ਪੱਤਰਕਾਰਾਂ ਦਾ ਮਾਨ-ਸਨਮਾਨ ਬਹਾਲ ਰੱਖਣ ਲਈ ਜ਼ਿਲ੍ਹੇ ਭਰ ਦੇ ਪੱਤਰਕਾਰਾਂ ਨੇ ਇਕ ਪਲੇਟਫਾਰਮ ‘ਤੇ ਇੱਕਠਾ ਹੋਣ ਦਾ ਕੀਤਾ ਫੈਸਲਾ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 19 ਅਪ੍ਰੈਲ 2025, ਮਾਲੇਰਕੋਟਲਾ ਜ਼ਿਲਾ ਪ੍ਰੈਸ ਕਲੱਬ ਦੀ ਇੱਕ ਅਹਿਮ ਮੀਟਿੰਗ ਜ਼ਿਲਾ ਪ੍ਰਧਾਨ ਸ਼ਹਾਬੂਦੀਨ ਦੀ ਪ੍ਰਧਾਨਗੀ ਹੇਠ ਇਥੇ ਮਾਲੇਰਕੋਟਲਾ ਕਲੱਬ ਵਿਖੇ ਹੋਈ।ਜਿਸ ‘ਚ ਤਿੰਨ ਦਰਜਣ ਦੇ ਕਰੀਬ ਪੱਤਰਕਾਰਾਂ ਨੇ ਸ਼ਿਰਕਤ ਕੀਤੀ।ਮੀਟਿੰਗ ‘ਚ ਪੱਤਰਕਾਰਾਂ ਨੂੰ ਫੀਲਡ ਅੰਦਰ ਕਵਰੇਜ਼ ਕਰਨ ਦੌਰਾਨ ਪੇਸ਼ ਆਉਂਦੀਆਂ ਸਮੱਸਿਆਵਾਂ ਸਬੰਧੀ ਚਰਚਾ ਕਰਨ ਤੋਂ ਇਲਾਵਾ ਜ਼ਿਲੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪੱਤਰਕਾਰਾਂ ਨੂੰ ਬਣਦਾ ਮਾਨ-ਸਨਮਾਨ ਨਾ ਦੇਣ ਦੇ ਮੁੱਦੇ ‘ਤੇ ਵੀ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਜ਼ਿਲਾ ਪ੍ਰਧਾਨ ਸ਼ਹਾਬੂਦੀਨ ਨੇ ਕਿਹਾ ਗਿਆ ਕਿ ਪ੍ਰਸ਼ਾਸਨਿਕ ਅਧਿਕਾਰੀ ਪੱਤਰਕਾਰਾਂ ਨੂੰ ਸਿਰਫ ਆਪਣੀ ਵਾਹ-ਵਾਹ ਕਰਾਉਣ ਲਈ ਹੀ ਵਰਤ ਰਹੇ ਹਨ।ਪੱਤਰਕਾਰ ਵਰਗ ਆਪਣਾ ਕੀਮਤੀ ਸਮਾਂ ਖਰਾਬ ਕਰਕੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਪ੍ਰੈਸ ਨੋਟ ਲਿਖਦਾ ਤੇ ਛਾਪਦਾ ਹੈ ਪਰੰਤੂ ਇਨ੍ਹਾਂ ਅਧਿਕਾਰੀਆਂ ਕੋਲ ਪੱਤਰਕਾਰਾਂ ਦੀਆਂ ਸਮੱਸਿਆਵਾਂ ਸੁਨਣ ਲਈ ਵੀ ਸਮਾਂ ਤੱਕ ਨਹੀਂ ਹੈ।
ਇਥੋਂ ਤੱਕ ਕਿ ਜੇਕਰ ਪੱਤਰਕਾਰ ਕਿਸੇ ਖਬਰ ਦੇ ਸਬੰਧ ‘ਚ ਜ਼ਿਲਾ ਪ੍ਰਸ਼ਾਸਨ ਦਾ ਪੱਖ ਲੈਣ ਲਈ ਫੋਨ ਕਰਦੇ ਹਨ ਤਾਂ ਇਹ ਜ਼ਿਲਾ ਪ੍ਰਸ਼ਾਸਨਿਕ ਅਧਿਕਾਰੀ ਪੱਤਰਕਾਰਾਂ ਦੇ ਫੋਨ ਸੁਨਣਾ ਵੀ ਮੁਨਾਸਿਵ ਨਹੀਂ ਸਮਝਦੇ।ਜ਼ਿਲਾ ਪ੍ਰਸ਼ਾਸਨ ਦੇ ਇਸ ਰਵੱਈਏ ‘ਤੇ ਨਰਾਜ਼ਗੀ ਜ਼ਾਹਿਰ ਕਰਦਿਆਂ ਪੱਤਰਕਾਰਾਂ ਨੇ ਮੀਡੀਆ ਦਾ ਬਣਦਾ ਮਾਨ-ਸਨਮਾਨ ਬਹਾਲ ਰੱਖਣ ਲਈ ਜ਼ਿਲੇ ਦੇ ਸਮੂਹ ਪੱਤਰਕਾਰਾਂ ਦੀ ਅਗਲੇ ਦੋ ਦਿਨਾਂ ਅੰਦਰ ਮੀਟਿੰਗ ਬੁਲਾ ਕੇ ਸਖਤ ਸਟੈਂਡ ਲੈਣ ਦਾ ਫੈਸਲਾ ਕੀਤਾ ਹੈ ਅਤੇ ਸਮੂਹ ਪੱਤਰਕਾਰਾਂ ਦੀ ਉਕਤ ਹੋਣ ਵਾਲੀ ਮੀਟਿੰਗ ਤੱਕ ਜ਼ਿਲੇ ਦੇ ਮੁੱਖ ਸਿਵਲ ਤੇ ਪੁਲਸ ਅਧਿਕਾਰੀਆਂ ਦੀ ਕਵਰੇਜ਼ ਨਾ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ।
ਮੀਟਿੰਗ ‘ਚ ਇੱਕ ਹੋਰ ਮਤੇ ਰਾਹੀਂ ਸਮੁੱਚੇ ਜ਼ਿਲੇ ਭਰ ਦੇ ਪੱਤਰਕਾਰਾਂ ਨੂੰ ਇੱਕ ਪਲੇਟਫਾਰਮ ‘ਤੇ ਇੱਕਠਾ ਕਰਨ ਦੀ ਰੂਪ ਰੇਖਾ ਉਲੀਕਦਿਆਂ 6 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ।ਜਿਸ ‘ਚ ਸ਼ਹਾਬੂਦੀਨ, ਮੁਨਸ਼ੀ ਫਾਰੂਕ ਅਹਿਮਦ, ਦਲਜਿੰਦਰ ਸਿੰਘ ਕਲਸੀ, ਯਾਸੀਨ ਅਲੀ, ਭੁਪੇਸ਼ ਜੈਨ, ਮੁਹੰਮਦ ਅਸਲਮ ਨਾਜ਼ ਅਤੇ ਸੁਮੰਤ ਤਲਵਾਨੀ ਨੂੰ ਸ਼ਾਮਲ ਕੀਤਾ ਗਿਆ ਹੈ।ਇਨ੍ਹਾਂ ਤੋਂ ਇਲਾਵਾ ਹੋਰ ਪੱਤਰਕਾਰ ਸਾਥੀ ਵੀ ਇਸ ਕਮੇਟੀ ਨੂੰ ਆਪਣਾ ਸਹਿਯੋਗ ਦੇਣਗੇ।