ਡੈਮ ਅਤੇ ਚੱਕੀ ਦਰਿਆ ਦੇ ਪਾਣੀ ਨਾਲ ਉਫਨਿਆ ਬਿਆਸ ਦਰਿਆ ਦਾ ਪਾਣੀ ਖੇਤਾਂ ਵਿੱਚ ਹੋਇਆ ਦਾਖਲ
2024 ਦੇ ਹੜ ਨਾਲ ਟੁੱਟੇ ਸਪਰ ਦੀ ਅਜੇ ਤੱਕ ਨਹੀਂ ਹੋਈ ਮੁਰੰਮਤ ,ਅਕਾਲੀ ਆਗੂ ਕਮਲਪ੍ਰੀਤ ਸਿੰਘ ਕਾਕੀ ਅਤੇ ਉਹਨਾਂ ਦੀ ਟੀਮ ਨੇ ਹੜ ਵਾਲੇ ਹਲਕਿਆਂ ਦਾ ਲਿਆ ਜਾਇਜ਼ਾ
ਰੋਹਿਤ ਗੁਪਤਾ
ਗੁਰਦਾਸਪੁਰ, 10 ਅਗਸਤ 2025 - ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਬਰਸਾਤ ਦੇ ਕਾਰਨ ਜਿੱਥੇ ਪਹਾੜਾਂ ਵਿੱਚ ਨਿਕਲਣ ਵਾਲੀਆਂ ਨਦੀਆਂ ਵਿੱਚ ਪਾਣੀ ਦਾ ਪੱਧਰ ਵਧਿਆ ਹੈ ਉੱਥੇ ਡੈਮਾਂ ਦਾ ਪਾਣੀ ਵਧਣ ਤੋਂ ਬਾਅਦ ਦਰਿਆ ਬਿਆਸ ਵਿੱਚ ਇੱਕ ਵਾਰ ਫਿਰ ਹੜ ਵਰਗੇ ਹਾਲਾਤ ਬਣ ਗਏ ਹਨ। ਲਗਾਤਾਰ ਪੌਂਗ ਡੈਮ ਤੋਂ ਪਾਣੀ ਛੱਡੇ ਜਾਣ ਕਾਰਨ ਐਤਵਾਰ ਨੂੰ ਦਰਿਆ ਬਿਆਸ ਦਾ ਪਾਣੀ ਆਪਣੇ ਕਿਨਾਰਿਆਂ ਨੂੰ ਲੰਘਦਾ ਹੋਇਆ ਕਿਨਾਰੇ ਤੇ ਸਥਿਤ ਖੇਤਾਂ ਵਿੱਚ ਦਾਖਲ ਹੋ ਗਿਆ ਹੈ ਜਿਸ ਕਾਰਨ ਫਸਲਾਂ ਪਾਣੀ ਵਿੱਚ ਡੁੱਬ ਚੁੱਕੀਆਂ ਹਨ ਅਤੇ ਇਹ ਪਾਣੀ ਲਗਾਤਾਰ ਵਧ ਰਿਹਾ ਹੈ।
ਗੌਰ ਤਲਬ ਹੈ ਕਿ ਇਹ ਉਹ ਸਥਾਨ ਪਿੰਡ ਜਗਤਪੁਰ ਹੈ ਜਿੱਥੇ 2022 ਦੇ ਵਿੱਚ ਪਿੰਡ ਦੇ ਸਾਹਮਣੇ ਦਰਿਆ ਬਿਆਸ ਵਿੱਚ ਆਏ ਹੜ ਕਾਰਨ ਧੁੱਸੀਂ ਬੰਨ ਕੁਝ ਥਾਵਾਂ ਤੋਂ ਟੁੱਟ ਗਿਆ ਸੀ। ਭਾਵੇਂ ਕਿ ਅਜੇ ਪਾਣੀ ਧੁੱਸੀ ਬੰਨ ਦੇ ਨਾਲ ਨਹੀਂ ਲੱਗਾ ਪਰ ਜੇਕਰ ਪਹਾੜੀ ਖੇਤਰਾਂ ਵਿੱਚ ਇਸੇ ਤਰ੍ਹਾਂ ਹੀ ਬਰਸਾਤ ਜਾਰੀ ਰਹੀ ਤਾਂ ਡੈਮ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਦਰਿਆ ਬਿਆਸ ਵਿੱਚ ਹੋਰ ਪਾਣੀ ਛੱਡਿਆ ਜਾ ਸਕਦਾ ਅਤੇ ਚੱਕੀ ਦਰਿਆ ਦਾ ਪਾਣੀ ਵੀ ਦਰਿਆ ਬਿਆਸ ਵਿੱਚ ਮਿਲਣ ਕਾਰਨ 2023 ਵਾਂਗ ਇੱਕ ਵਾਰ ਫਿਰ ਹੜਾਂ ਵਰਗੇ ਹਾਲਾਤ ਬਣ ਸਕਦੇ ਹਨ।
ਜਦੋਂ ਪੱਤਰਕਾਰ ਬਿਆਜ ਦਰਿਆ ਕਿਨਾਰੇ ਇਲਾਕਿਆਂ ਵਿੱਚ ਪਹੁੰਚੇ ਤਾਂ ਉੱਥੇ 2023 ਵਿੱਚ ਧੁੱਸੀ ਬੰਨ ਦੇ ਪਾੜ ਨੂੰ ਪੂਰਨ ਵਿੱਚ ਅਹਿਮ ਰੋਲ ਨਿਭਾਉਣ ਵਾਲੇ ਕੰਵਲਪਰੀਤ ਸਿੰਘ ਕਾਕੀ ਅਤੇ ਉਹਨਾਂ ਦੇ ਸਾਥੀਆਂ ਤੋਂ ਇਲਾਵਾ ਕਿਸਾਨ ਅਤੇ ਕਿਸਾਨ ਆਗੂ ਵੀ ਪਹੁੰਚੇ ਹੋਏ ਸਨ। ਇਸ ਮੌਕੇ ਗੱਲਬਾਤ ਕਰਦੇ ਹੋਏ ਕੰਵਲਪ੍ਰੀਤ ਸਿੰਘ ਕਾਕੀ ਕਿਸਾਨ ਆਗੂ ਬਲਜਿੰਦਰ ਸਿੰਘ ਅਤੇ ਮਾਰਕੀਟ ਕਮੇਟੀ ਦੀਨਾਂ ਨਗਰ ਦੇ ਚੇਅਰਮੈਨ ਬਲਜੀਤ ਸਿੰਘ ਖਾਲਸਾ ਨੇ ਕਿਹਾ ਕਿ ਦਰਿਆ ਬਿਆਸ ਵਿੱਚ ਜੇਕਰ ਪਾਣੀ ਦਾ ਪੱਧਰ ਵਧਿਆ ਤਾਂ ਵੱਡਾ ਖਤਰਾ ਹੋ ਸਕਦਾ ਹੈ ।ਕੰਵਲ ਪ੍ਰੀਤ ਸਿੰਘ ਕਾਕੀ ਨੇ ਕਿਹਾ ਕਿ ਉਹਨਾਂ ਦੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਪੀ ਡਬਲਯੂ ਡੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਹੋ ਚੁੱਕੀ ਹੈ।ਉਹਨਾਂ ਵੱਲੋਂ ਦੋ ਸਾਲ ਪਹਿਲਾਂ ਟੁੱਟੇ ਹੋਏ ਪਾਣੀ ਦੇ ਸਪਰ ਨੂੰ ਮੁਰੰਮਤ ਕਰਨ ਦਾ ਭਰੋਸਾ ਦਿੱਤਾ ਹੈ।
ਉਹਨਾਂ ਨੇ ਕਿਹਾ ਕਿ ਜੇਕਰ ਵਿਭਾਗ ਕੋਈ ਕਾਰਵਾਈ ਨਹੀਂ ਕਰਦਾ ਤਾਂ ਉਹ ਆਪਣੀਆਂ ਟੀਮਾਂ ਦੇ ਨਾਲ ਇਹ ਸੇਵਾ ਨਿਭਾਉਣਗੇ। ਇਸ ਮੌਕੇ ਕਿਸਾਨ ਆਗੂ ਬਲਜਿੰਦਰ ਸਿੰਘ ਨੇ ਕਿਹਾ ਹੈ ਕਿ 2023 ਵਾਂਗ ਲੋਕਾਂ ਵਿੱਚ ਇੱਕ ਵਾਰੀ ਸਹਿਮ ਦਾ ਮਾਹੌਲ ਬਣ ਗਿਆ ਹੈ। ਉਹਨਾਂ ਨੇ ਦੱਸਿਆ ਕਿ ਸਾਲ 2023 ਚ ਲੋਕਾਂ ਦੀ ਕਰੋੜਾਂ ਰੁਪਏ ਦੀ ਫਸਲ ਹੜ ਦੇ ਪਾਣੀ ਨਾਲ ਬਰਬਾਦ ਹੋ ਗਈ ਸੀ। ਇਸ ਤੋਂ ਇਲਾਵਾ ਸੜਕਾਂ ਅਤੇ ਪੁਲਾਂ ਦੀ ਵੀ ਬਰਬਾਦੀ ਹੋਈ ਸੀ। ਇਸ ਲਈ ਸਰਕਾਰ ਨੂੰ ਤੁਰੰਤ ਹੜ ਰੋਕਣ ਦੇ ਪ੍ਰਬੰਧ ਕਰਨੇ ਚਾਹੀਦੇ ਹਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜਿਲ੍ਾ ਆਗੂ ਅਤੇ ਮਾਰਕੀਟ ਕਮੇਟੀ ਦੀਨਾ ਨਗਰ ਦੇ ਚੇਅਰਮੈਨ ਬਲਜੀਤ ਸਿੰਘ ਖਾਲਸਾ ਨੇ ਕਿਹਾ ਕਿ ਉਹਨਾਂ ਵੱਲੋਂ ਲਗਾਤਾਰ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕੀਤਾ ਹੋਇਆ ਹੈ ਉਹ ਇਸ ਸਪਰ ਦੀ ਮਰੰਮਤ ਕਰਵਾਉਣ ਤੋਂ ਬਿਨਾਂ ਇਸ ਸਥਾਨ ਤੋਂ ਵਾਪਸ ਪਿੰਡ ਨਹੀਂ ਪਰਤਣਗੇ।
ਕੀ ਕਹਿੰਦੇ ਹਨ ਡਿਪਟੀ ਕਮਿਸ਼ਨਰ ਗੁਰਦਾਸਪੁਰ
ਇਸ ਸਬੰਧੀ ਜਦੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਲਵਿੰਦਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਅਤੇ ਡਰੇਨ ਵਿਭਾਗ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਇਸ ਸਮੱਸਿਆ ਨਾਲ ਨਜਿਠਣ ਲਈ ਲਗਾ ਦਿੱਤੀਆਂ ਗਈਆਂ ਹਨ ਉਹਨਾਂ ਨੇ ਕਿਹਾ ਕਿ ਇਸ ਸਪਰ ਦੀ ਸਮਾਂ ਰਹਿੰਦਿਆਂ ਹੀ ਮੁਰੰਮਤ ਕਰ ਦਿੱਤੀ ਜਾਵੇਗੀ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਵੀ ਘਬਰਾਹਟ ਵਿੱਚ ਆਉਣ ਦੀ ਲੋੜ ਨਹੀਂ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਹੜ ਰੋਕੂ ਪ੍ਰਸ਼ਾਸਨ ਪੂਰੀ ਤਰਹਾਂ ਮੁਸ਼ਤਾਦ ਹੈ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ।