ਰਾਸ਼ਟਰੀ ਸੜਕ ਸੁਰੱਖਿਆ ਤਹਿਤ ਲੋਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਪ੍ਰਤੀ ਕੀਤਾ ਜਾ ਰਿਹਾ ਹੈ ਜਾਗਰੂਕ
ਹਰਜਿੰਦਰ ਸਿੰਘ ਭੱਟੀ
ਡੇਰਾਬੱਸੀ/ਐਸ.ਏ.ਐਸ.ਨਗਰ, 08 ਜਨਵਰੀ, 2025: ਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਜੋ ਕਿ 01.01.2025 ਤੋਂ 31.01.2025 ਤੱਕ ਮਨਾਇਆ ਜਾ ਰਿਹਾ ਹੈ, ਦੇ ਮੱਦੇਨਜ਼ਰ ਅੱਜ ਕਰਨੈਲ ਸਿੰਘ ਉਪ ਕਪਤਾਨ ਪੁਲਿਸ ਟ੍ਰੈਫਿਕ,ਜਿਲ੍ਹਾ ਐਸ ਏ ਐਸ ਨਗਰ, ਵੱਲੋ ਇੰਚਾਰਜ ਐਜੂਕੇਸ਼ਨ ਸੈਲ ਏ ਐਸ ਆਈ ਜਨਕ ਰਾਜ ਅਤੇ ਜਸਪਾਲ ਸਿੰਘ ਟ੍ਰੈਫਿਕ ਇੰਚਾਰਜ ਡੇਰਾਬੱਸੀ ਦੇ ਸਹਿਯੋਗ ਨਾਲ ਪਰਨੋਡ ਰਿਕਾਰਡ ਇੰਡੀਆ ਫਾਊਡੇਸ਼ਨ ਅਤੇ ਅੰਬੂਜਾ ਸੀਮਿੰਟ ਫਾਊਡੇਸ਼ਨ ਨਾਲ ਮਿਲਕੇ ਸੜਕ ਸੁਰੱਖਿਆ ਸੰਬੰਧੀ ਯੂਨੀਅਨ ਡੇਰਾਬੱਸੀ ਵਿੱਚ ਅਭਿਆਨ ਚਲਾਇਆ ਗਿਆ ਜਿਸ ਵਿੱਚ ਮਿੰਡ-ਮੀਡੀਆ, ਨੁਕੜ ਨਾਟਕ ਦਾ ਸਹਾਰਾ ਲੈਦੇ ਹੋਏ ਸਾਰੇ ਟਰੱਕ ਅਪਰੇਟਰਾਂ ਨੂੰ ਜਾਗਰੂਕ ਕੀਤਾ ਗਿਆ।
ਅੰਬੂਜਾ ਸੀਮਿੰਟ ਫਾਊਡੇਸ਼ਨ ਦੀ ਟੀਮ ਨੇ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਵਿਸਥਾਰ ਵਿੱਚ ਦੱਸਿਆ,ਜਿਸ ਵਿੱਚ ਅੰਬੂਜਾ ਫਾਊਡੇਸ਼ਨ ਦੇ ਕੋਆਰਡੀਨੇਟਰ ਸਾਨੀਆ ਪ੍ਰਵੀਨ ਨੇ ਦੱਸਿਆ ਕਿ ਸੜਕ ਸੁਰੱਖਿਆ ਨਿਯਮਾਂ ਨੂੰ ਅਪਨਾਉਣਾ ਸਾਡੀ ਸਭ ਦੀ ਜਿੰਮੇਵਾਰੀ ਹੈ, ਜਿਸ ਨਾਲ ਅਸੀ ਆਪਣੀ ਅਤੇ ਦੂਸਰਿਆਂ ਦੀ ਸੁਰੱਖਿਆ ਦਾ ਵੀ ਧਿਆਨ ਰੱਖ ਸਕਦੇ ਹਾਂ।
ਇਸ ਪ੍ਰੋਗਰਾਮ ਵਿੱਚ ਡੇਰਾਬੱਸੀ ਦੇ ਤਹਿਸੀਲਦਾਰ ਬਲਕਰਨ ਸਿੰਘ ਅਤੇ ਨਾਇਬ ਤਹਿਸੀਲਦਾਰ ਹਰਜਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਡੀ ਐਸ ਪੀ ਟ੍ਰੈਫਿਕ ਕਰਨੈਲ ਸਿੰਘ ਨੇ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ 18 ਸਾਲ ਤੋ ਘੱਟ ਉਮਰ ਦੇ ਬੱਚਿਆਂ ਨੂੰ ਕੋਈ ਵੀ ਵਹੀਕਲ ਚਲਾਉਣ ਲਈ ਨਾ ਦਿੱਤਾ ਜਾਵੇ। ਜੇਕਰ ਕੋਈ ਵੀ ਮਾਂ-ਬਾਪ ਬੱਚਿਆ ਨੂੰ ਵਹੀਕਲ/ਗੱਡੀ ਚਲਾਉਣ ਲਈ ਦਿੰਦੇ ਹਨ ਤਾਂ ਉਨ੍ਹਾਂ ਨੂੰ 3 ਸਾਲ ਦੀ ਸਜਾ ਅਤੇ 25,000/-ਰੁਪਏ ਜੁਰਮਾਨਾ ਵੀ ਹੋ ਸਕਦਾ ਹੈ। ਏ ਐਸ ਆਈ ਜਨਕ ਰਾਜ ਇੰਚਾਰਜ ਐਜੂਕੇਸ਼ਨ ਸੈਲ,ਜਿਲ੍ਹਾ ਐਸ ਏ ਐਸ ਨਗਰ ਵੱਲੋਂ ਦੱਸਿਆ ਗਿਆ ਕਿ ਸਾਨੂੰ ਨਸ਼ੇ ਦੀ ਹਾਲਤ ਵਿੱਚ ਵਹੀਕਲ ਨਹੀ ਚਲਾਉਣਾ ਚਾਹੀਦਾ।
ਅੰਬੂਜਾ ਸੀਮਿੰਟ ਫਾਊਡੇਸ਼ਨ ਦੀ ਟੀਮ ਅਤੇ ਸਾਰੇ ਟਰੱਕ ਡਰਾਈਵਰਾਂ ਨੇ ਪ੍ਰਣ ਲਿਆ ਕਿ ਅਸੀਂ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਾਂਗੇ ਅਤੇ ਨਸ਼ਾ ਮੁਕਤ ਵਾਤਾਵਰਨ ਬਣਾਵਾਂਗੇ। ਡੀ.ਏ.ਵੀ.ਸਕੂਲ ਦੇ ਪ੍ਰਿੰਸੀਪਲ ਪ੍ਰੀਤਮ ਦਾਸ ਸ਼ਰਮਾ ਨੇ ਦੱਸਿਆ ਕਿ ਛੋਟੀ ਜਿਹੀ ਲਾਹਪ੍ਰਵਾਹੀ ਕਾਰਨ ਸਾਡੀ ਜਿੰਦਗੀ ਖਤਰੇ ਵਿੱਚ ਪੈ ਸਕਦੀ ਹੈ। ਡਾ. ਅਸ਼ੀਸ਼, ਡਾ. ਰਾਹੁਲ ਸਰਕਾਰੀ ਹਸਪਤਾਲ ਡੇਰਾਬੱਸੀ ਨੇ ਵੀ ਸਵੱਸਥ ਸਕੀਮ ਬਾਰੇ ਜਾਣਕਾਰੀ ਦਿੱਤੀ। ਟ੍ਰੈਫਿਕ ਇੰਚਾਰਜ ਜਸਪਾਲ ਸਿੰਘ ਡੇਰਾਬੱਸੀ, ਗੋਬਿੰਦ ਸਿੰਘ, ਮੋਹਨ ਕਰਣ ਪਾਲ, ਸੁਮਨ, ਪਲਵੀ, ਭੁਪਿੰਦਰ ਸੁਬੋਧ, ਜਸਪ੍ਰੀਤ ਸਿੰਘ, ਰਘੂਵੀਰ ਸਿੰਘ, ਸੂਰਜ ਕੁਮਾਰ ਦਾ ਮੁੱਖ ਯੋਗਦਾਨ ਰਿਹਾ ਹੈ।