ਮੇਰਾ ਖ਼ਜ਼ਾਨਾ .. Mera Khazana
ਰੂਪੋਸ਼ੀ ਦੇ ਦਿਨ ਆਏ ਯਾਦ..ਜਦੋਂ ਪੱਗ ਵੀ ਬੰਨ੍ਹਦਾ ਸੀ..ਤੇ ਚਾਦਰਾ ਵੀ.. ਸਵਾਰੀ ਸਾਈਕਲ ਦੀ..Remembering Underground Days: Wearing a Turban And Chadra
ਵਰ੍ਹਿਆਂ ਬਾਅਦ ਭਲੂਰ ਵਾਲੇ ਮੇਹਰ ਸੰਧੂ ਨਾਲ ਹੋਈ ਨਿੱਘੀ ਮਿਲਣੀ - ਕਾਲਜ ਦੇ ਦਿਨ ਵੀ ਯਾਦ ਆਏ - ਪਿੰਡ ਦਾ ਚੁਬਾਰਾ - ਸੰਤ ਰਾਮ ਉਦਾਸੀ ਦੇ ਗੀਤ - ਵੱਡੇ-ਵੱਡੇ ਟੇਪ ਰਿਕਾਰਡਰ -ਸਾਈਕਲਾਂ ਦੀ ਸਵਾਰੀ ..ਤੇ ਚੋਰ ਮੋਰੀ ਕਾਲਜ ਦਾਖ਼ਲੇ ਦੀ ਕੋਸ਼ਿਸ਼
*********
ਦੋ ਦਿਨ ਪਹਿਲਾਂ ਫ਼ਰੀਦਕੋਟ ਵਾਸੀ ਮੇਹਰ ਸਿੰਘ ਸੰਧੂ ਦੀ ਮੇਰੇ ਘਰ ਚੰਡੀਗੜ੍ਹ ਫੇਰੀ - ਵਰ੍ਹਿਆਂ ਬਾਅਦ ਹੋਈ ਨਿੱਘੀ ਮਿਲਣੀ ਵੀ ਸਾਬਤ ਹੋਈ.ਇਸ ਮਿਲਣੀ ਨੇ ਕਾਲਜ ਦੇ ਦਿਨਾਂ ਚ ਪੰਜਾਬ ਸਟੂਡੈਂਟਸ ਯੂਨੀਅਨ ਦੀ ਸਰਗਰਮੀ ਵਾਲੇ ਉਹ ਪੁਰਾਣੇ ਦਿਨ ਯਾਦ ਕਰਾ ਦਿੱਤੇ ਜਿਨ੍ਹਾਂ ਨਾਲ ਵੰਨ-ਸੁਵੰਨੀਆਂ ਯਾਦਾਂ ਜੁੜੀਆਂ ਹੋਈਆਂ ਹਨ . ਦੋ ਘਟਨਾਵਾਂ ਫ਼ਰੀਦਕੋਟ ਨਾਲ ਸਬੰਧਤ ਯਾਦਗਾਰੀ ਹਨ.
ਰੂਪੋਸ਼ੀ ਦੀ ਹਾਲਤ, ਪੱਗ ਬੰਨ੍ਹਦਾ ਸੀ - ਨਾਂ ਵੀ ਫ਼ਰਜ਼ੀ
ਸਭ ਤੋਂ ਉੱਘੜਵੀਂ ਯਾਦ ਅਸੀਂ ਉਹ ਸਾਂਝੀ ਜਦੋਂ ਮੈਂ ਮਿਹਰ ਹੋਰਾਂ ਦੇ ਪਿੰਡ ਭਲੂਰ ਵਿਚ ਸੰਤ ਰਾਮ ਉਦਾਸੀ ਦੇ ਗੀਤ ਕਾਪੀ ਰਿਕਾਰਡ ਕਰਨ ਗਿਆ ਸੀ.ਇਹ ਗੱਲ 1975 ਤੋਂ 1977 ਲੱਗੀ ਐਮਰਜੈਂਸੀ ਦੇ ਦੇ ਦਿਨਾਂ ਦੀ ਹੈ. ਨਜ਼ਰਬੰਦੀ ਕਾਨੂੰਨ DIR ਅੜੇਂ ਮੇਰੇ ਵਾਰੰਟ ਨਿਕਲੇ ਹੋਏ ਸਨ. ਮੈਂ ਰੂਪੋਸ਼ੀ ਦੀ ਹਾਲਤ ਵਿਚ PSU ਲਈ ਸਰਗਰਮ ਸਾਂ.ਪੁਲਿਸ ਨੂੰ ਚਕਮਾ ਦੇਣ ਲਈ ਪੱਗ ਵੀ ਬੰਨ੍ਹਦਾ ਸੀ. ਅਕਸਰ ਤਾਂ ਕੁੜਤਾ ਪਜਾਮਾ ਹੀ ਪਾਉਂਦੇ ਸਿੰਘ ਪਰ ਕਦੇ ਕਦੇ ਚਾਦਰਾ ਵੀ ਬੰਨ੍ਹ ਲਈਦਾ ਸੀ .ਰੂਪੋਸ਼ੀ ਦੌਰਾਨ ਮੇਰਾ ਨਾਂ ਬੇਅੰਤ ਸੀ. ਸਾਡੇ ਵਾਂਗ ਮੇਹਰ ਵੀ ਖੱਬੇ ਪੱਖੀ ਵਿਚਾਰਧਾਰਾ ਵਾਲਾਂ ਹੋਣ ਕਾਰਨ PSU ਚ ਸਰਗਰਮ ਸੀ.
ਪਿੰਡ ਦਾ ਚੁਬਾਰਾ ਤੇ ਸੰਤ ਰਾਮ ਉਦਾਸੀ ਦੇ ਗੀਤ
ਉਨ੍ਹਾਂ ਦਿਨਾਂ ਚ ਸੰਤ ਰਾਮ ਉਦਾਸੀ ਅਤੇ ਉਸ ਦੇ ਗੀਤ ਇਨਕਲਾਬੀ ਲਹਿਰ ਦਾ ਇਕ ਪ੍ਰਤੀਕ ਸਨ. ਪਤਾ ਲੱਗਾ ਕਿ ਮੇਹਰ ਨੇ ਕਿਸੇ ਪ੍ਰੋਗਰਾਮ ਦੌਰਾਨ ਸੰਤ ਰਾਮ ਉਦਾਸੀ ਦੇ ਗੀਤ ਟੀ ਰਿਕਾਰਡ ਕੀਤੇ ਹੋਏ ਹਨ. ਉਨ੍ਹਾਂ ਦਿਨਾਂ ਵਿਚ ਟੇਪ ਰਿਕਾਰਡਰ ਵੀ ਕਿਸੇ ਕਿਸੇ ਕੋਲ ਹੁੰਦੇ ਸਨ.ਮੈਂ ਉਚੇਚਾ ਕਿਸੇ ਦਾ ਟੇਪ ਰਿਕਾਰਡਰ ਮੰਗਿਆ ( ਮੈਨੂੰ ਯਾਦ ਨਹੀਂ ਕਿਸਦਾ ) ਹੈ ਕਿ ਬਾਘੇ ਪੁਰਾਣੇ ਤੋਂ 20 ਕੁ ਕਿਲੋਮੀਟਰ ਸਾਈਕਲ ਚਲਾ ਕੇ ( ਉਦੋਂ ਤਾਂ ਰੋਜ਼ ਦਾ 30 35 ਕਿਲੋਮੀਟਰ ਸਾਈਕਲ ਚਲਾਉਣਾ ਗਲ ਸੀ ) ਉਸ ਦੇ ਪਿੰਡ ਭਲੂਰ ਪੁੱਜਾ. ਉਨ੍ਹਾਂ ਦੇ ਘਰ ਦੇ ਚੁਬਾਰੇ ਚ ਉਦਾਸੀ ਦੇ ਗੀਤ ਰਿਕਾਰਡ ਕੀਤੇ ਅਤੇ ਰੋਟੀ ਪਾਣੀ ਛਕ ਕੇ ਵਾਪਸ ਆਇਆ ਸੀ.ਮੈਂ ਬੇਹੱਦ ਖ਼ੁਸ਼ ਸੀ ਕਿਉਂਕਿ ਉਦਾਸੀ ਦੇ ਗੀਤ ਉਸ ਵੇਲੇ ਕਾਫ਼ੀ ਕੀਮਤੀ ਸਰਮਾਇਆ ਮੰਨੇ ਜਾਂਦੇ ਸਨ.ਮੇਹਰ ਹੋਰਾਂ ਨੂੰ ਵੀ ਉਹ ਦਿਨ ਪੂਰੀ ਤਰ੍ਹਾਂ ਯਾਦ ਸੀ.
ਚੋਰੀ ਛਿਪੇ ਫਰੀਦਕੋਟ ਕਾਲਜ ਚ ਦਾਖਲੇ ਦਾ ਯਤਨ
ਦੂਜੀ ਘਟਨਾ ਵੀ ਦਿਲਚਸਪ ਹੈ. ਮੈਂ ਬਠਿੰਡੇ ਕਾਲਜ ਦਾ ਸਟੂਡੈਂਟ ਸੀ.ਸ਼ਾਇਦ ਇਹ ਵਾਕਿਆ 1973 ਦਾ ਹੈ. PSU ਦੀ ਲੀਡਰਸ਼ਿਪ ਚ ਬੈਠ ਕੇ ਇਹ ਫ਼ੈਸਲਾ ਹੋਇਆ ਕਿ ਮੈਂ ਬਰਜਿੰਦਰਾ ਫ਼ਰੀਦਕੋਟ ਕਾਲਜ ਵਿਚ ਦਾਖਲਾ ਲਵਾਂ ਕਿਉਂਕਿ ਉੱਥੇ ਇਸ ਦਾ ਯੂਨਿਟ ਤਕੜਾ ਕਰਨਾ ਸੀ.ਵਿਦਿਆਰਥੀ ਨੇਤਾ ਵਜੋਂ ਮੇਰਾ ਨਾਂ ਬਲਜੀਤ ਬੱਲੀ ਪ੍ਰਸਿੱਧ ਸੀ ਅਤੇ ਮੇਰੀ ਸ਼ਕਲ ਰੈਲੀਆਂ -ਮੁਜ਼ਾਹਰਿਆਂ ਕਰ ਕੇ ਜਾਣੀ ਪਛਾਣੀ ਸੀ. ਸਰਟੀਫਿਕੇਟ ਵਿਚ ਮੇਰਾ ਨਾਂ ਬਲਜੀਤ ਰਾਏ ਹੀ ਚੱਲ ਰਿਹਾ ਸੀ.
ਮੈਂ ਸ਼ਕਲ ਬਦਲਣ ਲਈ ਪੱਗ ਬੰਨ੍ਹ ਲਈ (ਪੱਗ ਵਾਲੀ ਉਹ ਫ਼ੋਟੋ ਇਸ ਲਿਖਤ ਦੇ ਨਾਲ ਹੈ). ਸੋਚਿਆ ਚੁੱਪ ਚੁਪੀਤੇ ਫਾਰਮ ਭਰਿਆ ਜਾਵੇ ਅਤੇ ਦਾਖਲਾ ਲੈ ਲਿਆ ਜਾਵੇ.ਪਰ ਇਹ ਸਕੀਮ ਸਫਲ ਨਹੀਂ ਹੋਈ.ਕਾਲਜ ਪ੍ਰਿੰਸੀਪਲ ਤੇ ਦਾਖਲਾ ਕਮੇਟੀ ਨੂੰ ਮੇਰੀ ਅਸਲ ਪਛਾਣ ਪਤਾ ਲੱਗ ਗਈ ਤੇ ਦਾਖ਼ਲੇ ਤੋਂ ਜਵਾਬ ਮਿਲ ਗਿਆ. ਆਪਾਂ ਵਾਪਸ ਬਠਿੰਡੇ ਰਾਜਿੰਦਰਾ ਕਾਲਜ ਆ ਗਏ ਜਿੱਥੇ 1975 ਤੱਕ ਫ਼ਿਲਾਸਫ਼ੀ ਤੇ ਇੰਗਲਿਸ਼ ਲਿਟਰੇਚਰ ਵਿਸ਼ਿਆਂ ਚ ਗ੍ਰੈਜੂਏਸ਼ਨ ਕੀਤੀ.

ਮੇਹਰ ਸਿੰਘ ਤਾਂ ਕਾਲਜ ਦੀ ਪੜਾਈ ਤੋਂ ਬਾਅਦ ਸਾਇੰਸ ਮਾਸਟਰ ਲੱਗੇ , ਫੇਰ ਲੈਕਚਰਾਰ ਅਤੇ ਪ੍ਰਿੰਸੀਪਲ ਵੀ ਰਹੇ -ਸਟੇਟ ਅਵਾਰਡੀ ਵੀ ਬਣੇ. ਜ਼ਿਕਰ ਕਰਨਾ ਲਾਜ਼ਮੀ ਹੈ ਕਿ ਮੇਹਰ ਸਿੰਘ ਨੇ ਆਪਣੀ M.Phil ਦਾ ਥੀਸਿਸ ਪਾਸ਼ ਦੀ ਕਵਿਤਾ ਸੀ. ਇਹ ਜਾਣ ਕੇ ਚੰਗੀਆਂ ਲੱਗਾ ਕਿ ਸਰਕਾਰੀ ਨੌਕਰੀ ਦੌਰਾਨ ਵੀ ਅਤੇ ਰਿਟਾਇਰ ਹੋਣ ਤੋਂ ਬਾਅਦ ਸਰੀਰਕ ਬਿਮਾਰੀ- ਠਿਮਾਰੀ ਤੇ ਬਹਿ ਪਾਸ ਸਰਜਰੀ ਦੇ ਬਾਵਜੂਦ ਉਨ੍ਹਾਂ ਲੋਕ ਪੱਖੀ ਸਰਗਰਮੀ ਜਾਰੀ ਰੱਖੀ। ਭਾਵੇਂ ਇਹ ਪਿੰਡ ਦੀ ਨੌਜਵਾਨ ਸਭਾ ਹੋਵੇ ਜਾਂ ਫਿਰ ਜਮਹੂਰੀ ਅਧਿਕਾਰ ਸਭਾ ਤੇ ਜਾਂ ਫਿਰ ਪਿੰਡ ਚ ਮੈਡੀਕਲ ਕੈਂਪ ਲਾਉਣੇ ਹੋਣ.ਪੰਜਾਬ ਦੇ ਦਹਿਸ਼ਤਵਾਦ ਵਾਲੇ ਸੰਤਾਪ ਭਰੇ ਦੌਰ ਵਿਚ ਮੇਹਰ ਹੋਰੀਂ ਦੀ ਜਾਨ ਵੀ ਖ਼ਤਰੇ ਚ ਰਹੀ.
ਸਿਰਫ਼ ਇਕੋ ਮਿਲਣੀ ਵਿਚ ਹੀ ਉਸ ਨਾਲ ਸਾਂਝ ਰੀਨਿਊ ਹੋ ਗਈ.
14 ਦਸੰਬਰ , 2025
------

-
Baljit Balli, Editor-In-Chief, Babushahi News Network, TNM
tirshinazar@gmail.com
+91-9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.