ਹੋਮ ਗਾਰਡਜ਼ ਸਿਵਲ ਡਿਫੈਂਸ ਵੱਲੋਂ ਹੰਗਾਮੀ ਸਥਿਤੀਆਂ ਨਾਲ ਨਜਿੱਠਣ ਲਈ ਅਰਿਹੰਤ ਸਪਿਨਿੰਗ ਮਿੱਲਜ਼ 'ਚ ਮੌਕ ਡ੍ਰਿਲ
- ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਅਹਿਤਿਆਤ ਵਜੋਂ ਅਕਸਰ ਹੀ ਕਰਵਾਈ ਜਾਂਦੀ ਮੌਕ ਡਰਿੱਲ- ਸੁਖਪ੍ਰੀਤ ਸਿੰਘ ਸਿੱਧੂ
- ਕਿਸੇ ਵੀ ਆਪਤਾ ਸਥਿਤੀ ਸਮੇਂ ਅਵਾਮ ਅਤੇ ਆਪਣੇ ਆਪ ਨੂੰ ਕਿਵੇਂ ਸੁਰੱਖਿਤ ਰੱਖਣਾ ਹੈ ਇਸ ਦਾ ਹੋਇਆ ਅਭਿਆਸ
- ਮੌਕ ਡਰਿੱਲ ਦੌਰਾਨ ਹੋਮ ਗਾਰਡਜ਼ ਸਿਵਲ ਡਿਫੈਂਸ ,ਪੰਜਾਬ ਪੁਲਿਸ, ਸਿਹਤ,ਸਥਾਨਕ ਸਰਕਾਰਾਂ ਅਤੇ ਹੋਰ ਵਿਭਾਗਾਂ ਵਿਭਾਗਾਂ ਦਾ ਹੋਇਆ ਸਾਂਝਾ ਅਭਿਆਸ
ਮਾਲੇਰਕੋਟਲਾ 07 ਮਈ 2025 - ਪਹਿਲਗਾਮ ਹਮਲੇ ਕਾਰਨ ਪਾਕਿਸਤਾਨ ਵਿਰੁੱਧ ਜਵਾਬੀ ਹਮਲੇ ਦੀ ਤਿਆਰੀ ਬਾਰੇ ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੌਕ ਡ੍ਰਿਲ ਦਾ ਆਯੋਜਨ ਅਰਿਹੰਤ ਸਪਿਨਿੰਗ ਮਿੱਲਜ਼ ਵਿੱਖੇ ਕਰਵਾਇਆ ਗਿਆ । ਅਵਾਮ ਅਤੇ ਮਿੱਲ ਵਿਖੇ ਕੰਮ ਕਰਦੇ ਵਿਅਕਤੀਆਂ ਵਿੱਚ ਆਫ਼ਤ ਦੀ ਤਿਆਰੀ ਅਤੇ ਜਾਗਰੂਕਤਾ ਵਧਾਉਣ ਲਈ ਇੱਕ ਵੱਡੀ ਪਹਿਲਕਦਮੀ ਵਜੋਂ, ਹੋਮ ਗਾਰਡਜ਼ ਸਿਵਲ ਡਿਫੈਂਸ
ਸਿਹਤ ਵਿਭਾਗ, ਪੰਜਾਬ ਪੁਲਿਸ, ਸਥਾਨਕ ਸਰਕਾਰਾਂ ਅਤੇ ਹੋਰ ਸਬੰਧਤ ਵਿਭਾਗਾਂ ਦੀ ਸਾਂਝੇ ਤੌਰ ਤੇ ਅਰਿਹੰਤ ਸਪਿਨਿੰਗ ਮਿੱਲਜ਼ ਵਿਖੇ ਮੌਕ ਡਰਿੱਲ ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੰਧੂ ਦੀ ਦੇਖ ਰੇਖ ਵਿੱਚ ਕਰਵਾਈ ਗਈ । ਇਸ ਮੌਕੇ ਸਹਾਇਕ ਕਮਿਸ਼ਨਰ ਗੁਰਮੀਤ ਕੁਮਾਰ ਬਾਂਸਲ, ਡੀ. ਐਸ.ਪੀ ਕੁਲਦੀਪ ਸਿੰਘ, ਡੀ.ਐਸ.ਪੀ (ਐਚ) ਮਾਨਵਜੀਤ ਸਿੰਘ ਸਿੱਧੂ, ਸਬ ਇੰਸਪੈਕਟਰ ਪੰਜਾਬ ਹੋਮ ਗਾਰਡ ਤਰਵਿੰਦਰ ਸਿੰਘ, ਅਰਿਹੰਤ ਸਪਿਨਿੰਗ ਮਿੱਲਜ਼ ਦੇ ਏ.ਐਸ.ਐਮ.ਰਾਜ ਕੁਮਾਰ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਅਤੇ ਮੁਲਾਜਮ ਮੌਜੂਦ ਸਨ ।
ਮੌਕ ਡਰਿੱਲ ਮੌਕੇ ਫਾਇਰ ਬ੍ਰਿਗੇਡ , ਸਿਹਤ ਵਿਭਾਗ, ਐਮਬੂਲੈਂਸ, ਮਿਲ ਦੀ ਸਿਕਿਊਰਟੀ, ਪੰਜਾਬ ਪੁਲਿਸ, ਪੰਜਾਬ ਹੋਮ ਗਾਰਡ, ਮਿਲ ਦੀ ਫਾਇਰ ਬਰੀਗੇਡ ਟੀਮ ਅਤੇ ਐਮਬੂਲੈਂਸ ਟੀਮ ਵੱਲੋ ਐਮਰਜੈਂਸੀ ਪ੍ਰਤੀਕਿਰਿਆ ਪ੍ਰੋਟੋਕੋਲ ਨੂੰ ਸਮਝਣ ਅਤੇ ਅਭਿਆਸ ਕਰਨ ਲਈ ਇਕੱਠੇ ਹੋ ਕੇ ਸਰਗਰਮ ਭਾਗੀਦਾਰੀ ਕੀਤੀ ਗਈ ।
ਇਸ ਦੌਰਾਨ ਪੰਜਾਬ ਹੋਮ ਗਾਰਡ ਸਿਵਲ ਡਿਫੈਂਸ ਦੇ ਜਵਾਨਾਂ ਦੀਆਂ ਟੀਮਾਂ ਬਣਾਕੇ ਸਾਇਰਨ ਵਜਾਉਣਾ, ਅਸੈਂਬਲੀ ਪੁਆਇੰਟ 'ਤੇ ਗਿਣਤੀ ਕਰਨੀ, ਫ਼ਸੇ ਲੋਕਾਂ ਨੂੰ ਰੈਸਕਿਯੂ ਕਰਨਾ, ਫੋਨ ਕਰਕੇ ਪੁਲਿਸ, ਐਂਬੁਲੈਂਸ ਤੇ ਫਾਇਰ ਬ੍ਰਿਗੇਡ ਨੂੰ ਬੁਲਾਉਣਾ, ਜ਼ਖਮੀਆਂ ਨੂੰ ਮੁਢਲੀ ਸਹਾਇਤਾ, ਸੀ ਪੀ ਆਰ ਵੈਂਟੀਲੈਟਰ ਸਿਸਟਮ, ਅੱਗ ਬੁਝਾਉਣਾ, ਕੰਟਰੋਲ ਰੂਮ, ਲਿਸਟਾਂ ਬਣਾਉਣਾ, ਚੋਰਾਂ ਤੋਂ ਬਚਾਓ, ਧਰਤੀ ਤੇ ਲੇਟਣ ਦੇ ਢੰਗ ਤਰੀਕੇ, ਹਸਪਤਾਲਾਂ ਨੂੰ ਸੰਪਰਕ ਕਰਨਾ ਆਦਿ ਦੀ ਮੌਕ ਡ੍ਰਿਲ ਕੀਤੀ ਗਈ।
.jpg)
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ ਨੇ ਸਿਵਲ ਡਿਫੈਂਸ ਫਸਟ ਏਡ ਫਾਇਰ ਸੇਫਟੀ ਦੀ ਟ੍ਰੇਨਿੰਗ ਅਭਿਆਸ ਅਤੇ ਮੌਕ ਡਰਿੱਲਾਂ ਦੀ ਮਹੱਤਤਾ ਦੱਸੀ ਅਤੇ ਕਿਹਾ ਕਿ ਐਮਰਜੈਂਸੀ ਦੌਰਾਨ ਕੇਵਲ ਸਿੱਖੀ ਹੋਈ ਟ੍ਰੇਨਿੰਗ ਅਭਿਆਸ ਅਤੇ ਮੌਕ ਡਰਿੱਲਾਂ ਹੀ ਕੀਮਤੀ ਜਾਨਾਂ ਨੂੰ ਤਬਾਹੀਆਂ ਤੋਂ ਬਚਾ ਸਕਦੇ ਹਨ। ਉਨ੍ਹਾਂ ਕਿਹਾ ਕਿ ਹਰੇਕ ਸੰਸਥਾ ਨੂੰ ਆਪਣੇ ਸਟਾਫ ਲਈ ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਟ੍ਰੇਨਿੰਗ ਅਭਿਆਸ ਕਰਵਾਉਣ ਲਈ ਯਤਨ ਕਰਨੇ ਚਾਹੀਦੇ ਹਨ।
ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਮੌਕ ਡ੍ਰਿਲ ਦਾ ਉਦੇਸ਼ ਕੁਦਰਤੀ ਅਤੇ ਮਨੁੱਖ ਦੁਆਰਾ ਬਣਾਈਆਂ ਆਫ਼ਤਾਂ ਦੌਰਾਨ ਪ੍ਰਭਾਵਸ਼ਾਲੀ ਪ੍ਰਤੀਕਿਰਿਆ ਵਿਧੀਆਂ ਬਾਰੇ ਲੋਕਾਂ ਨੂੰ ਅਵਗਤ ਕਰਨਾ ਸੀ । ਇਸ ਡਰਿੱਲ ਨੇ ਐਮਰਜੈਂਸੀ ਸਥਿਤੀਆਂ ਵਿੱਚ ਅਪਣਾਈਆਂ ਜਾਣ ਵਾਲੀਆਂ ਪ੍ਰਕਿਰਿਆਵਾਂ ਦੀ ਵਿਹਾਰਕ ਸਮਝ ਪ੍ਰਦਾਨ ਕਰਨ ਵਿੱਚ ਮਦਦ ਕੀਤੀ।
.jpg)
ਉਨ੍ਹਾਂ ਮੌਕ ਡਰਿੱਲ ਦੌਰਾਨ ਹਵਾਈ ਰੇਡ ਸਾਇਰਨ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਨਿਸ਼ਚਿਤ ਸਮੇਂ ਅਨੁਸਾਰ ਇਹ ਅਭਿਆਸ ਕੀਤਾ ਜਾਵੇ ਅਤੇ ਜਨਤਾ ਵਲੋਂ ਇਸ ਵਿੱਚ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਇਕ ਅਭਿਆਸ ਹੈ, ਇਸ ਲਈ ਘਬਰਾਉਣ ਦੀ ਲੋੜ ਨਹੀ ਹੈ। ਉਨ੍ਹਾਂ ਕਿਹਾ ਕਿ ਹੰਗਾਮੀ ਹਾਲਾਤ ਦੌਰਾਨ ਅਹਿਤਿਆਤ ਵਰਤਣ ਲਈ ਅਕਸਰ ਹੀ ਮੌਕ ਡਰਿੱਲ ਕਰਵਾਈ ਜਾਂਦੀ ਹੈ ਅਤੇ ਇਹ ਇਕ ਰੁਟੀਨ ਦੀ ਪ੍ਰਕਿਰਿਆ ਹੈ।