50,000 ਵਿਦਿਆਰਥੀਆਂ ਨੂੰ ਖਾਸ ਮੁਹਿੰਮ ਨਾਲ ਜੋੜਿਆ : ਮਨੀਸ਼ ਸਿਸੋਦੀਆ
ਯੁੱਧ ਨਸ਼ਿਆਂ ਵਿਰੁੱਧ ਵਿਸ਼ੇ ‘ਤੇ ਨਾਟਕਾਂ ਰਾਹੀਂ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੇ ਵਿਦਿਆਰਥੀਆਂ ਨੂੰ ਵੀ ਮੁਹਿੰਮ ਨਾਲ ਜੋੜਿਆ ਜਾਵੇਗਾ
ਪਹਿਲੇ ਸਥਾਨ ‘ਤੇ ਸਕੂਲ ਆਫ ਐਮੀਂਨਸ ਮੋਰਿੰਡਾ ਦੀ ਟੀਮ, ਦੂਜੇ ਸਥਾਨ ‘ਤੇ ਫੂਲਪੁਰ ਗਰੇਵਾਲ ਤੇ ਘਨੌਲੀ ਦੀ ਟੀਮ ਰਹੀ
ਤੀਜੇ ਸਥਾਨ ‘ਤੇ ਡੱਲਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਜ ਦੀ ਟੀਮ ਰਹੀ
ਰੂਪਨਗਰ, 10 ਅਗਸਤ: ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਾਹੀਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ ਆਈ ਆਈ ਟੀ ਰੂਪਨਗਰ ਵਿਖੇ ਜਿਲ੍ਹਾ ਰੂਪਨਗਰ ਦੇ ਵੱਖ-ਵੱਖ ਬਲਾਕਾਂ ਦੇ ਜੇਤੂ ਸਕੂਲਾਂ ਦੇ ਮਹਾਂ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਮੁੱਖ ਮਹਿਮਾਨ ਵਜੋਂ ਪਹੁੰਚੇ।
ਇਸ ਮੌਕੇ ਮਨੀਸ਼ ਸਿਸੋਦੀਆ ਨੇ ਸੰਬੋਧਨ ਕਰਦਿਆਂ ਨਾਟਕ ਰਾਹੀਂ ਵਿਦਿਆਰਥੀਆਂ ਨੂੰ ਜਾਗਰੂਕ ਕਰਕੇ ਮੁਹਿੰਮ ਨੂੰ ਜ਼ਮੀਨੀ ਪੱਧਰ ਉੱਤੇ ਕਾਮਯਾਬ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਇਹ ਇਕ ਵੱਡੀ ਸਫਲਤਾ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਮਹਾਂ ਨਾਟਕ ਮੁਕਾਬਲੇ ਰਾਹੀਂ ਰੂਪਨਗਰ ਜ਼ਿਲ੍ਹੇ ਦੇ 50,000 ਤੋਂ ਵੱਧ ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਮੁਹਿੰਮ ਨਾਲ ਜੋੜਿਆ ਗਿਆ ਹੈ ਜਿਸ ਨਾਲ ਇਹ ਮੁਹਿੰਮ ਇਕ ਜਨ ਅੰਦੋਲਨ ਦਾ ਰੂਪ ਧਾਰ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਵਿਸ਼ੇ ਦੇ ਨਾਟਕਾਂ ਦੀ ਬਣੀ ਲੋਕਪ੍ਰਿਅਤਾ ਨੂੰ ਦੇਖਦੇ ਹੋਏ ਇਸ ਨਾਟਕ ਮੁਕਾਬਲੇ ਰਾਹੀਂ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜ੍ਹੇ ਪ੍ਰਭਾਵਾਂ ਅਤੇ ਸਿਹਤਮੰਦ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕਰਨ ਲਈ ਮੁਹਿੰਮ ਨਾਲ ਜੋੜਿਆ ਜਾਵੇਗਾ।
ਉਨ੍ਹਾ ਦੱਸਿਆ ਕਿ ਹੁਣ ਤੱਕ ਨਸ਼ਿਆਂ ਵਿਰੁੱਧ ਇਸ ਤਰਾਂ ਦੀ ਕੋਈ ਵੀ ਮੁਹਿੰਮ ਕਿਸੇ ਵੀ ਸੂਬੇ ਵਿਚ ਨਹੀਂ ਚਲਾਈ ਗਈ ਹੈ ਜਿਸ ਰਾਹੀਂ ਸਕੂਲਾਂ ਵਿਚ ਕਰਵਾਏ ਗਏ ਨਾਟਕ ਵਿਚ 2000 ਵਿਦਿਆਰਥੀਆਂ ਨੇ ਵੱਖ-ਵੱਖ ਕਿਰਦਾਰਾਂ ਵਜੋਂ ਹਿੱਸਾ ਲਿਆ ਹੋਵੇ ਅਤੇ ਸਰੋਤੇ ਵਜੋਂ ਉਨ੍ਹਾਂ ਦੇ ਮਾਪੇ ਅਤੇ ਪਿੰਡਾਂ ਦੀਆਂ ਪੰਚਾਇਤਾਂ ਸਮੇਤ ਹਜ਼ਾਰਾਂ ਆਮ ਲੋਕ ਸ਼ਾਮਲ ਹੋਏ ਹੋਣ।
ਉਨ੍ਹਾਂ ਦੱਸਿਆ ਕਿ ਜੇਕਰ ਅਸੀਂ ਬੱਚਿਆਂ ਨੂੰ ਜਾਗਰੂਕ ਕਰਨ ਵਿੱਚ ਸਫਲ ਹੁੰਦੇ ਹਾਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਮੁਕੰਮਲ ਤੌਰ ਉੱਤੇ ਨਸ਼ਾ ਮੁਕਤ ਹੋ ਜਾਵੇਗਾ, ਜਿਸ ਲਈ ਬੱਚਿਆਂ ਨੂੰ ਪੰਜਾਬ ਸਰਕਾਰ ਵਲੋਂ ਖ਼ਾਸ ਤਵੱਜੋਂ ਦਿੱਤੀ ਜਾ ਰਹੀ ਹੈ।
ਮਨੀਸ਼ ਸਿਸੋਦੀਆ ਨੇ ਅੱਗੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੰਜਾਬ ਪੁਲਿਸ ਬੜੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਹਰ ਨਸ਼ਾ ਤਸਕਰ ਨੂੰ ਫੜ੍ਹ ਕੇ ਸਲਾਖਾਂ ਪਿੱਛੇ ਭੇਜ ਰਹੀ ਹੈ ਜਿਸ ਨਾਲ ਸੂਬੇ ਵਿੱਚ ਵਿਆਪਕ ਪੱਧਰ ਉਤੇ ਨਸ਼ਿਆਂ ਨੂੰ ਕਾਬੂ ਕੀਤਾ ਗਿਆ ਹੈ ਪਰ ਅਜੇ ਵੀ ਸਾਨੂੰ ਹੋਰ ਕੰਮ ਕਰਨ ਦੀ ਲੋੜ ਹੈ ਜਿਸ ਲਈ ਸਮਾਜ ਨੂੰ ਪੰਜਾਬ ਪੁਲਿਸ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੋਣਾ ਪਵੇਗਾ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਯੁੱਧ ਨਸ਼ਿਆਂ ਵਿਰੁੱਧ ਤਹਿਤ 1000 ਪੰਚਾਇਤਾਂ ਨੇ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਘੋਸ਼ਿਤ ਕੀਤਾ ਹੈ ਅਤੇ ਜਲਦ ਹੀ ਵੱਡੀ ਗਿਣਤੀ ਵਿੱਚ ਸੂਬੇ ਦੇ ਹੋਰ ਪਿੰਡ ਵੀ ਨਸ਼ਾ ਮੁਕਤ ਘੋਸ਼ਿਤ ਕੀਤੇ ਜਾਣਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਦੱਸਿਆ ਕਿ ਇਹ ਨਾਟਕ ਦੇ ਲੇਖਕ ਐਸ ਡੀ ਐਮ ਰੂਪਨਗਰ ਸੰਜੀਵ ਕੁਮਾਰ ਹਨ ਜਿਨ੍ਹਾਂ ਵੱਲੋਂ ਸਕੂਲਾਂ ਦੇ ਇਨ੍ਹਾਂ ਮੁਕਾਬਲਿਆਂ ਦੇ ਰੂਪ ਰੇਖਾ ਤਿਆਰ ਕੀਤੀ ਗਈ ਜੋ ਕਿ ਸ਼ਲਾਘਾਯੋਗ ਹੈ।
ਵਰਜੀਤ ਵਾਲੀਆ ਨੇ ਮੁਕਾਬਲਿਆਂ ਦੇ ਨਤੀਜੇ ਘੋਸ਼ਿਤ ਕਰਦਿਆਂ ਦੱਸਿਆ ਕਿ ਪਹਿਲੇ ਸਥਾਨ ‘ਤੇ ਸਕੂਲ ਆਫ ਐਮੀਂਨਸ ਮੋਰਿੰਡਾ ਦੀ ਟੀਮ, ਦੂਜੇ ਸਥਾਨ ‘ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੂਲਪੁਰ ਗਰੇਵਾਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਲੀ ਦੀ ਟੀਮ ਅਤੇ ਤੀਜੇ ਸਥਾਨ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਜ ਦੀ ਟੀਮ ਰਹੀ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਬੈਸਟ ਐਕਟਰ ਪਰਮਿੰਦਰ ਕੌਰ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਜ), ਗੁਰਮਿਸਰਤ ਕੌਰ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ), ਸਤਵੀਰ ਸਿੰਘ (ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਸੋਲਖੀਆਂ, ਰੂਪਨਗਰ) ਅਤੇ ਵਾਨਿਕਾ (ਬੀਬੀਐਮਬੀ ਡੀਏਵੀ ਪਬਲਿਕ ਸਕੂਲ ਨੰਗਲ ਟਾਊਨਸ਼ਿਪ) ਰਹੇ।
ਇਸ ਮੌਕੇ ਐਸ ਐਸ ਪੀ ਗੁਲਨੀਤ ਸਿੰਘ ਖੁਰਾਣਾ, ਵਧੀਕ ਡਿਪਟੀ ਕਮਿਸ਼ਨਰ ਚੰਦਰਜਯੋਤੀ ਸਿੰਘ, ਐੱਸਪੀ (ਹੈਡਕਵਾਟਰ) ਅਰਵਿੰਦ ਮੀਨਾ, ਸਹਾਇਕ ਕਮਿਸ਼ਨਰ (ਜ) ਅਰਵਿੰਦਰਪਾਲ ਸਿੰਘ ਸੋਮਲ, ਐਸਡੀਐਮ ਰੂਪਨਗਰ ਡਾ. ਸੰਜੀਵ ਕੁਮਾਰ, ਡੀਐਸਪੀ ਰੂਪਨਗਰ ਰਾਜਪਾਲ ਸਿੰਘ ਗਿੱਲ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਹਰਮਿੰਦਰ ਸਿੰਘ ਢਾਹੇ, ਸੈਣੀ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਰਾਮ ਕੁਮਾਰ ਮੁਕਾਰੀ, "ਯੁੱਧ ਨਸ਼ਿਆਂ ਵਿਰੁੱਧ" ਦੇ ਜ਼ਿਲ੍ਹਾ ਕੋਆਰਡਨੇਟਰ ਹਰਪ੍ਰੀਤ ਸਿੰਘ ਕਾਹਲੋਂ, ਹਲਕਾ ਰੂਪਨਗਰ ਤੋਂ ਕੋਆਰਡੀਨੇਟਰ ਅਵਤਾਰ ਸਿੰਘ ਕੁੰਨਰ, ਹਲਕਾ ਸ੍ਰੀ ਚਮਕੌਰ ਸਾਹਿਬ ਦੇ ਕੋਆਰਡੀਨੇਟਰ ਪ੍ਰਸ਼ੋਤਮ ਸਿੰਘ ਮਾਹਲ, ਮਾਰਕੀਟ ਕਮੇਟੀ ਦੇ ਚੇਅਰਮੈਨ ਭਾਗ ਸਿੰਘ ਮਦਾਨ, ਇੰਮਪਰੁਵਮੈਂਟ ਟਰੱਸਟ ਦੇ ਚੇਅਰਮੈਨ ਸ਼ਿਵ ਕੁਮਾਰ ਲਾਲਪੁਰਾ, ਤਹਿਸੀਲਦਾਰ ਹਰਸਿਮਰਨ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਬਲਜਿੰਦਰ ਸਿੰਘ ਗਰੇਵਾਲ, ਜ਼ਿਲ੍ਹਾ ਫੂਡ ਸਪਲਾਈ ਅਫ਼ਸਰ ਡਾ. ਕਿੰਮੀ ਵਨੀਤ ਕੌਰ ਸੇਠੀ, ਜ਼ਿਲ੍ਹਾ ਖੇਡ ਅਫ਼ਸਰ ਜਗਜੀਵਨ ਸਿੰਘ ਗਿੱਲ, ਜ਼ਿਲ੍ਹਾ ਮਾਲ ਅਫਸਰ ਬਾਦਲਦੀਨ, ਸਰਕਾਰੀ ਕਾਲਜ ਰੋਪੜ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ, ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਸਰਪੰਚ ਤੇ ਨੰਬਰਦਾਰ ਅਤੇ ਹੋਰ ਸੀਨੀਅਰ ਅਧਿਕਾਰੀ ਸਮੇਤ ਪਤਵੰਤੇ ਸੱਜਣ ਹਾਜ਼ਰ ਸਨ।