ਖੰਨਾ: ਪਰਾਲੀ ਦੇ ਡੰਪ 'ਚ ਭਿਆਨਕ ਅੱਗ, ਮੈਰਿਜ ਪੈਲੇਸ ਤੇ ਗੈਸ ਏਜੰਸੀ ਨੂੰ ਵੱਡਾ ਖਤਰਾ, ਰਿਹਾਇਸ਼ੀ ਇਲਾਕਾ ਡਰ ਵਿਚ
ਪਿੰਡ ਰਾਈਮਾਜਰਾ 'ਚ 15 ਏਕੜ ਵਿੱਚ ਲੱਗੀ ਅੱਗ, ਰਾਤੋਂ-ਰਾਤ ਗੈਸ ਏਜੰਸੀ ਖਾਲੀ ਕਰਵਾਈ ਗਈ, ਅੱਜ ਤੱਕ ਵੀ ਅੱਗ 'ਤੇ ਕਾਬੂ ਨਹੀਂ
ਰਵਿੰਦਰ ਸਿੰਘ
ਖੰਨਾ/ਪਾਇਲ, 19 ਅਪ੍ਰੈਲ: ਪਾਇਲ ਸਬ-ਡਵੀਜ਼ਨ ਦੇ ਪਿੰਡ ਰਾਈਮਾਜਰਾ ਵਿੱਚ ਸ਼ੁੱਕਰਵਾਰ ਰਾਤ ਦੇ ਸਮੇਂ ਆਈ ਤੇਜ਼ ਹਨ੍ਹੇਰੀ ਨਾਲ ਪਰਾਲੀ ਦੇ ਡੰਪ 'ਚ ਭਿਆਨਕ ਅੱਗ ਲੱਗ ਗਈ। ਲਗਭਗ 15 ਏਕੜ ਵਿੱਚ ਫੈਲੇ ਇਸ ਡੰਪ ਨੇ ਤੁਰੰਤ ਹੀ ਅੱਗ ਦੀ ਲਪੇਟ 'ਚ ਆ ਕੇ ਨੇੜਲੇ ਗੋਲਡਨ ਪਾਮ ਮੈਰਿਜ ਪੈਲੇਸ, ਗੈਸ ਏਜੰਸੀ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਵੀ ਖ਼ਤਰੇ 'ਚ ਪਾ ਦਿੱਤਾ।
ਸਾਰੀ ਰਾਤ ਕਿਸਾਨ ਟਰੈਕਟਰ-ਟਰਾਲੀਆਂ ਨਾਲ ਜੁਟੇ ਰਹੇ
ਅੱਗ ਦੇ ਭੜਕਣ ਤੋਂ ਬਾਅਦ ਨੇੜਲੇ ਪਿੰਡਾਂ ਵਿੱਚ ਹਫੜਾ-ਦਫੜੀ ਮਚ ਗਈ। ਮੁਨਾਦੀ ਕਰਕੇ ਲੋਕਾਂ ਨੂੰ ਸਾਵਧਾਨ ਕੀਤਾ ਗਿਆ। ਕਿਸਾਨ ਟਰੈਕਟਰ ਟਰਾਲੀਆਂ ਨਾਲ ਸਾਰੀ ਰਾਤ ਅੱਗ ਬੁਝਾਉਣ ਵਿੱਚ ਲੱਗੇ ਰਹੇ। ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਵੱਖ-ਵੱਖ ਸਟੇਸ਼ਨਾਂ ਤੋਂ ਮੰਗਵਾਈਆਂ ਗਈਆਂ, ਪਰ ਸ਼ਨੀਵਾਰ ਦੁਪਹਿਰ ਤੱਕ ਵੀ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ।
ਮੈਰਿਜ ਪੈਲੇਸ ਅਤੇ ਗੈਸ ਏਜੰਸੀ ਬਚੀ, ਪਰ ਖਤਰਾ ਹਾਲੇ ਵੀ ਬਰਕਰਾਰ
ਮੈਰਿਜ ਪੈਲੇਸ ਦੇ ਮਾਲਕ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਪਰਾਲੀ ਦੇ ਇਸ ਗੈਰਕਾਨੂੰਨੀ ਡੰਪ ਨੂੰ ਹਟਾਉਣ ਦੀ ਮੰਗ ਕਰ ਰਹੇ ਸਨ। ਉਨ੍ਹਾਂ ਕਿਹਾ,
“ਅਸੀਂ ਆਪਣਾ ਸਟਾਫ਼ ਅਤੇ ਉਪਕਰਣ ਰਾਤ ਨੂੰ ਤਾਇਨਾਤ ਕੀਤੇ, ਨਹੀਂ ਤਾਂ ਪੈਲੇਸ ਨੂੰ ਨੁਕਸਾਨ ਹੋ ਸਕਦਾ ਸੀ। ਅੱਗ ਹਾਲੇ ਵੀ ਲੱਗੀ ਹੋਈ ਹੈ।”
ਵਿਧਾਇਕ ਗਿਆਸਪੁਰਾ ਵੱਲੋਂ ਤੁਰੰਤ ਕਾਰਵਾਈ ਦੇ ਹੁਕਮ
ਘਟਨਾ ਦੀ ਸੂਚਨਾ ਮਿਲਣ 'ਤੇ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਸਵੇਰੇ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ
“ਮੈਰਿਜ ਪੈਲੇਸ ਨਾਲ ਲੱਗਦੇ ਪਰਾਲੀ ਡੰਪ ਨੂੰ ਤੁਰੰਤ ਹਟਾਇਆ ਜਾਵੇ। ਗੈਸ ਏਜੰਸੀ ਨੂੰ ਰਾਤ ਨੂੰ ਹੀ ਖਾਲੀ ਕਰਵਾ ਲਿਆ ਗਿਆ ਸੀ, ਨਹੀਂ ਤਾਂ ਹਾਦਸਾ ਹੋ ਸਕਦਾ ਸੀ।”