MLA ਡਾ. ਚਰਨਜੀਤ ਸਿੰਘ ਵੱਲੋਂ ਪੰਜ ਸਰਕਾਰੀ ਸਕੂਲਾਂ ਦੇ ਵਿਕਾਸ ਕਾਰਜ ਵਿਦਿਆਰਥੀਆਂ ਨੂੰ ਸਮਰਪਿਤ
ਹਰਜਿੰਦਰ ਸਿੰਘ ਭੱਟੀ
- ਕਿਹਾ ਭਗਵੰਤ ਸਿੰਘ ਮਾਨ ਸਰਕਾਰ ਸਿਹਤ ਅਤੇ ਸਿੱਖਿਆ ਖੇਤਰ ਦੇ ਵਿਕਾਸ ਲਈ ਤਤਪਰ
ਖਰੜ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 19 ਅਪ੍ਰੈਲ 2025 - ਚਮਕੌਰ ਸਾਹਿਬ ਹਲਕੇ ਤੋਂ ਵਿਧਾਇਕ ਡਾ. ਚਰਨਜੀਤ ਸਿੰਘ ਨੇ ਅੱਜ ਖਰੜ ਸਬ ਡਿਵੀਜ਼ਨ ਦੇ ਚਮਕੌਰ ਸਾਹਿਬ ਹਲਕੇ ਵਿੱਚ ਪੈਂਦੇ ਪੰਜ ਸਰਕਾਰੀ ਸਕੂਲਾਂ ਵਿਖੇ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਕਰਵਾਏ ਗਏ 49.68 ਲੱਖ ਰੁਪਏ ਦੇ ਵਿਕਾਸ ਕਾਰਜ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ।
ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਸ਼ਨੀਵਾਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਰੰਗੀਆਂ ਵਿਖੇ 2.5 ਲੱਖ ਰੁਪਏ ਦੀ ਲਾਗਤ ਨਾਲ ਬਣੀ ਚਾਰਦੀਵਾਰੀ, ਸਰਕਾਰੀ ਮਿਡਲ ਸਕੂਲ ਰੰਗੀਆਂ ਵਿਖੇ 4 ਲੱਖ ਰੁਪਏ ਦੀ ਲਾਗਤ ਨਾਲ ਬਣੀ ਚਾਰਦੀਵਾਰੀ, ਸਰਕਾਰੀ ਪ੍ਰਾਇਮਰੀ ਸਕੂਲ ਧੜਾਕ ਕਲਾਂ ਵਿਖੇ 7.51 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਬਣੇ ਕਲਾਸ ਰੂਮ, ਸਰਕਾਰੀ ਹਾਈ ਸਕੂਲ ਚਾਲਕਾਂ ਖੁਰਦ ਵਿਖੇ 14 ਲੱਖ ਰੁਪਏ ਦੀ ਲਾਗਤ ਨਾਲ ਬਣੀ ਚਾਰਦੀਵਾਰੀ, 6.90 ਲੱਖ ਰੁਪਏ ਦੀ ਲਾਗਤ ਨਾਲ ਹੋਈ ਕਲਾਸ ਰੂਮ/ਲੈਬਾਰਟਰੀ ਮੁਰੰਮਤ, 15.02 ਲੱਖ ਰੁਪਏ ਦੀ ਲਾਗਤ ਨਾਲ ਬਣੇ ਦੋ ਨਵੇਂ ਕਲਾਸ ਰੂਮਜ਼, ਸਰਕਾਰੀ ਹਾਈ ਸਕੂਲ ਬੱਸੀਆਂ ਬ੍ਰਾਹਮਣਾਂ ਵਿਖੇ ਇਕ ਪੁਆਇੰਟ 10 ਲੱਖ ਰੁਪਏ ਦੀ ਲਾਗਤ ਨਾਲ ਹੋਈ ਚਾਰ ਦੀਵਾਰੀ ਅਤੇ 2,65,200 ਰੁਪਏ ਦੀ ਲਾਗਤ ਨਾਲ ਹੋਈ ਕਲਾਸ ਰੂਮ ਮੁਰੰਮਤ ਦੇ ਵਿਕਾਸ ਕਾਰਜਾਂ ਨੂੰ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ ਗਿਆ।
ਉਹਨਾਂ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਮੁੱਚੇ ਪੰਜਾਬ ਵਿੱਚ ਸਿਹਤ ਅਤੇ ਸਿੱਖਿਆ ਖੇਤਰ ਨੂੰ ਤਰਜੀਹ ਦੇ ਰਹੀ ਹੈ, ਜਿਸ ਦੇ ਨਤੀਜੇ ਵਜੋਂ ਪੰਜਾਬ ਵਿੱਚ ਹੁਣ ਤੱਕ 81 ਆਮ ਆਦਮੀ ਕਲੀਨਿਕ ਲੋਕਾਂ ਨੂੰ ਮੁਫਤ ਸਿਹਤ ਸਹੂਲਤਾਂ, ਮੁਫਤ ਲੈਬ ਟੈਸਟ, ਮੁਫਤ ਦਵਾਈਆਂ ਦੇ ਰਹੇ ਹਨ। ਇਸੇ ਤਰ੍ਹਾਂ ਸਿੱਖਿਆ ਖੇਤਰ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਕੰਮਲ ਬੁਨਿਆਦੀ ਢਾਂਚਾ ਅਪਗਰੇਡ ਸਹੂਲਤ ਦੇਣ ਅਤੇ ਉਹਨਾਂ ਦੇ ਪੜ੍ਹਨ ਦੇ ਪੱਧਰ ਨੂੰ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਕਰਨ ਲਈ 2 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਰਾਜ ਦੇ 20 ਹਜਾਰ ਸਕੂਲਾਂ ਵਿੱਚ ਜੰਗੀ ਪੱਧਰ ਤੇ ਬੁਨਿਆਦੀ ਢਾਂਚਾ ਅਪਗਰੇਡ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਰਾਜ ਵਿੱਚ 118 ਸਕੂਲ ਆਫ ਐਮੀਨੈਂਸ ਬਣਾਏ ਗਏ ਹਨ ਜਿੱਥੇ ਕਿ ਵਿਦਿਆਰਥੀਆਂ ਨੂੰ ਨੌਵੀਂ ਕਲਾਸ ਤੋਂ ਬਾਰ੍ਹਵੀਂ ਕਲਾਸ ਤੱਕ ਬਹੁਤ ਹੀ ਉੱਚ ਪੱਧਰ ਦੀ ਸਿੱਖਿਆ ਮੁਹਈਆ ਕਰਵਾਈ ਜਾਂਦੀ ਹੈ।
ਉਹਨਾਂ ਦੱਸਿਆ ਕਿ ਨਵੇਂ ਬੁਨਿਆਦੀ ਢਾਂਚਾ ਅਪਗਰੇਡ ਕੰਮਾਂ ਵਿੱਚ ਚਾਰ ਦੀਵਾਰੀ, ਕਲਾਸ ਰੂਮ ਦੀ ਮੁਰੰਮਤ ਅਤੇ ਨਵੇਂ ਕਲਾਸ ਰੂਮ, ਸਾਫ ਸੁਥਰੇ ਪਖਾਨੇ, ਲਾਈਬ੍ਰੇਰੀ, ਲੈਬਾਰਟਰੀ, ਖੇਡ ਮੈਦਾਨ ਆਦਿ ਕੰਮ ਕੀਤੇ ਜਾ ਰਹੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਫਿਨਲੈਂਡ, ਸਿੰਘਾਪੁਰ ਅਤੇ ਆਈ ਆਈ ਐਮ ਅਹਿਮਦਾਬਾਦ ਤੋਂ ਉੱਚ ਪੱਧਰ ਦੀ ਸਿਖਲਾਈ ਦਿਵਾਈ ਗਈ ਹੈ ਤਾਂ ਜੋ ਵਿਦਿਆਰਥੀਆਂ ਦਾ ਸਰਵ ਪੱਖੀ ਵਿਕਾਸ ਹੋ ਸਕੇ।
ਇਸ ਮੌਕੇ ਇਹਨਾਂ ਸਕੂਲਾਂ ਦੇ ਅਧਿਆਪਕ, ਵਿਦਿਆਰਥੀ, ਮਾਪੇ, ਇਲਾਕੇ ਦੇ ਪੰਚ ਸਰਪੰਚ ਅਤੇ ਮੋਹਤਬਰ ਵਿਅਕਤੀ ਮੌਜੂਦ ਸਨ।