ਵਿੱਤ ਮੰਤਰੀ ਦੇ ਲਾਰਿਆਂ ਤੋਂ ਅੱਕੇ ਅਧਿਆਪਕਾਂ ਵੱਲੋਂ ਦਿੜ੍ਹਬਾ ’ਚ ਆਮ ਆਦਮੀ ਪਾਰਟੀ ਨੂੰ ਚਿਤਾਵਨੀ ਪੱਤਰ
ਅਸ਼ੋਕ ਵਰਮਾ
ਦਿੜ੍ਹਬਾ,10 ਅਗਸਤ 2025: ਗੌਰਮਿੰਟ ਟੀਚਰਜ਼ ਯੂਨੀਅਨ ਅਤੇ 180 ਰੈਗੂਲਰ ਈਟੀਟੀ ਅਧਿਆਪਕਾਂ ਨੇ ਵਿੱਤ ਮੰਤਰੀ ਪੰਜਾਬ ਦੇ ਲਾਰਿਆਂ ਤੋਂ ਅੱਕਕੇ ਅੱਜ ਦਿੜ੍ਹਬਾ ’ਚ ਆਮ ਆਦਮੀ ਪਾਰਟੀ ਦੇ ਦਫਤਰ ਇੰਚਾਰਜ ਨੂੰ ਚਿਤਾਵਨੀ ਪੱਤਰ ਦਿੰਦਿਆਂ ਸਪਸ਼ਟ ਕੀਤਾ ਕਿ ਜੇਕਰ 180 ਈਟੀਟੀ ਅਧਿਆਪਕਾਂ ਨਾਲ ਵਿਤਕਰਾ ਖਤਮ ਨਾਂ ਕੀਤਾ ਤਾਂ ਉਹ 14 ਅਗਸਤ ਤੋਂ ਵਿੱਤ ਮੰਤਰੀ ਦੇ ਹਲਕੇ ’ਚ ਭੰਡੀ ਪ੍ਰਚਾਰ ਮੁਹਿੰਮ ਚਲਾਉਣ ਲਈ ਮਜਬੂਰ ਹੋਣਗੇ। ਇਸ ਮੌਕੇ ਆਗੂਆਂ ਨੇ ਪਿਛਲੇ ਅੱਠ ਸਾਲ ਤੋਂ ਸਿੱਖਿਆ ਵਿਭਾਗ ਵਿੱਚ ਸੇਵਾ ਨਿਭਾ ਰਹੇ 180 ਅਧਿਆਪਕਾਂ ਨਾਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਵੱਡੀ ਕੁਤਾਹੀ ਕਾਰਨ ਕੀਤੇ ਜਾ ਰਹੇ ਗੈਰ ਕਾਨੂੰਨੀ ਅਤੇ ਗੈਰ ਸੰਵਿਧਾਨਕ ਕੀਤੇ ਧੱਕੇ ਸਬੰਧੀ ਚਰਚਾ ਕੀਤੀ ਸੂਬਾ ਪ੍ਰਧਾਨ ਕਮਲ ਠਾਕੁਰ ਨੇ ਦੱਸਿਆ ਕਿ 180 ਅਧਿਆਪਕਾਂ ਦੇ ਮਸਲਿਆਂ ਨੂੰ ਹੱਲ ਕਰਨ ਸਬੰਧੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸਿੱਖਿਆ ਮੰਤਰੀ, ਵਿੱਤ ਅਧਿਕਾਰੀਆਂ ਅਤੇ ਸਿੱਖਿਆ ਅਧਿਕਾਰੀਆਂ ਨਾਲ ਅਨੇਕਾਂ ਮੀਟਿੰਗਾਂ ਹੋ ਚੁੱਕੀਆਂ ਹਨ।
ਉਹਨਾਂ ਦੱਸਿਆ ਕਿ ਇੰਨ੍ਹਾਂ ਮੀਟਿੰਗਾਂ ਵਿੱਚ ਮਸਲਾ ਹੱਲ ਕਰਵਾਉਣ ਦੀ ਬਜਾਏ ਲਾਰਿਆਂ ਨਾਲ ਡੰਗ ਟਪਾਈ ਕੀਤੀ ਜਾ ਰਹੀ ਹੈ ਜੋ ਬਰਦਾਸ਼ਤਯੋਗ ਨਹੀਂ ਹੈ। ਉਹਨਾਂ ਦੱਸਿਆ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੋਟਾਂ ਤੋਂ ਪਹਿਲਾਂ ਮੀਡੀਆ ਸਾਹਮਣੇ ਮਸਲੇ ਨੂੰ ਜਾਇਜ ਠਹਿਰਾਉਂਦਿਆਂ ਸਰਕਾਰ ਆਉਣ ਤੇ ਹੱਲ ਕਰਨ ਦਾ ਭਰੋਸਾ ਦਿੱਤਾ ਸੀ। ਉਹਨਾਂ ਦੱਸਿਠਆ ਕਿ ਇਸ ਦੇ ਉਲਟ ਅੱਜ ਵਿੱਤ ਮੰਤਰੀ ਹੁੰਦੇ ਹੋਇਆਂ ਵੀ ਹੱਲ ਕਰਨ ਦੀ ਥਾਂ ਉਹ ਲਗਾਤਾਰ ਟਾਲ-ਮਟੋਲ ਕਰ ਰਹੇ ਹਨ । ਉਹਨਾਂ ਕਿਹਾ ਕਿ ਦੋਗਲੀ ਨੀਤੀ ਅਤੇ ਪੰਜਾਬ ਸਰਕਾਰ ਦੇ ਲਾਰਿਆਂ ਤੋਂ ਅੱਕਕੇ 180 ਅਧਿਆਪਕਾਂ ਨੇ ਜੀਟੀਯੂ ਦੇ ਸਹਿਯੋਗ ਨਾਲ 14 ਅਗਸਤ ਨੂੰ ਦਿੜ੍ਹਬਾ ਸ਼ਹਿਰ, 24 ਨੂੰ ਕੌਹਰੀਆਂ, ਦੀਵਾਨਗੜ੍ਹ ਕੈਪੁਰ, ਰੋਗਲਾ ਅਤੇ 31ਅਗਸਤ ਨੂੰ ਜਖੇਪਲ ਵਾਸ,ਧਾਲੀਵਾਲ ਵਾਸ, ਹੰਬਲਵਾਸ ,7 ਸਤੰਬਰ ਨੂੰ ਪਿੰਡ ਉਗਰਾਹਾਂ, ਮੌਜੋਵਾਲ ਅਤੇ ਗੰਢੂਆਂ ਵਿੱਚ ਸਰਕਾਰ ਖਿਲਾਫ ਘਰ ਘਰ ਜਾਕੇ ਭੰਡੀ ਪ੍ਰਚਾਰ ਕੀਤਾ ਜਾਵੇਗਾ।
ਉਹਨਾਂ ਦੱਸਿਆ ਕਿ ਇਹ ਸਿਲਸਿਲਾ ਮਸਲਾ ਹੱਲ ਹੋਣ ਜਾਂ ਅਗਲੀਆਂ ਵਿਧਾਨ ਸਭਾ ਚੋਣਾਂ ਤੱਕ ਲਗਾਤਾਰ ਜਾਰੀ ਰਹੇਗਾ । ਉਹਨਾਂ ਦੱਸਿਆ ਕਿ ਇਸ ਸੰਘਰਸ਼ ਵਿੱਚ 180 ਅਧਿਆਪਕ ਆਪਣੇ ਪਰਿਵਾਰਾਂ ਅਤੇ ਜੀਟੀਯੂ ਸਮੇਤ ਹਲਕਾ ਦਿੜ੍ਹਬਾ ਦੇ ਪਿੰਡਾਂ ਦੇ ਹਰ ਗਲੀ-ਮੁਹੱਲੇ ਅਤੇ ਬਾਜ਼ਾਰਾਂ ਵਿੱਚ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਬਾਰੇ ਪ੍ਰਚਾਰ ਕਰਨਗੇ ਜੋਕਿ ਮਸਲਾ ਹੱਲ ਨਾ ਹੋਣ ਤੱਕ ਨਿਰੰਤਰ ਜਾਰੀ ਰਹੇਗਾ। ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦੇਵੀ ਦਿਆਲ ਨੇ ਸੰਘਰਸ਼ ਵਿੱਚ ਸਾਥ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਦਿੜ੍ਹਬਾ ਦਫਤਰ ਵਿੱਚ ਹਰਪਾਲ ਸਿੰਘ ਚੀਮਾ ਦੇ ਨਾਮ ਚਿਤਾਵਨੀ ਪੱਤਰ ਦਿੱਤਾ ਗਿਆ। ਇਸ ਮੌਕੇ ਅਧਿਆਪਕ ਆਗੂ ਫਕੀਰ ਸਿੰਘ ਟਿੱਬਾ, ਸਤਵੰਤ ਸਿੰਘ ਆਲਮਪੁਰ, ਈਟੀਟੀ ਅਧਿਆਪਕ ਯੂਨੀਅਨ ਦੇ ਜਨਰਲ ਸਕੱਤਰ ਸੋਹਨ ਸਿੰਘ ਬਰਨਾਲਾ, ਗੁਰਮੁਖ ਸਿੰਘ ਪਟਿਆਲਾ, ਗੁਰਪ੍ਰੀਤ ਸਿੰਘ ਸਿੱਧੂ, ਹਰਪ੍ਰੀਤ ਸਿੰਘ ਭੁੱਲਰਹੇੜੀ, ਗੌਰਵ ਸ਼ਰਮਾ ਅਮਜਦ ਅਤੇ ਭਾਲੇਸ਼ ਸ਼ਰਮਾ ਆਦਿ ਹਾਜ਼ਰ ਸਨ।