Babushahi Special: ਬਠਿੰਡਾ ਦਾ ਬੱਸ ਅੱਡਾ: ਤਿੰਨ ਵਾਰ ਕੱਢਿਆ ਪੰਜਾਬ ਸਰਕਾਰ ਨੇ ਚਿੱਕੜ ਵਿੱਚ ਫਸਿਆ ਗੱਡਾ
ਅਸ਼ੋਕ ਵਰਮਾ
ਬਠਿੰਡਾ,17 ਅਪ੍ਰੈਲ 2025: ਬਠਿੰਡਾ ਸ਼ਹਿਰ ਵਿੱਚ ਵਧਦੀ ਆਵਾਜਾਈ ਦੀ ਸਮੱਸਿਆ ਨੂੰ ਹੱਲ ਕਰਨ ਲਈ ਬੱਸ ਸਟੈਂਡ ਨੂੰ ਸ਼ਹਿਰ ਤੋਂ ਬਾਹਰ ਤਬਦੀਲ ਕਰਨ ਦੀ ਯੋਜਨਾ ਕੋਈ ਪਹਿਲੀ ਵਾਰ ਨਹੀਂ ਬਣੀ ਬਲਕਿ ਇਸ ਤੋਂ ਪਿਛਲੇ 7 ਦਹਾਕਿਆਂ ਦੌਰਾਨ ਬੱਸ ਅੱਡਾ ਤਿੰਨ ਵਾਰ ਤਬਦੀਲ ਕੀਤਾ ਜਾ ਚੁੱਕਿਆ ਹੈ। ਤਕਨੀਕੀ ਮਾਹਿਰਾਂ ਦਾ ਕਹਿਣਾ ਹੈ ਕਿ ਚੌਥੀ ਵਾਰ ਕੀਤੀ ਜਾ ਰਹੀ ਤਬਦੀਲੀ ਕੋਈ ਆਖਰੀ ਨਹੀਂ ਹੈ ਅਤੇ ਭਵਿੱਖ ’ਚ ਵਧਣ ਵਾਲੀ ਅਬਾਦੀ ਦੇ ਮੱਦੇਨਜ਼ਰ ਬਦਲਾਅ ਸੁਭਾਵਿਕ ਹੈ। ਉਨ੍ਹਾਂ ਦੱਸਿਆ ਕਿ ਉਂਜ ਇਹ ਵੀ ਹਕੀਕਤ ਹੈ ਕਿ ਪਹਿਲਾਂ ਦੇ ਉਲਟ ਇਸ ਵਾਰ ਪੰਜਾਬ ਸਰਕਾਰ ਵੱਲੋਂ ਟਰੈਫਿਕ ਦੇ ਵਾਲਿਊਮ ਸਮੇਤ ਹੋਰ ਵੀ ਕਈ ਤਕਨੀਕੀ ਨੁਕਤਿਆਂ ਨੂੰ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ ਤਾਂ ਜੋ ਆਉਣ ਵਾਲੇ 30 ਤੋਂ 40 ਸਾਲਾਂ ਤੱਕ ਬੱਸ ਅੱਡੇ ਵਰਗੇ ਅਹਿਮ ਪ੍ਰੋਜੈਕਟ ਨੂੰ ਤਬਦੀਲ ਕਰਨ ਦੀ ਜਰੂਰਤ ਹੀ ਨਾਂ ਪੈ ਸਕੇ।

ਦਰਅਸਲ ਜਦੋਂ ਬਠਿੰਡਾ ਦੀ ਅਬਾਦੀ ਮਸਾਂ ਡੇਢ 25 ਕੁ ਹਜ਼ਾਰ ਸੀ ਅਤੇ ਸ਼ਹਿਰ ਦਾ ਕੰਮ ਕਾਜ ਮਿਉਂਸਿਪਲ ਕਮੇਟੀ ਚਲਾਉਂਦੀ ਸੀ ਤਾਂ ਉਦੋਂ ਰੇਲਵੇ ਸਟੇਸ਼ਨ ਦੇ ਨਜ਼ਦੀਕ ਬਣੀ ਗਾਂਧੀ ਮਾਰਕੀਟ ਵਾਲੀ ਥਾਂ ਤੇ ਬੱਸ ਅੱਡਾ ਹੁੰਦਾ ਸੀ। ਉਦੋਂ ਰੇਲ ਗੱਡੀਆਂ ਰਾਹੀਂ ਆਉਣ ਜਾਣ ਵਾਲਿਆਂ ਦੀ ਸਹੂਲਤ ਨੂੰ ਮੁੱਖ ਰੱਖਿਆ ਗਿਆ ਸੀ। ਇਹ ਬੱਸ ਅੱਡਾ 60ਵਿਆਂ ਦੇ ਦਹਾਕੇ ਤੱਕ ਚੱਲਦਾ ਰਿਹਾ ਪਰ ਅਬਾਦੀ ਵਧਕੇ ਡੇਢ ਲੱਖ ਹੋ ਗਈ ਜਿਸ ਨੂੰ ਦੇਖਦਿਆਂ ਫੌਜੀ ਚੌਂਕ ਦੇ ਨਜ਼ਦੀਕ ਮਾਰਕੀਟ ਵਾਲੀ ਥਾਂ ਤੇ ਤਬਦੀਲ ਕਰ ਦਿੱਤਾ ਗਿਆ। ਅੱਜ ਵੀ ਬੱਸਾਂ ਇਸ ਥਾਂ ਦੇ ਨਜ਼ਦੀਕ ਰੁਕਦੀਆਂ ਹਨ ਅਤੇ ਜਗ੍ਹਾ ਪੁਰਾਣੇ ਬੱਸ ਅੱਡੇ ਦੇ ਨਾਮ ਨਾਲ ਜਾਣੀ ਜਾਂਦੀ ਹੈ। ਹਾਲਾਂਕਿ ਇਸ ਨਾਲ ਸ਼ਹਿਰ ਦੀ ਟਰੈਫਿਕ ਨੂੰ ਕਾਫੀ ਹੱਦ ਤੱਕ ਰਾਹਤ ਮਿਲੀ ਜੋਕਿ 10 ਸਾਲ ਹੀ ਕਾਇਮ ਰਹੀ ਤੇ ਨਵਾਂ ਅੱਡਾ ਬਨਾਉਣ ਦੀ ਲੋੜ ਮਹਿਸੂਸ ਕੀਤੀ ਗਈ।

ਇਸ ਜਰੂਰਤ ਦੇ ਅਧਾਰ ਤੇ ਮੌਜੂਦਾ ਬੱਸ ਅੱਡੇ ਦਾ ਪ੍ਰਜੈਕਟ ਬਣਿਆ ਸੀ। ਪੀਆਰਟੀਸੀ ਵਰਕਰਜ਼ ਯੂਨੀਅਨ ਦੇ ਆਗੂ ਪ੍ਰੀਤਮ ਸਿੰਘ ਨੇ ਦੱਸਿਆ ਕਿ ਇਸ ਬੱਸ ਅੱਡੇ ਲਈ 1970 ਵਿੱਚ ਜਗ੍ਹਾ ਹਾਸਲ ਕੀਤੀ ਗਈ ਤੇ ਦੋ ਸਾਲ ਬਾਅਦ 1972 ਵਿੱਚ ਬੱਸ ਅੱਡਾ ਚਾਲੂ ਕਰ ਦਿੱਤਾ ਗਿਆ ਸੀ। ਇੱਥੇ ਇਹ ਵੀ ਜਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਜਦੋਂ ਬੱਸ ਅੱਡਾ ਬਣਿਆ ਤਾਂ ਦੁਨੀਆਂ ਖੜ੍ਹ ਖੜ੍ਹ ਦੇਖਦੀ ਸੀ। ਬੱਸ ਅੱਡੇ ਦੇ ਇੱਕ ਤਰਫ ਬਾਹਰਵਾਰ ਡਿਪੂ ਮੈਨੇਜਰ ਦੀ ਰਿਹਾਇਸ਼ ਬਣਾਈ ਗਈ। ਵੱਡੀ ਗੱਲ ਇਹ ਹੈ ਕਿ ਆਵਾਜਾਈ ਨੂੰ ਵੱਡੀ ਰਾਹਤ ਮਿਲੀ ਅਤੇ ਪੀਆਰਟੀਸੀ ਵੱਲੋਂ ਬਣਾਈਆਂ ਦੁਕਾਨਾਂ ’ਚ ਲੋਕਾਂ ਨੂੰ ਰੁਜਗਾਰ ਤੇ ਅਦਾਰੇ ਨੂੰ ਕਿਰਾਏ ਦੇ ਰੂਪ ’ਚ ਬੱਝਵੀ ਆਮਦਨ ਹੋਣ ਲੱਗੀ ਸੀ। ਤੱਤਕਾਲੀ ਪੰਜਾਬ ਸਰਕਾਰ ਨੇ ਪੀਆਰਟੀਸੀ ਦੇ ਡਿਪੂ ਦਾ ਵਿਸਥਾਰ ਕਰਦਿਆਂ ਇਸ ਨੂੰ ਬਠਿੰਡਾ ਵਨ ਅਤੇ ਬਠਿੰਡਾ ਟੂ ਡਿਪੂ ਬਣਾ ਦਿੱਤਾ ।
ਮਾਮਲੇ ਦਾ ਜਿਕਰਯੋਗ ਪਹਿਲੂ ਇਹ ਵੀ ਹੈ ਕਿ ਉਨ੍ਹਾਂ ਦਿਨਾਂ ਦੌਰਾਨ ਵੱਡੀ ਗਿਣਤੀ ਮੁਨਾਫੇ ਵਾਲੇ ਰੂਟਾਂ ਤੇ ਪੀਆਰਟੀਸੀ ਦੀ ਮਨਾਪਲੀ ਹੁੰਦੀ ਸੀ । ਬਠਿੰਡਾ ਦੇ ਬੱਸ ਅੱਡੇ ਚੋਂ ਸਰਕਾਰੀ ਬੱਸਾਂ ਹਵਾ ਨੂੰ ਗੰਢਾਂ ਦਿੰਦੀਆਂ ਨਿਕਲਦੀਆਂ ਸਨ ਜਿੰਨ੍ਹਾਂ ਨੂੰ ਕੁੱਝ ਸਿਆਸੀ ਤੌਰ ਤੇ ਰਸੂਖਵਾਨ ਘਰਾਣਿਆਂ ਵੱਲੋਂ ਸ਼ੁਰੂ ਕੀਤੀ ਗਈ ਬੱਸ ਸੇਵਾ ਨੇ ਖਾ ਲਿਆ ਅਤੇ ਬੱਸ ਅੱਡਾ ਖਸਤਾਹਾਲ ਹੋ ਗਿਆ। ਜਾਣਕਾਰੀ ਅਨੁਸਾਰ ਬਠਿੰਡਾ ਡਿਪੂ ਦੇ ਬੱਸ ਅੱਡੇ ਤੇ ਵਰਕਸ਼ਾਪ ਦੀ ਜਗ੍ਹਾ ਤਕਰੀਬਨ 58 ਹਜ਼ਾਰ ਵਰਗ ਗਜ ਹੈ ਜਿਸ ਚੋਂ ਕਰੀਬ 6.5 ਏਕੜ ਵਿੱਚ ਇਕੱਲਾ ਬੱਸ ਅੱਡਾ ਹੈ। ਸਾਲ 2007 ਦੌਰਾਨ ਸੱਤਾ ’ਚ ਆਈ ਗਠਜੋੜ ਸਰਕਾਰ ਨੇ ਇਸ ਬੱਸ ਅੱਡੇ ਨੂੰ ਏ.ਸੀ. ਬਣਾਉਣ ਲਈ ਪ੍ਰਾਜੈਕਟ ਤਿਆਰ ਕੀਤਾ ਸੀ। ਬੱਸ ਅੱਡਾ ਚਾਰ ਮੰਜ਼ਿਲਾ ਬਣਾਇਆ ਜਾਣਾ ਸੀ ਅਤੇ ਇੱਕ ਬੇਸਮੈਂਟ ਵੀ ਤਿਆਰ ਕੀਤੀ ਜਾਣੀ ਸੀ, ਜਿਸ ਨੂੰ ਪਾਰਕਿੰਗ ਵਾਸਤੇ ਵਰਤਣ ਦੀ ਯੋਜਨਾ ਸੀ।
ਉਦੋਂ ਆਧੁਨਿਕ ਬੱਸ ਅੱਡੇ ਵਿੱਚ 25 ਹਜ਼ਾਰ ਵਰਗ ਗਜ਼ ਜਗ੍ਹਾ ਵਪਾਰਕ ਮਕਸਦ ਲਈ ਰਾਖਵੀਂ ਰੱਖੀ ਗਈ ਸੀ। ਤੱਤਕਾਲੀ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਬਹੁਮੰਜਿਲਾ ਏਸੀ ਬੱਸ ਅੱਡਾ ਬਨਾਉਣ ਦੇ ਸੁਫਨੇ ਦਿਖਾਏ ਸਨ। ਕਾਫੀ ਸਮਾਂ ਤਾਂ ਡਿਪਟੀ ਸੀਐਮ ਸੁਖਬੀਰ ਬਾਦਲ ਸਟੇਜਾਂ ਤੋਂ ਏਸੀ ਬੱਸ ਅੱਡਾ ਬਣਾਉਣ ਬਾਰੇ ਪ੍ਰਚਾਰਦੇ ਰਹੇ ਅਤੇ ਅੰਤ ਨੂੰ ਸਰਕਾਰ ਨੇ ਚੁੱਪ ਵੱਟ ਲਈ। ਅੰਦਰੋਂ ਅੰਦਰੀ ਬੱਸ ਅੱਡੇ ਨੂੰ ਵੇਚਣ ਅਤੇ ਸ਼ਹਿਰ ਵਿੱਚੋਂ ਬਾਹਰ ਲਿਜਾਣ ਦੀ ਗੱਲ ਵੀ ਚੱਲਦੀ ਰਹੀ ਜੋ ਵਿਰੋਧ ਕਾਰਨ ਸਿਰੇ ਨਹੀਂ ਚੜ੍ਹ ਸਕੀ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 16 ਦਸੰਬਰ 2016 ਨੂੰ ਤੱਤਕਾਲੀ ਸੰਸਦ ਮੈਂਬਰ ਹਰਸਿਮਰਤ ਬਾਦਲ ਨੇ ਪਟੇਲ ਨਗਰ ’ਚ ਇੰਪਰੂਵਮੈਂਟ ਟਰੱਸਟ ਦੀ ਥਾਂ ਵਿੱਚ ਨਵਾਂ ਬੱਸ ਅੱਡਾ ਬਨਾਉਣ ਲਈ ਨੀਂਹ ਪੱਥਰ ਰੱਖਿਆ ਜੋ ਫੌਜ ਪ੍ਰਸ਼ਾਸ਼ਨ ਵੱਲੋਂ ਲਾਏ ਇਤਰਾਜਾਂ ਕਾਰਨ ਅਧਵਾਟੇ ਲਟਕ ਗਿਆ।
ਚੌਥੀ ਵਾਰ ਮਲੋਟ ਰੋਡ ਦੀ ਚੋਣ
ਸਾਲ 2017 ’ਚ ਬਣੀ ਕਾਂਗਰਸ ਸਰਕਾਰ ਦੇ ਰਾਜ ’ਚ ਬੱਸ ਅੱਡਾ ਬਨਾਉਣ ਦੇ ਯਤਨ ਹੋਏ ਜਿੰਨ੍ਹਾਂ ਨੂੰ ਬੂਰ ਨਾਂ ਪਿਆ। ਸਾਲ 2022 ਦੀਆਂ ਚੋਣਾਂ ਵਿੱਚ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਲੋਟ ਰੋਡ ਤੇ ਬੱਸ ਅੱਡਾ ਬਨਾਉਣ ਦਾ ਫੈਸਲਾ ਲੈ ਲਿਆ ਅਤੇ ਥਰਮਲ ਵਾਲੀ ਥਾਂ ਦੀ ਚੋਣ ਕਰ ਲਈ। ਸ਼ਹਿਰੀ ਹਲਕੇ ਤੋਂ ਵਿਧਾਇਕ ਵੀ ਇਸ ਪ੍ਰਜੈਕਟ ਦੀ ਵਕਾਲਤ ਕਰ ਚੁੱਕੇ ਹਨ । ਹੁਣ ਪੰਜਾਬ ਸਰਕਾਰ ਵੱਲੋਂ ਹਰੀ ਝੰਡੀ ਦਿਖਾਉਣ ਦੀ ਉਡੀਕ ਕੀਤੀ ਜਾ ਰਹੀ ਹੈ। ਮਹੱਤਵਪੂਰਨ ਇਹ ਹੈ ਕਿ ਵੱਡੀ ਗਿਣਤੀ ਧਿਰਾਂ ਨਵੇਂ ਪ੍ਰਜੈਕਟ ਦਾ ਵਿਰੋਧ ਕਰ ਰਹੀਆਂ ਹਨ ਜਦੋਂਕਿ ਕਈਆਂ ਨੇ ਪਿੱਠ ਵੀ ਥਾਪੜੀ ਹੈ।