ਸਰਦੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਵਿਭਾਗ ਬਠਿੰਡਾ ਵੱਲੋਂ ਅਡਵਾਇਜ਼ਰੀ ਜਾਰੀ
ਅਸ਼ੋਕ ਵਰਮਾ
ਬਠਿੰਡਾ, 15 ਦਸੰਬਰ 2025 :ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਦੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਤਾਪਮਾਨ ਵਿੱਚ ਆ ਰਹੀ ਗਿਰਾਵਟ ਕਾਰਨ ਲੋਕਾਂ ਨੂੰ ਸਿਹਤ ਸਬੰਧੀ ਆ ਸਕਣ ਵਾਲੀਆਂ ਸਿਹਤ ਸਮੱਸਿਆਂਵਾਂ ਨੂੰ ਧਿਆਨ ਵਿੱਚ ਰੱਖਦਿਆਂ ਅਡਵਾਇਜ਼ਰੀ ਜਾਰੀ ਕੀਤੀ ਗਈ ਹੈ । ਇਸ ਮੌਕੇ ਜਾਣਕਾਰੀ ਦਿੰਦਿਆਂ ਡਾ ਤਪਿੰਦਰਜੋਤ ਨੇ ਦੱਸਿਆ ਕਿ ਸਰਦੀ ਕਾਰਨ ਤਾਪਮਾਨ ਪਿਛਲੇ ਦਿਨੀ ਕਾਫੀ ਘੱਟ ਹੋ ਗਿਆ ਹੈ । ਇਸ ਲਈ ਵਡੇਰੀ ਉਮਰ ਅਤੇ ਛੋਟੇ ਬੱਚਿਆ ਨੂੰ ਸਰਦੀ ਤੋਂ ਬਚਾਉਣ ਲਈ ਸਾਵਧਾਨੀਆ ਦੀ ਵਰਤੋ ਕਰਨੀ ਚਾਹੀਦੀ ਹੈ। ਬਜੁਰਗ ਅਤੇ ਛੋਟੀ ਉਮਰ ਦੇ ਬੱਚੇ ਜਿਆਦਾ ਪ੍ਰਭਾਵਿਤ ਹੁੰਦੇ ਹਨ । ਠੰਡ ਕਾਰਨ ਕਈ ਤਰ੍ਹਾ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ ਇਸ ਲਈ ਬਜੁਰਗਾਂ ਅਤੇ ਦਿਲ ਦੇ ਰੋਗੀਆਂ ਨੂੰ ਸਵੇਰੇ ਅਤੇ ਦੇਰ ਸ਼ਾਮ ਤੱਕ ਜਿਆਦਾ ਠੰਡ ਵਿੱਚ ਘਰੋ ਬਾਹਰ ਨਿਕਲਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ । ਇਸ ਮੌਸਮ ਵਿੱਚ ਛੋਟੇ ਬੱਚਿਆਂ ਨੂੰ ਨਮੂਨੀਆ ਹੋਂਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ ।
ਉਹਨਾਂ ਕਿਹਾ ਕਿ ਨਮੂਨੀਆ ਤੋਂ ਬਚਾਅ ਲਈ ਸਰਦੀ ਦੇ ਮੌਸਮ ਵਿਚ ਬੱਚੇ ਦੇ ਸਰੀਰ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ, ਊਨੀ ਗਰਮ ਕੱਪੜੇ ਜਿਆਦਾ ਤੋਂ ਜਿਆਦਾ ਪਹਿਨਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਨਮੂਨੀਆ ਤੋਂ ਬਚਣ ਲਈ ਸਾਨੂੰ ਆਪਣੇ ਹੱਥਾਂ ਨੂੰ ਵਾਰ ਵਾਰ ਧੋਣਾ ਚਾਹੀਦਾ ਹੈ ਤਾਂ ਜੋ ਬੈਕਟੀਰਆ ਨੂੰ ਰੋਕਣ ਵਿਚ ਮਦਦ ਮਿਲ ਸਕੇ । ਘਰ ਤੋ ਬਾਹਰ ਜਾਣ ਸਮੇ ਗਰਮ ਮੋਟੀ ਤਹਿ ਵਾਲੇ ਕੱਪੜੇ, ਦਸਤਾਨੇ, ਮਫਲਰ,ਟੋਪੀ ਆਦਿ ਪਾਉਣੀ ਚਾਹੀਦੀ ਹੈ।ਜਿਆਦਾ ਦੇਰ ਤੱਕ ਘੱਟ ਤਾਪਮਾਨ ਚ ਰਹਿਣ ਨਾਂਲ ਫਰੋਬਾਈਟ ਚਿਲਬਰੇਨ ਹਾਈਪੋਥਰਮੀਆਂ ਜਿਹੀਆਂ ਸਥਿਤੀਆਂ ਪੈਦਾ ਹੋ ਸਕਦੀਆ ਹਨ, ਜਿਸ ਕਾਰਨ ਸਰੀਰ ਠੰਡਾ ਪੈ ਸਕਦਾ ਹੈ, ਕਾਬਾ ਲੱਗਦਾ ਹੈ ਅਤੇ ਥਕਾਵਟ, ਜੁਬਾਨ ਦੀ ਕੰਬਣੀ ਤੋ ਇਲਾਵਾ ਸੋਚ ਸਕਤੀ ਵੀ ਜਾ ਸਕਦੀ ਹੈ। ਸਰੀਰ ਦੇ ਤਾਪਮਾਨ ਦਾ ਸੰਤੁਲਨ ਬਣਾਈ ਰੱਖਣ ਲਈ ਸਿਹਤਮੰਦ ਭੋਜਨ ਖਾਣਾ ਜਰੂਰੀ ਹੈ। ਵਿਟਾਮਿਨ ਸੀ ਨਾਲ ਭਰਪੂਰ ਫਲ ਅਤੇ ਸਬਜੀਆਂ ਖਾਣੀਆਂ ਚਾਹੀਦੀਆ ਹਨ।
ਉਹਨਾਂ ਕਿਹਾ ਕਿ ਰੋਜਾਨਾ ਗਰਮ ਤਰਲ ਪਦਾਰਥ ਪੀਣ ਨਾਲ ਸਰੀਰ ਦਾ ਤਾਪਮਾਨ ਠੀਕ ਰਹਿੰਦਾ ਹੈ। ਚਮੜੀ ਨੂੰ ਖੁਸ਼ਕੀ ਤੋ ਬਚਾਉਣ ਲਈ ਤੇਲ, ਪੈਟਰੋਲੀਅਮ ਜੈਲੀ ਅਤੇ ਬੋਡੀ ਕਰੀਮਾਂ ਲਗਾੳ। ਵਗਦੇ ਅਤੇ ਬੰਦ ਨੱਕ, ਖਾਂਸੀ, ਪੈਰਾਂ ਅਤੇ ਹੱਥਾਂ ਦੀ ਉਗਲਾਂ ਦਾ ਸੁੰਨ ਹੋਣਾ, ਪੀਲਾ ਜਾ ਚਿੱਟਾ ਪੈਣ ਤੇ ਮਾਹਿਰ ਡਾਕਟਰ ਨਾਲ ਸੰਪਰਕ ਕਰੋ। ਠੰਢ ਨਾਲ ਪ੍ਰਭਾਵਿਤ ਹਿੱਸੇ ਨੂੰ ਗੁਣਗੁਣੇ ਪਾਣੀ ਨਾਲ ਧੋਣਾ ਚਾਹੀਦਾ ਹੈ। ਸਰੀਰਿਕ ਕੰਬਣੀ ਨੂੰ ਨਜਰਅੰਦਾਜ ਨਹੀ ਕਰਨਾ ਚਾਹੀਦਾ ਹੈ। ਬੰਦ ਕਮਰੇ ਅੰਦਰ ਅੰਗੀਠੀ, ਕੈਰੋਹੀਟਰ ਆਦਿ ਤੋਂ ਬਚਾਉਣਾ ਚਾਹੀਦਾ ਹੈ ਧੁੰਆਂ ਹੋਂਣ ਕਾਰਨ ਕਮਰੇ ਅੰਦਰ ਆਕਸੀਜਨ ਦੀ ਕਮੀ ਹੋ ਜਾਂਦੀ ਹੈ । ਜਿਸ ਕਾਰਨ ਕਈ ਵਾਰ ਜਾਨ ਦਾ ਖਤਰਾ ਵੀ ਬਣ ਜਾਂਦਾ ਹੈ । ਸੀਤ ਲਹਿਰ ਸਬੰਧੀ ਸਥਾਨਿਕ ਮੌਸਮ ਦੀ ਭਵਿੱਖਬਾਣੀ ਲਈ ਰੇਡੀੳ, ਟੀ ਵੀ ਜਾ ਅਖਬਾਰ ਪੜ੍ਹਨਾ ਚਾਹੀਦਾ ਹੈ ।