''ਬੁਰਜ ਟਹਿਲ ਦਾਸ ਬੰਨ੍ਹ ਦੀ ਸਥਿਤੀ ਬਿਲਕੁਲ ਠੀਕ''
ਲੋਕਾਂ ਦੇ ਸਹਿਯੋਗ ਨਾਲ ਮਜ਼ਬੂਤੀ ਦਾ ਕੰਮ ਜਾਰੀ
ਭਾਰਤੀ ਫੌਜ ਦੀ ਟੀਮ ਵੀ ਮੌਕੇ ‘ਤੇ ਮੌਜੂਦ
ਪ੍ਰਮੋਦ ਭਾਰਤੀ
ਨਵਾਂਸ਼ਹਿਰ 7 ਸਤੰਬਰ,2025
ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਅੱਜ ਬੁਰਜ ਟਹਿਲ ਦਾਸ ਵਿਖੇ ਸਤਲੁਜ ਦਰਿਆ ਦੇ ਬੰਨ੍ਹ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈੰਦਿਆਂ ਦੱਸਿਆ ਕਿ ਲੋਕਾਂ ਦੇ ਸਹਿਯੋਗ ਨਾਲ ਬੰਨ੍ਹ ਦੀ ਮਜ਼ਬੂਤੀ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ ਅਤੇ ਸਥਿਤੀ ਕੰਟਰੋਲ ਹੇਠ ਹੈ।
ਬੰਨ੍ਹ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਪਾਣੀ ਦਾ ਪੱਧਰ ਵੱਧ-ਘਟ ਰਿਹਾ ਹੈ ਪਰ ਜ਼ਿਲੇ ਵਿਚ ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ ਹਨ। ਉਨ੍ਹਾਂ ਦੱਸਿਆ ਕਿ ਲਗਾਤਾਰ ਪੈ ਰਹੇ ਮੀਂਹ ਅਤੇ ਪਿੱਛੋਂ ਆ ਰਹੇ ਪਾਣੀ ਨਾਲ ਬੰਨ੍ਹ ‘ਤੇ ਬੀਤੇ ਦਿਨ ਹਲਕੀ ਜਿਹੀ ਸਥਿਤੀ ਬਣੀ ਸੀ ਜਿਸ ਨੂੰ ਪ੍ਰਸ਼ਾਸਨ ਅਤੇ ਭਾਰਤੀ ਫੌਜ ਦੀ ਟੀਮ ਨੇ
ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਕੰਟਰੋਲ ਕਰ ਲਿਆ ਸੀ ਅਤੇ ਬੰਨ੍ਹ ਦੀ ਮਜ਼ਬੂਤੀ ਦਾ ਕਾਰਜ ਲਗਾਤਾਰ ਜਾਰੀ ਹੈ। ਉਨ੍ਹਾਂ ਨੇ ਭਾਰਤੀ ਫੌਜ ਦੀ ਟੀਮ ਦੀ ਮੌਜੂਦਗੀ ਵਿਚ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿੱਥੇ ਵੀ ਲੋੜ ਪੈਂਦੀ ਹੈ ਜ਼ਿਲਾ ਪ੍ਰਸ਼ਾਸਨ ਲਗਾਤਾਰ ਬੰਨ੍ਹ ਦੀ ਮਜ਼ਬੂਤੀ ਲਈ ਕਾਰਜਸ਼ੀਲ ਹੈ। ਉਨ੍ਹਾਂ ਪਿੰਡਾਂ ਦੇ ਵਸਨੀਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜ਼ਿਲੇ ਵਿਚ ਵੱਖ-ਵੱਖ ਥਾਵਾਂ ‘ਤੇ ਬੰਨ੍ਹ ਨੂੰ ਮਜ਼ਬੂਤ ਰੱਖਣ ਲਈ ਲੋਕਾਂ ਵਲੋਂ ਭਰਵੇਂ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਨਾਲ ਸਥਿਤੀ ਕੰਟਰੋਲ ਹੇਠ ਚੱਲ ਰਹੀ ਹੈ ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸੇ ਤਰ੍ਹਾਂ ਬਾਕੀ ਥਾਵਾਂ ਬੇਲਾ ਤਾਜੋਵਾਲ, ਧੈਂਗੜਪੁਰ, ਤਾਜੇਵਾਲ-ਮੰਢਾਲਾ, ਤਲਵੰਡੀ ਸ਼ਿਬੂ ਅਤੇ ਪੰਦਾਰਵਲ ਵਿਖੇ ਵੀ ਲੋਕਾਂ ਵਲੋੰ ਪ੍ਰਸ਼ਾਸਨ ਅਤੇ ਭਾਰਤੀ ਫੌਜ ਦੀ ਦੇਖ-ਰੇਖ ਵਿਚ ਲਗਾਤਾਰ ਕਾਰਜ ਜਾਰੀ ਹਨ। ਅੰਕੁਰਜੀਤ ਸਿੰਘ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਟਰੈਕਟਰਾਂ, ਜੇ.ਸੀ.ਬੀ. ਮਸ਼ੀਨਾਂ ਆਦਿ ਲਈ ਡੀਜ਼ਲ ਤੋਂ ਇਲਾਵਾ ਜਿੱਥੇ ਲੋੜ ਪੈਂਦੀ ਹੈ ਉੱਥੇ ਤਰਪਾਲਾਂ ਆਦਿ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਸਮੁੱਚੇ ਕਾਰਜ ਸੁਚੱਜੇ ਢੰਗ ਨਾਲ ਜਾਰੀ ਰਹਿਣ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫ਼ਵਾਹਾਂ ਤੋਂ ਸੁਚੇਤ ਰਹਿੰਦਿਆਂ ਪ੍ਰਸ਼ਾਸਨ ਦੀ ਜਾਣਕਾਰੀ ਤੋਂ ਜਾਣੂ ਹੁੰਦੇ ਰਹਿਣ । ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਵੱਖ-ਵੱਖ ਥਾਵਾਂ ‘ਤੇ ਬੰਨ੍ਹ ਦੀ ਸਥਿਤੀ ‘ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਇਸ ਕਾਰਜ ਲਈ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਵਿਚ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਜੀਵ ਵਰਮਾ, ਐਸ.ਡੀ.ਐਮ. ਅਨਮਜਯੋਤ ਕੌਰ, ਫੌਜ ਦੀ ਟੀਮ ਅਤੇ ਭਾਰੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ।