'ਮੈਗਾ ਪੀ.ਟੀ.ਐਮ'. 'ਤੇ ਵਿਸ਼ੇਸ਼: ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬੜੀ ਲਾਹੇਵੰਦ ਹੈ--ਮਾਪੇ ਅਧਿਆਪਕ ਮਿਲਣੀ
ਅਜੋਕੇ ਸਮੇਂ ਵਿੱਚ ਬੱਚਿਆਂ ਦੀ ਪੜ੍ਹਾਈ ਨੂੰ ਬਿਹਤਰ ਬਣਾਉਣ, ਉਹਨਾਂ ਦੀ ਲਗਾਤਾਰ ਤਰੱਕੀ ਅਤੇ ਵਿਕਾਸ ਲਈ ਮਾਪੇ-ਅਧਿਆਪਕ ਮਿਲਣੀ ਦਾ ਵਧੇਰੇ ਯੋਗਦਾਨ ਹੈ। ਬੱਚੇ ਦੀ ਚਾਲੂ ਵਿਦਿਅਕ ਸੈਸ਼ਨ ਅਤੇ ਸਾਲ ਦੀ ਪੜ੍ਹਾਈ ਦੇ ਵੱਖ-ਵੱਖ ਪੱਧਰਾਂ ਦੀ ਕਾਰਗੁਜ਼ਾਰੀ ਨੂੰ ਜਾਚਣ ਲਈ ਜਦੋਂ ਮਾਪੇ ਅਤੇ ਅਧਿਆਪਕ ਆਪਸ ਵਿੱਚ ਜੁੜ ਬੈਠਦੇ ਹਨ ਤਾਂ ਇਸ ਨੂੰ 'ਮਾਪੇ-ਅਧਿਆਪਕ ਮਿਲਣੀ' ਦਾ ਨਾਂ ਦਿੱਤਾ ਜਾਂਦਾ ਹੈ। ਇਸ ਸਮੇਂ ਮਾਪੇ ਅਤੇ ਅਧਿਆਪਕ ਬੱਚੇ ਦੀ ਭਲਾਈ ਲਈ ਉਸਾਰੂ ਯੋਜਨਾਵਾਂ ਉਲੀਕਦੇ ਹਨ ਤਾਂ ਕਿ ਇਹਨਾਂ ਨੂੰ ਲਾਗੂ ਕਰਕੇ ਰਹਿੰਦੇ ਸਮੇਂ ਵਿੱਚ ਵਧੀਆ ਨਤੀਜੇ ਪ੍ਰਾਪਤ ਕੀਤੇ ਜਾ ਸਕਣ।
ਮੀਟਿੰਗ ਦਾ ਮਕਸਦ--
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਇਸੇ ਕੜੀ ਦੇ ਤਹਿਤ ਮੈਗਾ ਪੀ.ਟੀ.ਐਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਨਾਲ ਸੰਬੰਧਤ ਦਿਸ਼ਾ-ਨਿਰਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਮਾਪੇ ਆਪਣੇ ਬੱਚਿਆਂ ਦੀ ਪ੍ਰੀ ਬੋਰਡ ਦੀ ਪ੍ਰੀਖਿਆ ਦੇ ਬਿਉਰਾ ਅੰਕ, ਪਾਠ-ਸਹਾਇਕ ਕਿਰਿਆਵਾਂ ਅਤੇ ਖੇਡਾਂ ਆਦਿ ਦੀਆਂ ਗਤੀਵਿਧੀਆਂ ਨਾਲ ਸੰਬੰਧਤ ਸਮੁੱਚੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਲਈ ਸਕੂਲੀ ਸੰਸਥਾਵਾਂ ਵਿਖੇ ਅਧਿਆਪਕਾਂ ਨਾਲ ਮੁਲਾਕਾਤ ਕਰਨ ਲਈ ਪਹੁੰਚ ਰਹੇ ਹਨ। ਉਮੀਦ ਹੈ ਕਿ ਇਹ ਮਿਲਣੀ ਬੱਚਿਆਂ ਦੀ ਸਲਾਨਾ ਪ੍ਰੀਖਿਆ ਲਈ ਤਰੱਕੀ ਅਤੇ ਵਿਕਾਸ ਦੀ ਸੂਚਕ ਹੋਵੇਗੀ। ਭਾਵੇਂ ਇਹ ਮੀਟਿੰਗਾਂ ਤਿਮਾਹੀ, ਛਿਮਾਹੀਂ, ਨਿਮਾਹੀਂ ਅਤੇ ਸਲਾਨਾ ਸਮੇਂ ਤੇ ਹੁੰਦੀਆਂ ਰਹਿੰਦੀਆਂ ਹਨ। ਪਰ ਸਲਾਨਾ ਪ੍ਰੀਖਿਆ ਤੋਂ ਪਹਿਲਾਂ ਕੀਤੀ ਜਾ ਰਹੀ ਇਹ ਮੈਗਾ ਪੀ.ਟੀ.ਐੱਮ ਬੱਚਿਆਂ ਨੂੰ ਪੜ੍ਹਾਈ ਲਈ ਚੋਖਾ ਹੁਲਾਰਾ ਦੇਵੇਗੀ। ਬੱਚੇ ਆਪਣੀ ਕਮੀ-ਪੇਸ਼ੀ ਵੱਲ ਵਿਸ਼ੇਸ਼ ਧਿਆਨ ਦੇ ਕੇ ਰਹਿੰਦੇ ਸਮੇਂ ਵਿੱਚ ਇਸ ਨੂੰ ਪੂਰਾ ਕਰ ਲੈਣਗੇ। ਦੂਜਾ ਮਾਪੇ ਸਕੂਲਾਂ ਵਿੱਚ ਪਹੁੰਚ ਕੇ ਆਪਣੇ ਬੱਚਿਆਂ ਦੀ ਪੜ੍ਹਾਈ-ਲਿਖਾਈ ਅਤੇ ਸਕੂਲਾਂ ਦੇ ਵਿਦਿਅਕ ਮਾਹੌਲ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣਗੇ।
ਆਪਸੀ ਸਹਿਯੋਗ ਦੀ ਭਾਵਨਾ
ਬੱਚੇ ਦੇ ਸਰਵਪੱਖੀ ਵਿਕਾਸ ਅਤੇ ਅਕਾਦਮਿਕ ਸਫ਼ਲਤਾ ਨੂੰ ਯਕੀਨੀ ਬਣਾਉਣ ਲਈ ਮਾਪਿਆਂ ਅਤੇ ਅਧਿਆਪਕਾਂ ਦਾ ਪਰਸਪਰ ਆਪਸੀ ਸਹਿਯੋਗ ਦੀ ਭਾਵਨਾ ਦਾ ਹੋਣਾ ਬਹੁਤ ਜ਼ਰੂਰੀ ਹੈ। ਮਾਪੇ ਸਕੂਲ ਸੰਸਥਾ ਦੇ ਵਧੇਰੇ ਨੇੜੇ ਹੋਣੇ ਚਾਹੀਦੇ ਹਨ। ਉਹਨਾਂ ਨੂੰ ਖੁੱਲ੍ਹ ਹੋਣੀ ਚਾਹੀਦੀ ਹੈ ਕਿ ਉਹ ਜਦੋਂ ਜੀ ਚਾਹੇ ਆਪਣੇ ਬੱਚਿਆ ਦੀ ਕਾਰਗੁਜ਼ਾਰੀ ਜਾਚ ਸਕਣ ਅਤੇ ਉਸਾਰੂ ਸੁਝਾਅ ਦੇ ਸਕਣ। *ਉਸਾਰੂ ਵਿਦਿਅਕ ਮਾਹੌਲ-* ਅਧਿਆਪਕ-ਮਾਪੇ ਮਿਲਣੀ ਦੌਰਾਨ ਮਾਪੇ ਸਮੁੱਚੇ ਸਕੂਲ ਦਾ ਦੌਰਾ ਕਰਦੇ ਹਨ। ਬੱਚਿਆਂ ਦੀ ਪੜਾਈ ਨਾਲ ਸੰਬੰਧਿਤ ਉਪਕਰਨਾਂ ਜਿਵੇਂ ਮਾਡਲ, ਐਲ ਈ ਡੀ, ਪ੍ਰੋਜੈਕਟਰ, ਟੱਚ ਪੈਨਲ, ਲਾਇਬਰੇਰੀ, ਕੰਪਿਊਟਰ ਲੈਬ, ਸਮੁੱਚਾ ਬਾਲਾ ਵਰਕ ਆਦਿ ਦਾ ਜਾਇਜ਼ਾ ਲੈਂਦੇ ਹਨ। ਇਸ ਨਾਲ ਉਹਨਾਂ ਨੂੰ ਅਥਾਹ ਖੁਸ਼ੀ ਹੁੰਦੀ ਹੈ ਕਿ ੳਹਨਾਂ ਦੇ ਬੱਚਿਆਂ ਨੂੰ ਸਿੱਖਿਆ ਹਾਸਿਲ ਕਰਨ ਲਈ ਨਵੀਨਤਮ ਉਪਕਰਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਮਿਲਣੀ ਦਾ ਉਸਾਰੂ ਕਦਮ ਹੈ। ਜਿਸ ਨਾਲ ਵਿਦਿਅਕ ਮਾਹੌਲ ਵਧੀਆ ਬਣਦਾ ਹੈ। *ਵਿਦਿਆਰਥੀ ਦੀ ਸਮੱਸਿਆ ਬਾਰੇ ਸਮਝਣਾ*--
ਕਈ ਬੱਚੇ ਕਿਸੇ ਸਰੀਰਕ ਜਾਂ ਮਾਨਸਿਕ ਬੀਮਾਰੀ ਤੋਂ ਪੀੜਤ ਹੁੰਦੇ ਹਨ। ਹਰ ਬੱਚੇ ਦਾ ਘਰ ਦਾ ਮਾਹੌਲ ਵੀ ਵੱਖੋ-ਵੱਖਰਾ ਹੁੰਦਾ ਹੈ। ਉਹਨਾਂ ਬਾਰੇ ਅਧਿਆਪਕਾਂ ਨੂੰ ਜਾਣਕਾਰੀ ਨਹੀਂ ਹੁੰਦੀ। ਇਹ ਸਿਰਫ਼ ਮਾਪਿਆਂ ਨਾਲ ਗੱਲਬਾਤ ਕਰਨ ਤੋਂ ਹੀ ਪਤਾ ਚਲਦਾ ਹੈ। ਇਸ ਲਈ ਮਾਪਿਆਂ ਨੂੰ ਮਿਲ ਕੇ ਅਤੇ ਬੱਚਿਆਂ ਦੀ ਸੰਬੰਧਿਤ ਸਮੱਸਿਆਵਾਂ ਦਾ ਅਧਿਐਨ ਕਰਕੇ ਉਨ੍ਹਾਂ ਦਾ ਮੌਕੇ 'ਤੇ ਹੱਲ ਕਰ ਲਿਆ ਜਾਂਦਾ ਹੈ। ਇਹ ਵਡੇਰੀ ਸਮਝ ਭਵਿੱਖ ਵਿੱਚ ਵਧੀਆ ਵਿਦਿਅਕ ਅਨੁਭਵ ਤਿਆਰ ਕਰਨ ਵਿੱਚ ਸਹਾਇਕ ਸਿੱਧ ਹੁੰਦੀ ਹੈ।
ਵੱਖ-ਵੱਖ ਸਕੀਮਾਂ ਪ੍ਰਤੀ ਜਾਣਕਾਰੀ
ਸਕੂਲ ਸਿੱਖਿਆ ਵਿਭਾਗ ਵੱਲੋਂ ਸਮੇਂ-ਸਮੇਂ ਤੇ ਪੜ੍ਹਾਈ ਤੋਂ ਇਲਾਵਾ ਹੋਰ ਅਨੇਕਾਂ ਭਲਾਈ ਸਕੀਮਾਂ ਦੀ ਸ਼ੁਰੂਆਤ ਕੀਤੀ ਜਾਂਦੀ ਹੈ। ਜਿਵੇਂ ਵਜ਼ੀਫ਼ਾ, ਮਿਡ ਡੇ ਮੀਲ, ਨਵੋਦਿਆ ਪ੍ਰੀਖਿਆ ਦੀ ਤਿਆਰੀ, ਮੈਡੀਕਲ ਸਹੂਲਤ ਆਦਿ। ਇਸ ਤੋਂ ਇਲਾਵਾ ਅੱਜਕੱਲ੍ਹ ਮਿਸ਼ਨ ਸਮਰੱਥ ਸਕੀਮ ਚੱਲ ਰਹੀ ਹੈ। ਜਿਸ ਵਿੱਚ ਪੜ੍ਹਾਈ ਦੇ ਜਮਾਤ ਅਨੁਸਾਰ ਮਹੀਨਾਵਾਰ ਟੀਚੇ ਸ਼ਾਮਿਲ ਹਨ। ਇਹਨਾਂ ਦੀ ਜਾਣਕਾਰੀ ਲਈ ਮਾਪੇ-ਅਧਿਆਪਕ ਮਿਲਣੀ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ। ਬੱਚੇ ਦੀ ਟੀਚਾ ਪ੍ਰਾਪਤੀ ਦੀ ਸਫ਼ਲਤਾ ਲਈ ਸਾਂਝੇ ਯਤਨਾਂ ਦੀ ਲੋੜ ਹੈ।
ਪਾਠ-ਸਹਾਇਕ ਕਿਰਿਆਵਾਂ ਦੀ ਚੋਣ ਕਰਨ ਵਿੱਚ ਸਹਾਇਕ
ਅਸੀਂ ਇਹ ਤਾਂ ਮੰਨਦੇ ਹਾਂ ਸਕੂਲੀ ਸੰਸਥਾਵਾਂ ਬੱਚੇ ਦੇ ਅਕਾਦਮਿਕ ਪੱਖ ਤੋਂ ਮਹੱਤਵਪੂਰਨ ਹਨ। ਨਿਰਾ ਕਿਤਾਬੀ ਗਿਆਨ ਵੀ ਬੱਚੇ ਦੀ ਤਰੱਕੀ ਅਤੇ ਵਿਕਾਸ ਨਹੀਂ ਕਰ ਸਕਦਾ। ਕਈ ਵਾਰ ਬੱਚੇ ਦੀ ਪੜ੍ਹਾਈ ਤੋਂ ਇਲਾਵਾ ਹੋਰਨਾਂ ਪਾਠ-ਸਹਾਇਕ ਕਿਰਿਆਵਾਂ ਜਿਵੇਂ-ਭਾਸ਼ਨ, ਗੀਤ, ਗਜ਼ਲ, ਭੰਗੜਾ, ਡਾਂਸ, ਗਿੱਧਾ, ਕੋਰਿਓਗ੍ਰਾਫ਼ੀ ਆਦਿ ਗਤੀਵਿਧੀਆਂ ਵਿੱਚ ਵਧੀਆ ਰੁਚੀ ਹੁੰਦੀ ਹੈ। ਖੇਡਾਂ ਵੀ ਬੱਚੇ ਦੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਜ਼ਰੂਰੀ ਹਨ। ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਬੱਚੇ ਆਪਣੀ ਮਿਹਨਤ ਸਦਕਾ ਅੰਤਰਰਾਸ਼ਟਰੀ ਪੱਧਰ ਤੱਕ ਮੱਲਾਂ ਮਾਰ ਸਕਦੇ ਹਨ। ਇਸ ਸੰਬੰਧੀ ਬੱਚੇ ਦਾ ਅਧਿਐਨ ਕਰਨ ਲਈ ਮਾਪੇ-ਅਧਿਆਪਕ ਮਿਲਣੀ ਬਹੁਤ ਜ਼ਰੂਰੀ ਹੈ। ਅਧਿਆਪਕ, ਮਾਪਿਆਂ ਦੇ ਸਹਿਯੋਗ ਨਾਲ ਬੱਚੇ ਨੂੰ ਵਧੀਆ ਈਵੈਂਟ ਦੀ ਤਿਆਰੀ ਕਰਵਾ ਕੇ ਮਾਣਯੋਗ ਸਫ਼ਲਤਾਵਾਂ ਦਰਜ਼ ਕਰਵਾ ਸਕਦੇ ਹਨ। ਸਿੱਖਿਆ ਵਿੱਚ ਭਾਈਵਾਲੀ
ਮਾਪੇ-ਅਧਿਆਪਕ ਮਿਲਣੀ ਵਿੱਚ ਭਾਗ ਲੈਣ ਨਾਲ ਮਾਪੇ ਆਪਣੇ ਬੱਚੇ ਦੀ ਸਿੱਖਿਆ ਵਿੱਚ ਸਰਗਰਮ ਹਿੱਸੇਦਾਰ ਬਣ ਜਾਂਦੇ ਹਨ। ਉਹ ਬੱਚੇ ਦੀ ਸਫ਼ਲਤਾ ਲਈ ਅਧਿਆਪਕਾਂ ਦਾ ਹਰ ਸੰਭਵ ਸਹਿਯੋਗ ਕਰਨ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ। ਇਸ ਲਈ ਘਰ ਅਤੇ ਸਕੂਲ ਵਿਚਕਾਰ ਸਹਿਯੋਗੀ ਯਤਨ ਬਹੁਤ ਜ਼ਰੂਰੀ ਹਨ।
ਨਵੇਂ ਦਾਖ਼ਲਿਆਂ ਲਈ ਸਹਾਇਕ
ਮਾਪੇ-ਅਧਿਆਪਕ ਮਿਲਣੀ ਵਿੱਚ ਜਿੱਥੇ ਮਾਪਿਆਂ ਨੂੰ ਸੱਦਾ ਦਿੱਤਾ ਜਾਂਦਾ ਹੈ। ਉੱਥੇ ਹੋਰਨਾਂ ਸੰਸਥਾਵਾਂ ਅਤੇ ਸਭਾਵਾਂ ਦੇ ਮੁਖੀਆਂ ਆਦਿ ਨੂੰ ਵੀ ਬੁਲਾਇਆ ਜਾਂਦਾ ਹੈ। ਇਸ ਮਿਲਣੀ ਦੌਰਾਨ ਜਦੋਂ ਅਧਿਆਪਕਾਂ ਅਤੇ ਮਾਪਿਆਂ ਦੀ ਆਪਸੀ ਵਾਰਤਾਲਾਪ ਹੁੰਦੀ ਹੈ ਤਾਂ ਇੱਕ ਪਰਸਪਰ ਸਹਿਯੋਗੀ ਵਾਤਾਵਰਨ ਪੈਦਾ ਹੁੰਦਾ ਹੈ। ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਹਰ ਸਾਲ ਨਵਾਂ ਦਾਖ਼ਲਾ ਮੁਹਿੰਮ ਪੂਰੇ ਜ਼ੋਰ-ਸ਼ੋਰ ਨਾਲ ਚਲਾਈ ਜਾਂਦੀ ਹੈ। ਇਸ ਮੁਹਿੰਮ ਲਈ ਮਾਪੇ ਵਡਮੁੱਲਾ ਸਹਿਯੋਗ ਕਰ ਸਕਦੇ ਹਨ। ਇਸ ਤੋਂ ਇਲਾਵਾ ਐਸ.ਐਮ.ਸੀ. ਕਮੇਟੀ, ਯੂਥ ਕਲੱਬਾਂ, ਪੰਚਾਇਤ ਅਤੇ ਨਗਰ ਦੇ ਮੁਹਤਵਰ ਵਿਅਕਤੀ ਵੀ ਦਾਖ਼ਲਾ ਮੁਹਿੰਮ ਨੂੰ ਹੁਲਾਰਾ ਦੇਣ ਲਈ ਆਪਣੀਆਂ ਵਡਮੁੱਲੀਆਂ ਸੇਵਾਵਾਂ ਪ੍ਰਦਾਨ ਕਰ ਸਕਦੇ ਹਨ।
ਤਰੱਕੀ ਦੇ ਰਸਤੇ ਖੁੱਲ੍ਹਦੇ ਹਨ
ਮਾਤਾ-ਪਿਤਾ-ਅਧਿਆਪਕ ਮੀਟਿੰਗਾਂ, ਬੱਚੇ ਨੂੰ ਆਪਣੇ ਆਪ 'ਤੇ ਕੰਮ ਕਰਨ, ਉਨ੍ਹਾਂ ਦੇ ਅਕਾਦਮਿਕ ਪੱਖ ਨੂੰ ਬਿਹਤਰ ਬਣਾਉਣ ਅਤੇ ਉਨ੍ਹਾਂ ਦੇ ਹੁਨਰ ਨੂੰ ਵਧਾਉਣ ਲਈ ਉਤਸ਼ਾਹਿਤ ਕਰਦੀਆਂ ਹਨ। ਬੱਚਿਆਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਮਾਪੇ ਅਤੇ ਅਧਿਆਪਕ ਉਹਨਾਂ ਦੇ ਵਧੀਆ ਪ੍ਰਦਰਸ਼ਨ, ਪਾਠਕ੍ਮ ਅਤੇ ਅਕਾਦਮਿਕ ਪੱਖ ਨੂੰ ਸੁਧਾਰਨ ਲਈ ਯਤਨਸ਼ੀਲ ਹਨ। ਇਸ ਲਈ ਮਾਪੇ- ਅਧਿਆਪਕ ਮੀਟਿੰਗਾਂ ਬੱਚੇ ਵੱਲ ਵਿਸ਼ੇਸ਼ ਧਿਆਨ ਦੇ ਕੇ ਉਹਨਾਂ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਦੀਆਂ ਰਹਿੰਦੀਆਂ ਹਨ।
ਸਮੁਦਾਇ ਦੀ ਸਕੂਲ ਵਿੱਚ ਦਿਲਚਸਪੀ
ਮਾਪੇ-ਅਧਿਆਪਕ ਮਿਲਣੀ ਦੌਰਾਨ ਬੱਚਿਆਂ ਦੇ ਮਾਪੇ ਹੀ ਨਹੀਂ ਸਗੋ ਪਿੰਡ ਦੇ ਮੁਹਤਵਰ ਵਿਅਕਤੀ ਵੀ ਸਕੂਲ ਦਾ ਦੌਰਾ ਕਰਦੇ ਹਨ। ਅਧਿਆਪਕ ਇਸ ਮੌਕੇ ਦਾ ਲਾਭ ਉਠਾ ਕੇ ਸਕੂਲ ਦੇ ਕੀਤੇ ਜਾਣ ਵਾਲੇ ਕੰਮਾਂ ਦੀ ਗੱਲ ਉਹਨਾਂ ਸਾਹਮਣੇ ਰੱਖ ਕੇ ਉਹਨਾਂ ਨੂੰ ਸਕੂਲ ਸੰਸਥਾ ਲਈ ਦਾਨ ਪਾਤਰਤਾ ਵਜੋਂ ਕੰਮ ਕਰਨ ਲਈ ਪ੍ਰੇਰਿਤ ਕਰ ਸਕਦੇ ਹਨ। ਬਹੁਤੇ ਸਕੂਲਾਂ ਨੇ ਬੱਚਿਆਂ ਦੀ ਪੜ੍ਹਾਈ ਨਾਲ ਸੰਬੰਧਤ ਲਰਨਿੰਗ ਡਿਵਾਈਸਿਸ, ਮਹਿੰਗੇ ਉਪਕਰਨ ਜਿਵੇਂ ਪ੍ਰੋਜੈਕਟਰ ਅਤੇ ਟੱਚ ਪੈਨਲ ਆਦਿ ਦਾ ਪ੍ਰਬੰਧ ਸਮੁਦਾਇ ਦੇ ਸਹਿਯੋਗ ਨਾਲ ਹੀ ਕੀਤਾ ਹੈ। ਇਸ ਤੋਂ ਇਲਾਵਾ ਕਈਆਂ ਨੇ ਤਾਂ ਲੱਖਾਂ ਰੁਪਏ ਦੀ ਰਾਸ਼ੀ ਇਕੱਠੀ ਕਰਕੇ ਸਕੂਲਾਂ ਦੀ ਨੁਹਾਰ ਹੀ ਬਦਲ ਦਿੱਤੀ ਹੈ। ਇਸ ਲਈ ਮਾਪੇ-ਅਧਿਆਪਕ ਮਿਲਣੀ ਨਾਲ ਜਿੱਥੇ ਬੱਚੇ ਦੀ ਪੜ੍ਹਾਈ, ਖੇਡਾਂ ਅਤੇ ਪਾਠ-ਸਹਾਇਕ ਕਿਰਿਆਵਾਂ ਦਾ ਅਧਿਐਨ ਕਰਕੇ ਉਸ ਨੂੰ ਅਗਾਂਹ ਵਧਣ ਦੀਆਂ ਸੰਭਾਵਨਾਵਾ ਦੀ ਤਲਾਸ਼ ਕੀਤੀ ਜਾਂਦੀ ਹੈ। ਉੱਥੇ ਮਾਪਿਆਂ ਅਤੇ ਸਮੁਦਾਇ ਦੇ ਸਹਿਯੋਗ ਨਾਲ ਸਕੂਲ ਸੰਸਥਾ ਦੇ ਰਹਿੰਦੇ ਕੰਮਾ ਨੂੰ ਪੂਰਾ ਕਰਨ ਦੀ ਵਿਉਂਤਬੰਦੀ ਵੀ ਕੀਤੀ ਜਾਂਦੀ ਹੈ। ਮਾਪੇ ਅਤੇ ਅਧਿਆਪਕ ਆਪਸੀ ਸਹਿਯੋਗ ਨਾਲ ਬੱਚੇ ਦੇ ਭਵਿੱਖ ਨੂੰ ਸ਼ਾਨਦਾਰ ਬਣਾਉਣ ਲਈ ਹਮੇਸ਼ਾਂ ਤਤਪਰ ਰਹਿੰਦੇ ਹਨ। ਤਾਂ ਕਿ ਬੱਚਾ ਤਰੱਕੀ ਅਤੇ ਵਿਕਾਸ ਦੀ ਮੰਜ਼ਿਲ ਸੌਖਿਆਂ ਪਾਰ ਕਰ ਲਵੇ। ਜਿਸ ਦੀ ਅਜੋਕੇ ਸਮੇਂ ਦੇ ਸੰਦਰਭ ਵਿੱਚ ਵਧੇਰੇ ਲੋੜ ਹੈ।
-
ਬੇਅੰਤ ਸਿੰਘ ਮਲੂਕਾ (ਸਟੇਟ ਐਵਾਰਡੀ), ਮੁੱਖ ਅਧਿਆਪਕ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਲੂਕਾ (ਬਠਿੰਡਾ)
............
98720-89538
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.