ਪੰਜ ਮੈਂਬਰੀ ਕਮੇਟੀ ਦੇ ਹੋ ਰਹੇ ਇਜਲਾਸ ਲਈ ਥਾਂ ਦੇਣ ਤੋਂ ਮੁਕਰੀ SGPC- ਬਾਗੀ ਅਕਾਲੀ ਧੜੇ ਦਾ ਗੰਭੀਰ ਦੋਸ਼
ਮੈਨੇਜਰ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਤੋਂ ਦਿਤਾ ਕੋਰਾ ਜਵਾਬ: ਭਾਈ ਜਸਬੀਰ ਸਿੰਘ ਘੁੰਮਣ
ਅੰਮ੍ਰਿਤਸਰ:-9 ਅਗਸਤ 2025- ਪੰਜ ਮੈਂਬਰੀ ਕਮੇਟੀ ਦੇ ਵੱਲੋਂ ਐਸਜੀਪੀਸੀ ਤੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਕਿ ਭਾਈ ਗੁਰਦਾਸ ਹਾਲ ਪ੍ਰਬੰਧ ਦਾ ਜਾਇਜਾ ਲੈ ਰਹੇ ਅਕਾਲੀ ਆਗੂਆ ਨੂੰ ਹੈਰਾਨ ਕਰ ਦਿਤਾ ਜਦੋਂ ਦਰਬਾਰ ਸਾਹਿਬ ਦੇ ਮੈਨੇਜਰ ਨੇ ਹੁਕਮ ਸੁਣਾ ਦਿਤਾ ਕਿ ਭਾਈ ਗੁਰਦਾਸ ਹਾਲ ਵਿਖੇ ਹੋ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਇਜਲਾਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋਣ ਦਿਤਾ ਜਾਵੇਗਾ।
ਪੰਜ ਮੈਂਬਰੀ ਕਮੇਟੀ ਦੇ ਭਾਈ ਜਸਬੀਰ ਸਿੰਘ ਘੁੰਮਣ ਵੱਲੋਂ ਕਾਰਣ ਪੁੱਛਣ ਤੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਕਿਹਾ ਕਿ ਪ੍ਰਕਾਸ਼ ਨਾ ਕਰ ਦੇਣ ਸਬੰਧੀ ਮੈਨੂੰ ਉਪਰੋਂ ਹੁਕਮ ਹਨ। ਇਸ ਸਬੰਧੀ ਪ੍ਰਧਾਨ ਸ਼੍ਰੋ:ਕਮੇਟੀ ਧਾਮੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵਾਰ-ਵਾਰ ਫੋਨ ਕਰਨ ਤੇ ਵੀ ਫੋਨ ਨਹੀਂ ਚੁਕਿਆ।
ਫਿਰ ਜਦੋਂ ਮੁਖ ਸਕੱਤਰ ਨੂੰ ਫੋਨ ਕੀਤਾ ਤਾਂ ਉਨ੍ਹਾਂ ਨੇ ਇਸ ਸਬੰਧੀ ਅਗਿਆਨਤਾ ਪ੍ਰਗਟਾਈ। ਭਾਈ ਘੁੰਮਣ ਨੇ ਇਸ ਸਾਰੇ ਵਰਤਾਰੇ ਦੀ ਨਿਖੇਧੀ ਕਰਦਿਆ ਕਿਹਾ ਗੁਰੂ ਕਾਲ ਵੇਲੇ ਸਾਹਿਬ ਸ੍ਰੀ ਗੁਰੂ ਪੰਚਮ ਪਾਤਸ਼ਾਹ ਜਿਸ ਗੁਰਸਿੱਖ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਵਾਈ ਸੀ, ਅੱਜ ਉਸ ਦੇ ਨਾਮ ਤੇ ਬਣੇ ਹਾਲ ਵਿਖੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕਰਨ ਦਿੱਤਾ ਗਿਆ। ਮੈਨਜਰ ਧੰਗੇੜਾ ਨੇ ਬੇਹੂਦਾ ਜੁਆਬ ਦੇਦਿਆਂ ਕਿਹਾ ਕਿ ਬਾਦਲ ਦਲ ਨੇ ਪ੍ਰਕਾਸ਼ ਨਹੀਂ ਕੀਤਾ ਇਸ ਲਈ ਤੁਹਾਨੂੰ ਵੀ ਪ੍ਰਕਾਸ਼ ਕਰਨ ਦੀ ਆਗਿਆ ਨਹੀਂ ਦਿਤੀ ਜਾ ਸਕਦੀ।
ਪੰਜ ਮੈਂਬਰੀ ਕਮੇਟੀ ਦੀ ਮੈਂਬਰ ਸਤਵੰਤ ਕੌਰ ਨੇ ਬਿਨ੍ਹਾਂ ਗੁਰੂ ਸਾਹਿਬ ਦੀ ਹਜ਼ੂਰੀ ਤੋਂ ਇਜਲਾਸ ਕਰਨ ਨੂੰ ਮੂਲੋਂ ਹੀ ਰੱਦ ਕਰ ਦਿਤਾ ਅਤੇ ਇਸ ਦੀ ਸਖ਼ਤ ਨਿਖੇਧੀ ਵੀ ਕੀਤੀ ਹੈ। ਭਰਤੀ ਕਮੇਟੀ ਦੇ ਹੁਕਮਾਂ ਤੇ ਭਾਈ ਘੁੰਮਣ ਨੇ ਕਿਹਾ ਮੇਰੇ ਸਮੇਤ ਜਥੇ. ਰਘਬੀਰ ਸਿੰਘ ਰਾਜਾਸਾਂਸੀ ਅਤੇ ਬਲਵਿੰਦਰ ਸਿੰਘ ਜੌੜਾ ਸਿੰਘਾ ਵੱਲੋਂ ਬਦਲਵੇ ਪ੍ਰਬੰਧ ਵੱਜੋਂ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਕਰ ਦਿਤੇ ਗਏ ਹਨ। ਉਨ੍ਹਾਂ ਸਮੂੰਹ ਡੈਲੀਗੇਟਸ ਨੂੰ ਅਪੀਲ ਕੀਤੀ ਹੈ ਕਿ ਉਹ 11 ਅਗਸਤ 2025 ਨੂੰ ਸਵੇਰੇ 11 ਵਜੇ ਪਹੁੰਚਣ ਦੀ ਕ੍ਰਿਪਾਲਤਾ ਕਰਨ।