ਸੀ.ਐਮ. ਦੀ ਯੋਗਸ਼ਾਲਾ ਦਾ ਆਮ ਲੋਕਾਂ ਵੱਲੋਂ ਲਿਆ ਜਾ ਰਿਹਾ ਭਰਪੂਰ ਲਾਹਾ : ਡਿਪਟੀ ਕਮਿਸ਼ਨਰ
ਅਸ਼ੋਕ ਵਰਮਾ
ਬਠਿੰਡਾ, 7 ਮਈ 2025 : ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੀ ‘ਸੀ.ਐਮ. ਦੀ ਯੋਗਸ਼ਾਲਾ’ ਜਿੱਥੇ ਕਿ ਆਮ ਲੋਕਾਂ ਦੇ ਲਈ ਵਰਦਾਨ ਸਾਬਿਤ ਹੋ ਰਹੀ ਹੈ ਉੱਥੇ ਹੀ ਲੋਕ ਸੀ.ਐਮ ਦੀ ਯੋਗਸ਼ਾਲਾ ਤਹਿਤ ਯੋਗ ਸਬੰਧੀ ਕਲਾਸਾ ਲਗਾ ਕੇ ਭਰਪੂਰ ਲਾਹਾ ਲੈ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੀ.ਐਮ ਦੀ ਯੋਗਸ਼ਾਲਾ ‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਵਿੱਚ ਵੀ ਵਿਸ਼ੇਸ਼ ਯੋਗਦਾਨ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹੇ ਦੇ ਨਸ਼ਾ ਮੁਕਤੀ ਕੇਂਦਰ ਵਿੱਚ ਮੁਫਤ ਯੋਗ ਕਲਾਸ ਚਲਾਈ ਜਾ ਰਹੀ ਹੈ, ਜਿਸ ਵਿੱਚ ਪੀੜਤਾਂ ਨੂੰ ਯੋਗ ਦੇ ਜਰੀਏ ਉਨਾਂ ਦੀ ਸਰੀਰਕ ਤੇ ਮਾਨਸਿਕ ਸਥਿਤੀ ਨੂੰ ਠੀਕ ਕਰਨ ਦੇ ਲਈ ਵੀ ਯੋਗ ਕਰਵਾਇਆ ਜਾਂਦਾ ਹੈ।
ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਜਿਥੇ ਯੋਗ ਆਸਨ ਦੇ ਜਰੀਏ ਉਨ੍ਹਾਂ ਦੀ ਸਰੀਰਕ ਸਮਰੱਥਾ ਨੂੰ ਵਧਾਇਆ ਜਾ ਰਿਹਾ ਹੈ ਉੱਥੇ ਹੀ ਪੁਰਾਣਾਯਮ ਦੀ ਵਿਧੀ ਰਾਹੀਂ ਉਨ੍ਹਾਂ ਦੇ ਮਨ ਉੱਪਰ ਕੰਟਰੋਲ ਪਾਉਣ ਲਈ ਕਾਰਜ ਕੀਤੇ ਜਾ ਰਹੇ ਹਨ।
ਯੋਗਾ ਟਰੇਨਰ ਹਰਸ਼ ਕੁਮਾਰ ਨੇ ਦੱਸਿਆ ਕਿ ਇਸ ਨਸ਼ਾ ਮੁਕਤੀ ਕੇਂਦਰ ਵਿੱਚ ਦੋ ਸਮੇਂ ‘ਤੇ ਕਲਾਸ ਲਗਾਈ ਜਾ ਰਹੀ ਹੈ, ਜਿਸ ਦਾ ਸਵੇਰ ਦਾ ਸਮਾਂ ਸਵੇਰੇ 7:30 ਤੋਂ 8:30 ਵਜੇ ਅਤੇ ਸ਼ਾਮ ਦਾ ਸਮਾਂ 3:50 ਤੋਂ 4:50 ਤੱਕ ਲਗਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਇਨ੍ਹਾਂ ਮਰੀਜ਼ਾਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਨੇ ਦੱਸਿਆ ਕਿ ਉਨਾਂ ਨੂੰ ਬਹੁਤ ਜਿਆਦਾ ਚੰਗਾ ਲੱਗਦਾ ਹੈ ਤੇ ਉਨ੍ਹਾਂ ਦੇ ਸਰੀਰ ਅਤੇ ਸੁਭਾਅ ਵਿੱਚ ਤਬਦੀਲੀ ਆ ਰਹੀ ਹੈ।