ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮਾਂ ਸਬੰਧੀ ਜਲੰਧਰ, ਸ਼ਹੀਦ ਭਗਤ ਸਿੰਘ ਨਗਰ ਅਤੇ ਕਪੂਰਥਲਾ ਜ਼ਿਲ੍ਹਿਆਂ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ
- ਜ਼ਿਲ੍ਹਿਆਂ ’ਚ ਕਰਵਾਏ ਜਾਣਗੇ ਲਾਈਟ ਐਂਡ ਸਾਊਂਡ ਸ਼ੋਅ : ਹਰਜੋਤ ਸਿੰਘ ਬੈਂਸ
- ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਨਗਰ ਕੀਰਤਨ ਨੂੰ ਦਿੱਤਾ ਜਾਵੇਗਾ ਸ਼ਾਨਦਾਰ ְ‘ਗਾਰਡ ਆਫ਼ ਆਨਰ’ : ਦੀਪਕ ਬਾਲੀ
ਜਲੰਧਰ, 8 ਅਕਤੂਬਰ : ਪੰਜਾਬ ਦੇ ਸਿੱਖਿਆ, ਉਚੇਰੀ ਸਿੱਖਿਆ ਤੇ ਭਾਸ਼ਾ, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖ਼ਲਾਈ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਜਲੰਧਰ, ਸ਼ਹੀਦ ਭਗਤ ਸਿੰਘ ਨਗਰ ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਹੋਣ ਵਾਲੇ ਵੱਖ-ਵੱਖ ਸਮਾਗਮਾਂ ਦੀਆਂ ਤਿਆਰੀਆਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ।
ਇਸ ਮੌਕੇ ਕੈਬਨਿਟ ਮੰਤਰੀ ਮੋਹਿੰਦਰ ਭਗਤ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ, ਸਕੱਤਰ ਡਾ. ਅਭਿਨਵ ਤ੍ਰਿਖਾ, ਵਿਧਾਇਕ ਬਲਕਾਰ ਸਿੰਘ ਅਤੇ ਇੰਦਰਜੀਤ ਕੌਰ ਮਾਨ ਵੀ ਮੌਜੂਦ ਸਨ।
ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਤਿੰਨੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ, ਸੀਪੀ/ ਐਸ.ਐਸ.ਪੀਜ਼ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਲੋਕ ਪ੍ਰਤੀਨਿਧੀਆਂ ਨਾਲ ਇਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ 350ਵੀਂ ਵਰ੍ਹੇਗੰਢ ਨੂੰ ਪੰਜਾਬ ਸਰਕਾਰ ਵਲੋਂ ਵੱਡੇ ਪੱਧਰ ’ਤੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵੱਖ-ਵੱਖ ਸਮਾਗਮ ਉਲੀਕੇ ਗਏ ਹਨ। ਇਸੇ ਤਹਿਤ ਵੱਖ-ਵੱਖ ਸਥਾਨਾਂ ਤੋਂ ਵਿਸ਼ਾਲ ਨਗਰ ਕੀਰਤਨ ਕੱਢੇ ਜਾਣੇ ਹਨ। ਇਨ੍ਹਾਂ ਵਿਚੋਂ ਹੀ ਇਕ ਨਗਰ ਕੀਰਤਨ ਗੁਰਦਾਸਪੁਰ ਤੋਂ 20 ਨਵੰਬਰ ਨੂੰ ਸ਼ੁਰੂ ਹੋ ਕੇ 21 ਨਵੰਬਰ ਨੂੰ ਜਲੰਧਰ ਵਿਖੇ ਪ੍ਰਵੇਸ਼ ਕਰੇਗਾ ਅਤੇ 22 ਨਵੰਬਰ ਨੂੰ ਸ਼ਹੀਦ ਭਗਤ ਸਿੰਘ ਨਗਰ ਲਈ ਰਵਾਨਾ ਹੋਵੇਗਾ। 21 ਨਵੰਬਰ ਨੂੰ ਜਲੰਧਰ ਵਿਖੇ ਹੀ ਨਗਰ ਕੀਰਤਨ ਦਾ ਠਹਿਰਾਅ ਹੋਵੇਗਾ। ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਦੇ ਸਮੁੱਚੇ ਰਸਤੇ ’ਤੇ ਸਫ਼ਾਈ, ਲੰਗਰ ਸੇਵਾ, ਫੁੱਲਾਂ ਦੀ ਵਰਖਾ ਅਤੇ ਪੀਣ ਵਾਲੇ ਪਾਣੀ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ। ਉਨ੍ਹਾਂ ਕਿਹਾ ਕਿ ਸਾਰੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿਚ ਨਗਰ ਕੀਰਤਨ ਦਾ ਸ਼ਾਨਦਾਰ ਸਵਾਗਤ ਹੋਵੇਗਾ।
ਕੈਬਨਿਟ ਮੰਤਰੀ ਨੇ ਦੱਸਿਆ ਕਿ 1 ਨਵੰਬਰ ਤੋਂ 18 ਨਵੰਬਰ ਤੱਕ ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ’ਤੇ ਆਧਾਰਿਤ ਸ਼ਾਨਦਾਰ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਜਾਣਗੇ। ਉਨ੍ਹਾਂ ਸਮੂਹ ਸੰਗਤਾਂ ਨੂੰ ਇਸ ਵਿਸ਼ਾਲ ਨਗਰ ਕੀਰਤਨ ਵਿਚ ਵੱਧ-ਚੜ੍ਹ ਕੇ ਸ਼ਿਰਕਤ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਤਿੰਨਾਂ ਜ਼ਿਲ੍ਹਿਆਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਪੂਰੀ ਰਹਿਤ ਮਰਿਆਦਾ ਅਨੁਸਾਰ ਨਗਰ ਕੀਰਤਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ। ਉਨ੍ਹਾਂ ਇਸ ਮੌਕੇ ਤਿੰਨਾਂ ਜ਼ਿਲ੍ਹਿਆਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਲੋਗੋ ਵੀ ਭੇਟ ਕੀਤੇ।
ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਿਵੇਕਲੀ ਪਹਿਲ ਕਰਦਿਆਂ ਪਹਿਲੀ ਵਾਰ ਹਰ ਜ਼ਿਲ੍ਹੇ ਵਿੱਚ ਪਹੁੰਚਣ ’ਤੇ ਨਗਰ ਕੀਰਤਨ ਨੂੰ ਸ਼ਾਨਦਾਰ ‘ਗਾਰਡ ਆਫ਼ ਆਨਰ’ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਨ੍ਹਾਂ ਸਮਾਗਮਾਂ ਸਬੰਧੀ ਵੱਡੇ ਪੱਧਰ ’ਤੇ ਤਿਆਰੀ ਵਿੱਢੀ ਹੋਈ ਹੈ ਅਤੇ ਇਨ੍ਹਾਂ ਨੂੰ ਵਧੀਆ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਜਲੰਧਰ ਡਾ. ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਪੰਚਾਲ, ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਡਾ. ਅੰਕੁਰਜੀਤ ਸਿੰਘ, ਪੁਲਿਸ ਕਮਿਸ਼ਨਰ ਜਲੰਧਰ ਧਨਪ੍ਰੀਤ ਕੌਰ, ਐਸ.ਐਸ.ਪੀ. ਜਲੰਧਰ ਹਰਵਿੰਦਰ ਸਿੰਘ ਵਿਰਕ, ਐਸ.ਐਸ.ਪੀ. ਕਪੂਰਥਲਾ ਗੌਰਵ ਧੁਰਾ, ਐਸ.ਐਸ.ਪੀ. ਐਸ.ਬੀ.ਐਸ. ਨਗਰ ਡਾ. ਮਹਿਤਾਬ ਸਿੰਘ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਅੰਮ੍ਰਿਤਪਾਲ ਸਿੰਘ, ਚੇਅਰਮੈਨ ਇੰਪਰੂਵਮੈਂਟ ਟਰੱਸਟ ਜਲੰਧਰ ਰਮਣੀਕ ਸਿੰਘ ਰੰਧਾਵਾ, ਚੇਅਰਮੈਨ ਸਹਿਕਾਰੀ ਵਿਕਾਸ ਬੈਂਕ ਪਵਨ ਕੁਮਾਰ ਟੀਨੂੰ, ਚੇਅਰਮੈਨ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਮੰਗਲ ਬੱਸੀ, ਚੇਅਰਮੈਨ ਪੰਜਾਬ ਸਟੇਟ ਘੱਟ ਗਿਣਤੀ ਕਮਿਸ਼ਨ ਅਬਦੁਲ ਬਾਹਰੀ ਸਲਮਾਨੀ, ਸੀਨੀਅਰ ‘ਆਪ’ ਆਗੂ ਨਿਤਿਨ ਕੋਹਲੀ, ਰਾਜਵਿੰਦਰ ਕੌਰ ਥਿਆੜਾ, ਦਿਨੇਸ਼ ਢੱਲ, ਹਰਜੀ ਮਾਨ, ਪਿੰਦਰ ਪੰਡੌਰੀ, ਪ੍ਰਿੰ. ਪ੍ਰੇਮ ਕੁਮਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।