ਕਾ.ਜਰਨੈਲ ਸਿੰਘ ਭਾਈਰੂਪਾ ਦੀ ਯਾਦ ਵਿੱਚ ਸ਼ਰਧਾਂਜਲੀ ਸਭਾ ਸਮਾਗਮ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ , 7 ਸਤੰਬਰ 2025:ਟੀਚਰਜ਼ ਹੋਮ ਅਤੇ ਸਾਹਿਤਕ ਸੰਸਥਾਵਾਂ ਵੱਲੋਂ ਕਾ.ਜਰਨੈਲ ਸਿੰਘ ਭਾਈਰੂਪਾ ਦੀ ਯਾਦ ਨੂੰ ਸਮਰਪਿਤ ਸ਼ੋਕ ਸਭਾ ਸ਼ਹੀਦ ਕਰਨੈਲ ਸਿੰਘ ਈਸੜੂ ਹਾਲ ਬਠਿੰਡਾ ਵਿੱਚ ਕਰਾਇਆ ਗਿਆ।ਸਮਾਗਮ ਦੇ ਸ਼ੁਰੂ ਵਿੱਚ ਵਿਛੜੇ ਸਾਥੀ ਯਾਦ ਵਿੱਚ ਦੋ ਮਿੰਟ ਦਾ ਮੌਨ ਧਾਰਨ ਕੀਤਾ।ਇਸ ਸ਼ੌਕ ਸਭਾ ਵਿੱਚ ਕਾ.ਜਰਨੈਲ ਸਿੰਘ ਦੀ ਧਰਮਪਤਨੀ ਦਲਜੀਤ ਕੌਰ,ਬੇਟੇ ਮੰਨਾ ਅਤੇ ਮਨੀਤ,ਦੋਵੇਂ ਭਰਾਵਾਂ ਕਰਨੈਲ ਸਿੰਘ,ਜੁਗਰਾਜ ਸਿੰਘ ਰਾਣਾ ਦਾ ਸਮੁੱਚਾ ਪਰਿਵਾਰ ਸ਼ਾਮਿਲ ਸੀ।ਸ੍ਰੀ ਵਿਸ਼ਵਕਰਮਾ ਭਵਨ ਐਂਡ ਟੈਕਨੀਕਲ ਸੁਸਾਇਟੀ ਦੇ ਅਹੁਦੇਦਾਰ ਪਰਮਜੀਤ ਸਿੰਘ ਬਿਲੂ,ਤਿਰਲੋਚਨ ਸਿੰਘ ਧੀਮਾਨ ,ਬਲਜੀਤ ਸਿੰਘ ਨਾਮਧਾਰੀ,ਬਲਵਿੰਦਰ ਸਿੰਘ ਭੋਗਲ ਵੀ ਹਾਜ਼ਰ ਸਨ।
ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਸੂਬਾ ਕਮੇਟੀ ਦੇ ਮੈਂਬਰ ਕਾ. ਜਗਰੂਪ ਸਿੰਘ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਜਰਨੈਲ ਸਿੰਘ ਪਾਰਟੀ ਦਾ ਸੱਚਾ ਸਿਪਾਹੀ ਸੀ।ਫਲਸਫੇ ਦਾ ਜਾਣੂ ਸੀ।ਦਲੀਲ ਨਾਲ ਗੱਲ ਕਰਦਾ ਸੀ।ਠੀਕ ਗੱਲ 'ਤੇ ਡਟਦਾ ਸੀ।ਉਸਨੇ ਪਾਰਟੀ ਦੀ ਅਤੇ ਪੁਸਤਕ ਸੱਭਿਆਚਾਰ ਲਈ ਅਣਥੱਕ ਕੰਮ ਕੀਤਾ।
ਕਹਾਣੀਕਾਰ ਦਰਸ਼ਨ ਜੋਗਾ ਨੇ ਜਰਨੈਲ ਨਾਲ ਆਪਣੀਆਂ ਯਾਦਾਂ ਦੀ ਸਾਂਝ ਪਾਉਂਦਾ ਕਹਿੰਦਾ ਹੈ ਕਿ ਉਹ ਚੰਗਾ ਪ੍ਰਬੰਧਕ ਅਤੇ ਵਰਕਰ ਸੀ।ਲੋਕ ਲਹਿਰਾਂ ਦਾ ਮੋਹਰੀ ਸੀ।ਸਾਹਿਤ ਦਾ ਪਾਰਖੂ ਸੀ। ਭਾਰਤੀ ਸਾਹਿਤ ਅਕੈਦਮੀ ਨਵੀਂ ਦਿਲੀ ਦੀ ਗਵਰਨਿੰਗ ਕੌਸ਼ਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਜਰਨੈਲ ਸਿੰਘ ਸਭ ਦੇ ਮਨ 'ਤੇ ਉਕਰਿਆ ਹੋਇਆ ਹੈ।ਮੇਰੇ ਜੀਵਨ ਵਿੱਚ ਉਸਦਾ ਵੱਡਾ ਹਿੱਸਾ ਹੈ।ਮੈਂ ਉਸਤੋਂ ਪੰਜਾਬ ਬੁੱਕ ਸੈਂਟਰ ਤੋਂ ਕਿਤਾਬਾਂ ਖਰੀਦ ਕੇ ਪੜੀਆਂ।ਇਉਂ ਮੈਂ ਸਾਹਿਤਕਾਰ ਬਣਿਆ।ਉਹ ਇਮਾਨਦਾਰ ਬੰਦਾ ਸੀ।
ਟੀਚਰਜ਼ ਹੋਮ ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਰਘਬੀਰ ਸ਼ਰਮਾ ਦਾ ਕਹਿਣਾ ਸੀ ਕਿ ਕਾ. ਜਰਨੈਲ ਸਿੰਘ ਵਿਖਾਵੇਬਾਜ਼ੀ ਤੋਂ ਦੂਰ ਸੀ।ਉਹ ਹਨੇਰੇ ਖ਼ਿਲਾਫ਼ ਲੜਨ ਵਾਲਾ ਇਨਸਾਨ ਸੀ।ਉਸਦਾ ਵਿਵਹਾਰ ਅਤੇ ਲਗਨ ਸਲਾਘਾਯੋਗ ਸੀ।
ਕਾ. ਬਲਕਰਨ ਸਿੰਘ ਬਰਾੜ ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਬਠਿੰਡਾ ਦੇ ਸਕੱਤਰ ਨੇ ਆਖਿਆ ਕਿ ਕਾ. ਭਾਈਰੂਪਾ ਸਦਾ ਚੜ੍ਹਦੀ ਕਲਾ ਵਿੱਚ ਰਹਿਣ ਵਾਲਾ ਇਨਸਾਨ ਸੀ।ਉਹ ਚੌਣਾਂ ਮੌਕੇ ਦਫ਼ਤਰ ਦੀ ਸਾਰੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਂਦਾ ਸੀ।ਫੰਡ ਦਾ ਹਿਸਾਬ-ਕਿਤਾਬ ਵੀ ਰੱਖਦਾ ਸੀ।ਮੈਂ ਉਸਤੋਂ ਬਹੁਤ ਕੁਝ ਸਿੱਖਿਆ ਹੈ।ਕਾ. ਸੁਰਜੀਤ ਸਿੰਘ ਸੋਹੀ ਐਡਵੋਕੇਟ ਨੇ ਕਿਹਾ ਕਿ ਕਾ ਵਧੀਆ ਇਨਸਾਨ ਸੀ।ਉਸਦਾ ਅਚਨਚੇਤ ਤੁਰ ਜਾਣਾ ਬਹੁਤ ਦੁਖਦਾਈ ਹੈ।ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਸੁਰਿੰਦਰਪ੍ਰੀਤ ਘਣੀਆ ਨੇ ਕਿਹਾ ਕਿ ਜਰਨੈਲ ਸਿੰਘ ਹਰ ਸਮੇਂ ਐਕਸ਼ਨ ਮੋਡ ਵਿੱਚ ਰਹਿੰਦਾ ਸੀ।ਉਹ ਵਧੀਆ ਪ੍ਰਬੰਧਕ ਅਤੇ ਸਮੇਂ ਦਾ ਪਾਬੰਦ ਸੀ।
ਗੋਪਾਲ ਸਿੰਘ ਸੇਵਾਮੁਕਤ ਪੀ ਸੀ ਐਸ ਅਧਿਕਾਰੀ ਨੇ ਪਿੰਡ ਭਾਈਰੂਪਾ ਨਾਲ ਜੁੜੀਆਂ ਆਪਣੇ ਰਿਸ਼ਤੇ ਦੀਆਂ ਸਾਂਝਾ ਦਾ ਜਿਕਰ ਕੀਤਾ।ਕਾ. ਮੱਖਣ ਸਿੰਘ ਦੀ ਚੋਣ ਵੇਲੇ ਉਸਦੀ ਕੰਮ ਕਰਨ ਦੀ ਲਗਨ ਕਮਾਲ ਦੀ ਸੀ।ਉਹ ਵਧੀਆ ਸਟੇਜ ਸੰਚਾਲਕ ਸੀ।ਉਸਦੀ ਘਾਟ ਹਮੇਸ਼ਾ ਰਹੇਗੀ।
ਲਛਮਣ ਮਲੂਕਾ ਨੇ ਟੀਚਰਜ਼ ਹੋਮ ਵੱਲੋਂ ਕਾ. ਜਰਨੈਲ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ ਜਰਨੈਲ ਸਿੰਘ ਦੀ ਟੀਚਰਜ਼ ਹੋਮ ਨਾਲ ਗੂੜੀ ਸਾਲ ਸੀ।ਉਹ ਹਰ ਆਗੂ ਅਤੇ ਵਰਕਰ ਨਾਲ ਰਾਬਤਾ ਰੱਖਦਾ ਸੀ।ਉਹ ਜੇਲ੍ਹਾਂ ਵਿੱਚ ਕਾਮਰੇਡ ਸਾਥੀਆਂ ਨਾਲ ਮੁਲਾਕਾਤਾਂ ਕਰਕੇ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਸੀ।ਉਸਦੇ ਵਿਚਾਰ ਹਮੇਸ਼ਾ ਜਿਉਂਦੇ ਰਹਿਣਗੇ।ਊਹ
ਕਾ. ਮਹੀਪਾਲ ਨੇ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਮੇਰੀ ਸਾਂਝ ਪੰਜਾਬ ਬੁੱਕ ਸੈਂਟਰ ਵੇਲੇ ਬਣੀ। ਉਸਨੇ ਮੈਨੂੰ ਅਫਲਾਤੂਨ ਤੋਂ ਲੈਨਿਨ ਤੱਕ ਕਿਤਾਬ ਪੜ੍ਹਨ ਦਾ ਸੁਝਾਅ ਦਿੱਤਾ ਤਾਂ ਮੈਂ ਉਸਦੀ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਿਤ ਹੋਇਆ।ਉਸ ਨੇ ਕਦੇ ਤੰਗਨਜ਼ਰੀ ਨਹੀਂ ਵਿਖਾਈ।ਉਹ ਸੱਚਾ ਦੋਸਤ ਸੀ।
ਕਾ. ਮੱਖਣ ਸਿੰਘ ਦੀ ਜੀਵਨ ਸਾਥਣ ਰੁਪਿੰਦਰ ਮਾਨ ਨੇ ਪਰਿਵਾਰਿਕ ਸਾਂਝਾ ਨਾਲ ਆਪਣੀ ਵੇਦਨਾ ਪ੍ਰਗਟ ਕੀਤੀ।ਉਹ ਰੱਬੀ ਰੂਹ ਸੀ।ਉਸਦੇ ਜਾਣ ਨਾਲ ਦਿਲ ਵਲੂਧਰਿਆ ਗਿਆ ਹੈ।
ਨਾਵਲਕਾਰ ਅਤੇ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਜਸਪਾਲ ਮਾਨਖੇੜਾ ਨੇ ਕਿਹਾ ਕਿ ਕਾ. ਜਰਨੈਲ ਪੌਣੀ ਸਦੀ ਦਾ ਸਫ਼ਰ ਤੈਅ ਕਰਕੇ ਆਪਣਾ ਜੀਵਨ ਲੋਕਾਂ ਦੇ ਲੇਖੇ ਲਾਕੇ ,ਲੋਕ ਸੇਵਕ ਦਾ ਰੁਤਬਾ ਪਾਕੇ ਰੁਖ਼ਸਤ ਹੋਇਆ ਹੈ।ਉਸਦਾ ਜਾਣਾ ਅਸਹਿ ਹੈ।ਉਸਦੇ ਜੀਵਨ ਸੰਬੰਧੀ ਛੇਤੀ ਹੀ "ਲੋਕਾਂ ਦਾ ਜਰਨੈਲ" ਕਿਤਾਬ ਲਿਖੀ ਜਾਵੇਗੀ।
ਗੁਰਸੇਵਕ ਸਿੰਘ ਬੀੜ ਨੇ ਭਾਵਪੂਰਤ ਕਵਿਤਾ ਪੜ੍ਹਕੇ ਜਰਨੈਲ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਸ਼ੋਕ ਸਭਾ ਵਿੱਚ ਲੋਕ ਮੋਰਚਾ ਦੇ ਸੂਬਾ ਆਗੂ ਜਗਮੇਲ ਸਿੰਘ,ਪ੍ਰੋ ਤਰਸੇਮ ਨਰੂਲਾ,ਨਾਵਲਕਾਰ ਨੰਦ ਸਿੰਘ ਮਹਿਤਾ, ਗੁਰਦੇਵ ਖੋਖਰ,ਜਗਦੇਵ ਸਿੰਘ ਜੱਗਾ,ਅਧਿਆਪਕ ਆਗੂ ਰੇਸ਼ਮ ਸਿੰਘ,ਹਰਬੰਸ ਲਾਲ ਗਰਗ,ਤਰਸੇਮ ਬਸਰ,ਮੋਹਨਜੀਤ ਪੁਰੀ,ਰਮੇਸ਼ ਸੇਠੀ ਬਾਦਲ,ਸੁਖਦਰਸ਼ਨ ਗਰਗ, ਮਨਜੀਤ ਬਠਿੰਡਾ,ਨੀਲਮ ਪਰਿੰਦਾ,ਕਮਲ ਬਠਿੰਡਾ,ਕਵਿਤਰੀ ਅਮਰਜੀਤ ਕੌਰ ਮਾਨ, ਦਲਜੀਤ ਅਰਸ਼ੀ,ਕੁਲਦੀਪ ਬੰਗੀ, ਤੇਜਾ ਸਿੰਘ ਪ੍ਰੇਮੀ, ਦਲਜੀਤ ਬੰਗੀ,ਜਸਵਿੰਦਰ ਸੁਰਗੀਤ, ਜਗਨ ਨਾਥ, ਖਰੁਸਚੇਵ,ਉਜਾਗਰ ਢਿੱਲੋਂ,ਮਾ. ਗਿਆਨ ਸਿੰਘ,ਸੁਖਵਿੰਦਰ ਜੀਦਾ,ਤਰਕਸ਼ੀਲ ਕੁਲਵੰਤ ਸਿੰਘ,ਪੱਤਰਕਾਰ ਸਤਪਾਲ ਮਾਨ, ਕਵਿਤਰੀ ਸਰਗਮ,ਗਗਨਦੀਪ ਸਿੰਘ ਪੀ ਐਸ ਐਸ ਐਫ ਵਿਗਿਆਨਕ, ਜਸਬੀਰ ਅਕਲੀਆ,ਪ੍ਰਿਤਪਾਲ ਸਿੰਘ ਹਾਜ਼ਰ ਸਨ।
ਮਾ. ਗੁਰਦੇਵ ਸਿੰਘ ਜਗਾ ਰਾਮ ਤੀਰਥ ਨੇ ਪਰਿਵਾਰ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ।ਸਟੇਜ ਦੀ ਜ਼ਿੰਮੇਵਾਰੀ ਪੰਜਾਬੀ ਸਾਹਿਤ ਸਭਾ ਦੇ ਜਨਰਲ ਸਕੱਤਰ ਰਣਜੀਤ ਗੌਰਵ ਨੇ ਨਿਭਾਈ।