ਨਰਿੰਦਰ ਪਾਲ ਸਿੰਘ ਸਵਨਾ ਨੇ ਨਗਰ ਕੌਂਸਲ ਦਫਤਰ ਦੀ ਕੀਤੀ ਅਚਨਚੇਤ ਚੈਕਿੰਗ, ਡਿਉਟੀ ਪ੍ਰਤੀ ਰਿਹਾ ਜਾਵੇ ਸੁਚੇਤ
- ਅਧਿਕਾਰੀਆਂ/ਕਰਮਚਾਰੀਆਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਨਿਰਧਾਰਤ ਸਮੇਂ ਅੰਦਰ ਕਰਨ ਦੇ ਆਦੇਸ਼
ਫਾਜ਼ਿਲਕਾ 8 ਜਨਵਰੀ 2025 - ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਨਗਰ ਕੌਂਸਲ ਦਫਤਰ ਫਾਜ਼ਿਲਕਾ ਦੀ ਅਚਨਚੇਤ ਚੈਕਿੰਗ ਕੀਤੀ ਗਈ, ਜਿਸ ਦੌਰਾਨ ਨਗਰ ਕੌਂਸਲ ਦੇ ਕਰਚਮਾਰੀਆਂ ਨੂੰ ਡਿਉਟੀ ਪ੍ਰਤੀ ਸੁਚੇਤ ਰਹਿਣ ਲਈ ਕਿਹਾ। ਉਨ੍ਹਾਂ ਸਟਾਫ ਨੂੰ ਹਦਾਇਤ ਕਰਦਿਆਂ ਕਿਹਾ ਕਿ । ਇਮਾਨਦਾਰੀ ਨਾਲ ਆਪਣੀ ਡਿਉਟੀ ਨਿਭਾਈ ਜਾਵੇ, ਡਿਉਟੀ ਪ੍ਰਤੀ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਜੇਕਰ ਕੋਈ ਕਰਮਚਾਰੀ ਡਿਉਟੀ ਦੌਰਾਨ ਗੈਰ ਹਾਜਰ ਪਾਇਆ ਜਾਦਾ ਹੈ ਤਾਂ ਉਸ ਖਿਲਾਫ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਨੂੰ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਣਾ ਚਾਹੀਦਾ ਹੈ ਕਿ ਪ੍ਰਮਾਤਮਾ ਨੇ ਉਨ੍ਹਾਂ ਨੂੰ ਲੋਕ ਭਲਾਈ ਕੰਮਾਂ ਲਈ ਦਫਤਰਾਂ ਵਿਖੇ ਬਿਠਾਇਆ ਹੈ। ਉਹਨਾਂ ਸਟਾਫ ਨੂੰ ਚੇਤਵਾਨੀ ਦਿੰਦਿਆਂ ਕਿਹਾ ਕਿ ਡਿਉਟੀ ਸਮੇਂ ਦੌਰਾਨ ਕੋਈ ਵੀ ਕਰਮਚਾਰੀ ਦਫਤਰ ਵਿਚੋਂ ਗੈਰ ਹਾਜਰ ਨਾ ਪਾਇਆ ਜਾਵੇ।
ਵਿਧਾਇਕ ਸ੍ਰੀ ਸਵਨਾ ਨੇ ਸਮੂਹ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕੀ ਜਦੋਂ ਵੀ ਵਿਭਾਗ ਦੇ ਕਰਮਚਾਰੀਆਂ ਦਾ ਲੰਚ ਟਾਈਮ ਖਤਮ ਹੋ ਜਾਂਦਾ ਹੈ ਤਾਂ ਉਹ ਤੁਰੰਤ ਆਪਣਾ ਖਾਣਾ ਖਾ ਕੇ ਆਪਣੀ ਸ਼ੀਟ ਤੇ ਹਾਜ਼ਰ ਹੋਣ। ਉਨ੍ਹਾਂ ਕਿਹਾ ਕਿ ਲੋਕ ਆਪਣੇ ਹੋਰ ਜਰੂਰੀ ਕੰਮ ਛੱਡ ਕੇ ਦਫਤਰਾਂ ਵਿਖੇ ਆਪਣੇ ਕੰਮ ਕਰਵਾਉਣ ਲਈ ਆਉਂਦੇ ਹਨ, ਇਸ ਕਰਕੇ ਸਮੂਹ ਸਟਾਫ ਦਫਤਰ ਵਿਖੇ ਮੌਜੂਦ ਰਹੇ ਤਾਂ ਜੋ ਲੋਕਾਂ ਨੂੰ ਆਪਣਾ ਕੰਮ ਕਰਵਾਉਣ ਵਿਚ ਦਿੱਕਤ ਪੇਸ਼ ਨਾ ਆਵੇ ਤੇ ਨਾ ਹੀ ਖਜਲ-ਖੁਆਰੀ ਹੋਵੇ।
ਇਸ ਮੌਕੇ ਕਰਨੈਲ ਸਿੰਘ ਏਐਮਈ, ਸੈਨਟਰੀ ਇੰਸਪੈਕਟਰ ਜਗਦੀਪ ਸਿੰਘ, ਬਿਜਲੀ ਵਿਭਾਗ ਤੋਂ ਚਿਮਨ ਲਾਲ, ਸੁਨੀਲ ਮੈਨੀ, ਵਿਜੇ ਨਾਗਪਾਲ, ਰਾਜਨ ਸੇਤੀਆ ਅਤੇ ਮੁਕੇਸ਼ ਕੁਮਾਰ ਵੀ ਹਾਜ਼ਰ ਸਨ।