ਸੇਵਾ ਕੇਂਦਰਾਂ ਵਿਖੇ ਈ-ਸ਼੍ਰਮ ਕਾਰਡ, ਨਵੇਂ ਸਟੈਂਪ ਵੈਂਡਰ ਤੇ ਹਥਿਆਰ ਰਹਿਤ ਖੇਤਰ ਦੇ ਲਾਇਸੈਂਸ ਜਾਰੀ ਕਰਨ ਦੀਆਂ ਨਵੀਆਂ ਸੇਵਾਵਾਂ ਸ਼ੁਰੂ-ਡਾ. ਪ੍ਰੀਤੀ ਯਾਦਵ
ਪਟਿਆਲਾ, 17 ਜਨਵਰੀ 2025 - ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਹੈ ਕਿ ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ ਲੋਕਾਂ ਦੀ ਸਹੂਲਤ ਲਈ ਸੇਵਾ ਕੇਂਦਰਾਂ ਵਿਖੇ ਤਿੰਨ ਹੋਰ ਨਵੀਆਂ ਸੇਵਾਵਾਂ ਪ੍ਰਦਾਨ ਕਰਨੀਆਂ ਸ਼ੁਰੂ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚ ਈ-ਸ਼੍ਰਮ ਕਾਰਡ, ਨਵੇਂ ਸਟੈਂਪ ਵੈਂਡਰ ਤੇ ਹਥਿਆਰ ਰਹਿਤ ਖੇਤਰ ਦੇ ਨਵੇਂ ਲਾਇਸੈਂਸ ਜਾਰੀ ਕਰਨ ਦੀਆਂ ਸੇਵਾਵਾਂ ਸ਼ਾਮਲ ਹਨ। ਇਹ ਸੇਵਾ ਨਵੀਂ ਲੈਣ ਲਈ ਜਾਂ ਨਵਿਆਉਣ ਲਈ ਵੀ ਨਾਗਰਿਕ ਆਪਣੇ ਨੇੜਲੇ ਸੇਵਾ ਕੇਂਦਰ ਨਾਲ ਸੰਪਰਕ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਵੱਖ-ਵੱਖ ਨਾਗਰਿਕ ਸੇਵਾਵਾਂ ਲੋਕਾਂ ਨੂੰ ਇੱਕੋ ਛੱਤ ਹੇਠ ਪ੍ਰਦਾਨ ਕਰਨ ਲਈ ਜ਼ਿਲ੍ਹੇ ਅੰਦਰ ਚੱਲ ਰਹੇ ਸੇਵਾ ਕੇਂਦਰਾਂ ਵਿਖੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਹੁਣ ਪ੍ਰਸ਼ਾਸਨਿਕ ਸੁਧਾਰ ਵਿਭਾਗ ਨੇ ਇਨ੍ਹਾਂ ਵਿੱਚ ਵਾਧਾ ਕਰਦਿਆਂ 3 ਹੋਰ ਸੇਵਾਵਾਂ ਸ਼ੁਰੂ ਕੀਤੀਆਂ ਹਨ, ਇਨ੍ਹਾਂ ਵਿੱਚ ਈ-ਸ਼੍ਰਮ ਕਾਰਡ, ਜਿਸ 'ਚ ਕੋਈ ਵੀ 16 ਤੋਂ 59 ਸਾਲਾਂ ਦਾ ਨਾਗਰਿਕ ਆਪਣਾ ਲੇਬਰ ਰਿਕਾਰਡ ਦਰਜ ਕਰਵਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਤੋਂ ਬਿਨ੍ਹਾਂ ਹਥਿਆਰ ਰਹਿਤ ਖੇਤਰ (ਸਿੱਖਿਆ ਸੰਸਥਾਵਾਂ, ਪੂਜਾ ਅਸਥਾਨ, ਮੈਰਿਜ ਪੈਲੇਸ, ਹੋਟਲ, ਗੈਸਟ ਹਾਊਸ, ਪਬਲਿਕ ਪਾਰਕ, ਸਰਕਾਰੀ ਦਫ਼ਤਰ, ਸ਼ਾਪਿੰਗ ਮਾਲ, ਸਿਨੇਮਾ ਹਾਲ ਤੇ ਹੋਰ ਸਥਾਨਾਂ) ਨੂੰ ਅਸਲਾ ਮੁਕਤ ਸਥਾਨ ਘੋਸ਼ਿਤ ਕਰਵਾਉਣ ਦੇ ਨਵੇਂ ਲਾਇਸੈਂਸ ਲੈਣ ਲਈ ਵੀ ਸੇਵਾ ਕੇਂਦਰ ਵਿੱਚੋਂ ਸੇਵਾ ਲਈ ਜਾ ਸਕਦੀ ਹੈ। ਇਸ ਤੋਂ ਬਿਨ੍ਹਾਂ ਹੁਣ ਨਵਾਂ ਅਸ਼ਟਾਮ ਲਾਇਸੈਂਸ ਲੈਣ ਲਈ ਜਾਂ ਨਵਿਆਉਣ ਲਈ ਵੀ ਸੇਵਾ ਕੇਂਦਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।