾ, 16 ਦਸੰਬਰ 2025- ਸੰਘਣੀ ਧੁੰਦ ਕਾਰਨ ਬਰਨਾਲਾ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਹੈ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਹ ਹਾਦਸਾ ਤਰਨ ਤਾਰਨ ਦੇ ਇੱਕ ਪਰਿਵਾਰ ਨਾਲ ਵਾਪਰਿਆ, ਜੋ ਸ਼ਗਨ ਲੈ ਕੇ ਸਿਰਸਾ ਜਾ ਰਿਹਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ, ਤਰਨ ਤਾਰਨ ਦਾ ਇੱਕ ਪਰਿਵਾਰ ਆਪਣੀ ਬੇਟੀ ਦਾ ਸ਼ਗਨ ਲੈ ਕੇ ਸਿਰਸਾ (ਹਰਿਆਣਾ) ਜਾ ਰਿਹਾ ਸੀ। ਰਸਤੇ ਵਿੱਚ ਬਰਨਾਲਾ ਨੇੜੇ ਸੰਘਣੀ ਧੁੰਦ ਕਾਰਨ ਦੋ ਗੱਡੀਆਂ ਡਿਵਾਈਡਰ ਨਾਲ ਟਕਰਾ ਗਈਆਂ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ।
ਇਸ ਦਰਦਨਾਕ ਹਾਦਸੇ ਵਿੱਚ ਲੜਕੀ ਦੇ ਭਰਾ ਸਮੇਤ ਕੁੱਲ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਭਾਰਤੀ ਸੁਰੱਖਿਆ ਬਲ (BSF) ਦਾ ਜਵਾਨ ਸੀ। ਇਸ ਘਟਨਾ ਵਿੱਚ ਪਰਿਵਾਰ ਦੇ ਪੰਜ ਹੋਰ ਮੈਂਬਰ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਤੁਰੰਤ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਹਾਦਸੇ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਲੱਗਦਾ ਹੈ ਕਿ ਧੁੰਦ ਕਾਰਨ ਘੱਟ ਦਿੱਖ ਹੋਣ ਕਰਕੇ ਡਰਾਈਵਰ ਕੰਟਰੋਲ ਗੁਆ ਬੈਠਾ, ਜਿਸ ਕਾਰਨ ਇਹ ਹਾਦਸਾ ਵਾਪਰਿਆ।