ਪੈਨਸ਼ਨਰਾਂ ਵਲੋਂ ਭੁੱਖ ਹੜਤਾਲ ਕਰਕੇ ਮੁੱਖ ਮੰਤਰੀ ਨੂੰ ਭੇਜੇ ਜਾਣਗੇ ਮੰਗ ਪੱਤਰ
* ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ 8, 13 ਅਤੇ 18 ਫਰਵਰੀ ਨੂੰ ਵਿਧਾਇਕਾਂ ਨੂੰ ਮੰਗ ਪੱਤਰ ਦੇਣ ਲਈ ਭਰਵੀਂ ਸ਼ਮੂਲੀਅਤ ਦਾ ਫੈਸਲਾ
* ਬਜਟ ਸੈਸ਼ਨ ਦੌਰਾਨ ਚੰਡੀਗੜ੍ਹ ਵਿਖੇ ਚਾਰ ਦਿਨਾ ਰੋਸ ਪ੍ਰਦਰਸ਼ਨ ਲਈ ਤਿਆਰ ਰਹਿਣ ਦਾ ਸੱਦਾ
* ਪੈਨਸ਼ਨਰ ਮਸਲਿਆਂ ਲਈ ਲੜਦਿਆਂ ਦੇਸ਼ ਦੇ ਸੰਵਿਧਾਨ ਅਤੇ ਜਮਹੂਰੀਅਤ ਦੀ ਰਾਖੀ ਦੀ ਅਪੀਲ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 06 ਫਰਵਰੀ,2025 - ਪੰਜਾਬ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮੀਟਿੰਗ ਸੋਮ ਲਾਲ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਦੇ ਮੀਟਿੰਗ ਹਾਲ ਵਿੱਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜੀਤ ਲਾਲ ਗੋਹਲੜੋਂ, ਅਸੋਕ ਕੁਮਾਰ, ਕੁਲਦੀਪ ਸਿੰਘ ਦੌੜਕਾ, ਕਰਨੈਲ ਸਿੰਘ ਰਾਹੋਂ, ਜੋਗਾ ਸਿੰਘ, ਜਸਵੀਰ ਸਿੰਘ ਮੋਰੋਂ, ਸਰਵਣ ਰਾਮ, ਰਾਮ ਪਾਲ, ਰੇਸ਼ਮ ਲਾਲ, ਦੇਸ ਰਾਜ ਬੱਜੋਂ, ਸੋਖੀ ਰਾਮ, ਜਸਵੀਰ ਸਿੰਘ ਮੰਗੂਵਾਲ, ਪ੍ਰਿੰ ਧਰਮ ਪਾਲ, ਟੋਡਰ ਮੱਲ, ਪ੍ਰਿੰ ਈਸ਼ਵਰ ਚੰਦਰ, ਰਾਮ ਲਾਲ ਆਦਿ ਨੇ ਸਾਲਾਂ ਤੋਂ ਲਟਕਦੇ ਪੈਨਸ਼ਨਰਾਂ ਦੇ ਮਸਲਿਆਂ ਦੇ ਹੱਲ ਲਈ ਸੰਘਰਸ਼ ਦੇ ਨਾਲ ਨਾਲ ਦੇਸ਼ ਦੇ ਸੰਵਿਧਾਨ, ਜਮਹੂਰੀਅਤ, ਏਕਤਾ ਅਤੇ ਅਖੰਡਤਾ ਦੀ ਰਾਖੀ ਕਰਨ ਦੀ ਅਪੀਲ ਕੀਤੀ।
7 ਫਰਵਰੀ ਨੂੰ ਪੈਨਸ਼ਨਰਜ਼ ਸਾਂਝੇ ਫਰੰਟ ਵਲੋਂ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਭੁੱਖ ਹੜਤਾਲ ਕਰਕੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਣ ਦੇ ਐਕਸ਼ਨ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ।ਆਗੂਆਂ ਨੇ 01 ਜਨਵਰੀ 2016 ਤੋਂ ਤਨਖਾਹ ਕਮਿਸ਼ਨ ਦੀਆਂ ਤਰੁਟੀਆਂ ਦੂਰ ਕਰਕੇ 125% ਮਹਿੰਗਾਈ ਭੱਤੇ 'ਤੇ 2.59 ਦਾ ਸਿਫਾਰਿਸ਼ ਕੀਤਾ ਗੁਣਾਂਕ ਲਾਗੂ ਕਰਨ, ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ ਜਾਰੀ ਕਰਨ, ਤਨਖਾਹ ਦੁਹਰਾਈ ਅਤੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੇ ਬਕਾਏ ਜਾਰੀ ਕਰਨ, 20 ਸਾਲ ਦੀ ਸਰਵਿਸ ਬਾਅਦ ਪੂਰੇ ਪੈਨਸ਼ਨਰੀ ਲਾਭ ਜਾਰੀ ਕਰਨ, ਕੈਸ਼ ਲੈੱਸ ਹੈਲਥ ਸਕੀਮ ਸੋਧ ਕੇ ਲਾਗੂ ਕਰਨ, ਮੈਡੀਕਲ ਕਲੇਮ ਤੁਰੰਤ ਜਾਰੀ ਕਰਨ ਆਦਿ ਮੰਗਾਂ ਦਾ ਤੁਰੰਤ ਨਿਪਟਾਰਾ ਕਰਨ ਦੀ ਮੰਗ ਕੀਤੀ।
ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਦੇ ਫੈਸਲੇ ਅਨੁਸਾਰ 8 ਫਰਵਰੀ ਨੂੰ ਬੰਗਾ ਹਲਕੇ ਦੇ ਵਿਧਾਇਕ ਸੁਖਵਿੰਦਰ ਸੁਖੀ ਨੂੰ ਮੰਗ ਪੱਤਰ ਦੇਣ, 13 ਫਰਵਰੀ ਨੂੰ ਨਵਾਂ ਸ਼ਹਿਰ ਦੇ ਵਿਧਾਇਕ ਨਛੱਤਰ ਪਾਲ ਨੂੰ ਮੰਗ ਪੱਤਰ ਦੇਣ ਅਤੇ 18 ਫਰਵਰੀ ਨੂੰ ਬਲਾਚੌਰ ਦੀ ਵਿਧਾਇਕਾ ਸੰਤੋਸ਼ ਕਟਾਰੀਆ ਨੂੰ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਦੇਣ ਦੇ ਐਕਸ਼ਨਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ। ਬਜਟ ਸੈਸ਼ਨ ਦੌਰਾਨ ਚੰਡੀਗੜ੍ਹ ਵਿਖੇ ਕੀਤੇ ਜਾ ਰਹੇ ਚਾਰ ਦਿਨਾਂ ਰੋਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕਰਨ ਲਈ ਪੈਨਸ਼ਨਰਾਂ ਨੂੰ ਬਜਟ ਸੈਸ਼ਨ ਦੇ ਐਲਾਨ ਅਨੁਸਾਰ ਤਿਆਰ ਰਹਿਣ ਦਾ ਸੱਦਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਸ ਪੰਜਾਬ ਸਰਕਾਰ ਦੇ ਤਿੰਨ ਸਾਲ ਬੀਤਣ ਉਪਰੰਤ ਵੀ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਗਿਆ। ਕੇਂਦਰ ਸਰਕਾਰ ਵੱਲੋਂ ਅਗਲੇ ਤਨਖਾਹ ਕਮਿਸ਼ਨ ਦਾ ਐਲਾਨ ਕਰ ਦਿੱਤਾ ਗਿਆ ਹੈ, ਪਰ ਪੰਜਾਬ ਸਰਕਾਰ ਵੱਲੋਂ ਪਿਛਲੇ ਤਨਖਾਹ ਕਮਿਸ਼ਨਾਂ ਵੱਲੋਂ ਦਿੱਤੀਆਂ ਗਈਆਂ ਸਹੂਲਤਾਂ ਅਤੇ ਲਾਭ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਤੋਂ ਖੋਹ ਲਏ ਹਨ। ਜਿਸ ਕਾਰਨ ਮੁਲਾਜ਼ਮ ਅਤੇ ਪੈਨਸ਼ਨਰ ਸੜਕਾਂ ਤੇ ਆਉਣ ਲਈ ਮਜਬੂਰ ਹੋ ਰਹੇ ਹਨ।
ਇਸ ਸਮੇਂ ਅਵਤਾਰ ਸਿੰਘ, ਸਰੂਪ ਲਾਲ, ਕੇਵਲ ਰਾਮ, ਦਵਿੰਦਰ ਸਿੰਘ, ਹਰਵਿੰਦਰ ਸਿੰਘ, ਹਰਦਿਆਲ ਸਿੰਘ, ਪ੍ਰੇਮ ਰਤਨ, ਜਰਨੈਲ ਸਿੰਘ, ਮਹਿੰਦਰ ਪਾਲ, ਹਰਭਜਨ ਸਿੰਘ, ਸਵਰਨਜੀਤ ਸਿੰਘ, ਸੰਤੋਖ Thnx ਸੁਰਜੀਤ ਰਾਮ, ਮਹਿੰਗਾ ਰਾਮ, ਤਰਸੇਮ ਸਿੰਘ, ਨਿਰਮਲ ਦਾਸ, ਦੀਦਾਰ ਸਿੰਘ, ਹਰਭਜਨ ਸਿੰਘ, ਐਚ ਐਸ ਭਾਵੜਾ ਆਦਿ ਹਾਜ਼ਰ ਸਨ।