ਵੱਖੋ ਵੱਖਰੇ ਤਿਉਹਾਰ ਸਾਡੇ ਅਮੀਰ ਸੱਭਿਆਚਾਰ ਦਾ ਅਟੁੱਟ ਹਿੱਸਾ ਹਨ: ਡਾ. ਸਤਿਬੀਰ ਸਿੰਘ ਗੋਸਲ
ਲੁਧਿਆਣਾ 17 ਜਨਵਰੀ, 2025 - ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਹੈ ਕਿ ਸਮੁੱਚੇ ਭਾਰਤ ਵਿਚ ਮਨਾਏ ਜਾਂਦੇ ਵੱਖ-ਵੱਖ ਤਿਉਹਾਰ ਸਾਡੇ ਅਮੀਰ ਸੱਭਿਆਚਾਰ ਦਾ ਹਿੱਸਾ ਹਨ|
ਯੂਨੀਵਰਸਿਟੀ ਵਿੱਚ ਲੋਹੜੀ ਦਾ ਤਿਉਹਾਰ ਮਨਾਉਣ ਸਮੇਂ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਡਾ. ਗੋਸਲ ਨੇ ਕਿਹਾ ਕਿ ਲੋਹੜੀ ਸਰਦ ਰੁੱਤ ਦਾ ਅਹਿਮ ਤਿਉਹਾਰ ਹੈ ਜਿੱਥੇ ਸਾਡੇ ਲੋਕ ਮਿਲ ਕੇ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਦੇ ਹਨ| ਉਹਨਾਂ ਕਿਹਾ ਕਿ ਇਹ ਤਿਉਹਾਰ ਵਿਸ਼ੇਸ਼ ਤੌਰ ਤੇ ਦੁੱਲਾ ਭੱਟੀ ਦੀ ਅਣਖ ਭਰੀ ਕਹਾਣੀ ਨਾਲ ਜੁੜਿਆ ਹੋਣ ਕਰਕੇ ਪੰਜਾਬੀਆਂ ਦੇ ਅਣਖੀਲੇ ਸੁਭਾਅ ਅਤੇ ਮਿਹਨਤਕਸ਼ ਹੋਣ ਦਾ ਵੀ ਪ੍ਰਤੀਕ ਹੈ| ਡਾ. ਗੋਸਲ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਪੰਜਾਬ ਅਤੇ ਭਾਰਤ ਵਿਚ ਮਨਾਏ ਜਾਂਦੇ ਤਿਉਹਾਰਾਂ ਦੇ ਨਾਲ ਹਮੇਸ਼ਾਂ ਜੁੜ ਕੇ ਰਹਿਣ ਤਾਂ ਕਿ ਉਹਨਾਂ ਨੂੰ ਆਪਣੀ ਵਿਰਾਸਤ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਬਾਰੇ ਜਾਗਰੂਕਤਾ ਮਿਲਦੀ ਰਹੇ| ਡਾ. ਗੋਸਲ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਵੱਧ ਤੋਂ ਵੱਧ ਕੋਸ਼ਿਸ਼ ਕਰਿਆ ਕਰਨ ਕਿ ਉਹ ਅਜਿਹੇ ਤਿਉਹਾਰ ਆਪਣੇ ਮਾਂ-ਬਾਪ, ਭੈਣ-ਭਰਾ ਅਤੇ ਹੋਰ ਪਰਿਵਾਰਕ ਮੈਂਬਰਾਂ ਵਿਚ ਬੈਠ ਕੇ ਮਨਾਇਆ ਕਰਨ| ਡਾ. ਗੋਸਲ ਨੇ ਲੋਹੜੀ ਨੂੰ ਅਗਨੀ ਦੇ ਕੇ ਤੰਦਰੁਸਤੀ ਦੀ ਦੁਆ ਕੀਤੀ|
ਸਵਾਗਤੀ ਸ਼ਬਦਾਂ ਦੌਰਾਨ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਕਿਹਾ ਕਿ ਪੀ.ਏ.ਯੂ. ਲੁਧਿਆਣਾ ਦੀ ਇਹ ਪ੍ਰੰਪਰਾ ਰਹੀ ਹੈ ਕਿ ਅਸੀਂ ਵਿਦਿਆਰਥੀਆਂ ਨੂੰ ਪੰਜਾਬ ਦੀ ਵਿਰਾਸਤ ਅਤੇ ਸੱਭਿਆਚਾਰ ਨਾਲ ਜੋੜਨ ਦਾ ਯਤਨ ਕਰਦੇ ਹਾਂ| ਡਾ. ਨਿਰਮਲ ਜੌੜਾ ਨੇ ਕਿਹਾ ਕਿ ਯੂਨੀਵਰਸਿਟੀ ਵਿਚ ਵੱਖ-ਵੱਖ ਤਿਉਹਾਰ ਵਿਦਿਆਰਥੀਆਂ ਨੂੰ ਨਾਲ ਲੈ ਕੇ ਮਨਾਉਣ ਨਾਲ ਇਕ ਖੁਸ਼ਗਵਾਰ ਮਾਹੌਲ ਪੈਦਾ ਹੁੰਦਾ ਹੈ| ਇਸ ਮੌਕੇ ਵਿਦਿਆਰਥੀ ਦਿਵਿਆ ਜੋਤੀ, ਰਾਜਬੀਰ ਸਿੰਘ, ਦਿਲਨਾਜ਼ ਬਹਿਲ ਵੱਲੋਂ ਲੋਹੜੀ ਨਾਲ ਸੰਬੰਧਤ ਗੀਤ ਪੇਸ਼ ਕੀਤੇ ਗਏ ਅਤੇ ਨਾਲ ਦੀ ਨਾਲ ਹੋਰ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਹੋਈ|
ਇਸ ਮੌਕੇ ਯੂਨੀਵਰਸਿਟੀ ਦੇ ਡੀਨਜ਼, ਡਾਇਰੈਕਟਰਜ਼, ਅਫਸਰ ਸਾਹਿਬਾਨ ਅਤੇ ਅਧਿਆਪਕ ਸ਼ਾਮਿਲ ਸਨ| ਸਾਰਿਆਂ ਦਾ ਧੰਨਵਾਦ ਕਰਦਿਆਂ ਯੂਨੀਵਰਸਿਟੀ ਦੇ ਐਸੋਸੀਏਟ ਡਾਇਰੈਕਟਰ ਕਲਚਰ ਡਾ. ਰੁਪਿੰਦਰ ਕੌਰ ਨੇ ਕਿਹਾ ਕਿ ਲੋਹੜੀ ਸਾਡੀਆਂ ਖੁਸ਼ੀਆਂ ਅਤੇ ਉਮੰਗਾਂ ਨੁੰ ਉਜਾਗਰ ਕਰਦਾ ਤਿਉਹਾਰ ਹੈ, ਜਿਹੜਾ ਸਾਨੂੰ ਸਾਡੀ ਵਿਰਾਸਤ ਨਾਲ ਵੀ ਜੋੜਦਾ ਹੈ|
ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਡਾ. ਆਸ਼ੂ ਤੂਰ ਨੇ ਲੋਹੜੀ ਦੀ ਮਹੱਤਤਾ ਦੱਸੀ|
ਵਿਦਿਆਰਥੀ ਭਵਨ ਦੀ ਖੂਬਸੂਰਤੀ ਨੂੰ ਬਨਾਉਣ ਲਈ ਡਾ. ਨਵਤੇਜ ਸਿੰਘ ਦਾ ਸਨਮਾਨ ਕੀਤਾ ਗਿਆ| ਇਸ ਮੌਕੇ ਵਾਈਸ ਚਾਂਸਲਰ ਨੇ ਵਿਦਿਆਰਥੀ ਭਵਨ ਦੀ ਨਵੀਂ ਮਾਰਕੀਟ ਦਾ ਉਦਘਾਟਨ ਕੀਤਾ|