ਮੋਬਾਈਲ ਫੂਡ ਸੇਫਟੀ ਵੈਨਾਂ ਵਿੱਚ ਖਾਧ ਪਦਾਰਥਾਂ ਦੀ ਜਾਂਚ ਲਈ ਲੋਕਾਂ ਨੂੰ ਕੀਤਾ ਉਤਸ਼ਾਹਿਤ - ਰਮਨ ਬਹਿਲ
ਭਗਵੰਤ ਮਾਨ ਸਰਕਾਰ ਨੇ ਬੀਤੇ ਸਾਢੇ ਤਿੰਨ ਸਾਲਾਂ ਵਿੱਚ 43 ਹਜ਼ਾਰ ਤੋਂ ਵੱਧ ਭੋਜਨ ਨਮੂਨੇ ਲਏ - ਰਮਨ ਬਹਿਲ
ਰੋਹਿਤ ਗੁਪਤਾ
ਗੁਰਦਾਸਪੁਰ, 10 ਅਗਸਤ ਸੂਬੇ ਦੇ ਲੋਕਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਭੋਜਨ ਯਕੀਨੀ ਬਣਾਉਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ‘ਫੂਡ ਸੇਫ਼ਟੀ ਆਨ ਵੀਲਜ਼’ ਪਹਿਲਕਦਮੀ ਦਾ ਵਿਸਥਾਰ ਸਾਰੇ ਜ਼ਿਲਿਆਂ ਵਿੱਚ ਕੀਤਾ ਗਿਆ ਹੈ ਅਤੇ ਸੂਬਾ ਵਾਸੀਆਂ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ‘ਫੂਡ ਸੇਫਟੀ ਆਨ ਵੀਲਜ਼’ ਮੋਬਾਈਲ ਫੂਡ ਟੈਸਟਿੰਗ ਵੈਨਾਂ ਹਨ, ਜੋ ਦੁੱਧ, ਪਨੀਰ, ਪਾਣੀ ਅਤੇ ਹੋਰ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਸਮੇਤ ਭੋਜਨ ਦੀਆਂ ਪ੍ਰਮੁੱਖ ਸ਼੍ਰੇਣੀਆਂ ਵਿੱਚ ਮਿਲਾਵਟ ਦੀ ਜਾਂਚ ਕਰਨ ਲਈ ਲੈਸ ਹਨ।
ਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਇਹ ਵੈਨਾਂ ਭੋਜਨ ਮਿਲਾਵਟ ਵਿਰੁੱਧ ਸਾਡੀ ਲੜਾਈ ਵਿੱਚ ਇੱਕ ਮਹੱਤਵਪੂਰਨ ਸਾਧਨ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ, ਸਿਹਤ ਵਿਭਾਗ ਵੱਲੋਂ ਕੁੱਲ 18,559 ਇਨਫੋਰਸਮੈਂਟ ਸੈਂਪਲ ਅਤੇ 12,178 ਨਿਗਰਾਨੀ ਸੈਂਪਲ ਲਏ ਗਏ ਹਨ। ਇਸ ਤੋਂ ਇਲਾਵਾ ‘ਫੂਡ ਸੇਫਟੀ ਔਨ ਵੀਲਜ਼’ ’ਤੇ ਮਿਲਾਵਟਖੋਰੀ ਲਈ ਹੁਣ ਤੱਕ 13,000 ਤੋਂ ਵੱਧ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਸ਼੍ਰੇਣੀਆਂ ਵਿੱਚ ਪਨੀਰ, ਘਿਓ, ਦੁੱਧ, ਮਸਾਲੇ, ਫਲ ਅਤੇ ਸਬਜ਼ੀਆਂ, ਮਿਠਾਈਆਂ, ਖੋਆ ਆਦਿ ਸ਼ਾਮਲ ਹਨ।
ਸ੍ਰੀ ਰਮਨ ਬਹਿਲ ਨੇ ਦੁਹਰਾਇਆ ਕਿ ਭੋਜਨ ਵਿੱਚ ਮਿਲਾਵਟਖੋਰੀ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਾਣਯੋਗ ਅਦਾਲਤ ਨੇ ਪਿਛਲੇ ਪੰਜ ਸਾਲਾਂ ਵਿੱਚ ਮਿਲਾਵਟਖੋਰੀ ਦੇ 145 ਮਾਮਲਿਆਂ ਵਿੱਚ ਛੇ ਮਹੀਨੇ ਤੱਕ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਤੱਕ ਫੂਡ ਬਿਜ਼ਨਸ ਆਪਰੇਟਰਾਂ ਨੂੰ ਕੁੱਲ 3.17 ਲੱਖ ਲਾਇਸੈਂਸ ਅਤੇ ਰਜਿਸਟਰੇਸ਼ਨ ਜਾਰੀ ਕੀਤੇ ਗਏ ਹਨ ਅਤੇ ਉਨ੍ਹਾਂ ਸਟਰੀਟ ਫੂਡ ਵੈਂਡਰਾਂ ਸਮੇਤ ਸਾਰੇ ਐਫਬੀਓਜ਼ ਨੂੰ ਫੂਡ ਐਂਡ ਡਰੱਗਜ਼ ਐਡਮਿਨਿਸਟਰੇਸ਼ਨ ਅਧੀਨ ਆਪਣੇ ਆਪ ਨੂੰ ਰਜਿਸਟਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਪੰਜਾਬੀਆਂ ਨੂੰ ‘ਸਹੀ ਖਾਓ, ਸਿਹਤਮੰਦ ਰਹੋ’ ਪਹੁੰਚ ਅਪਣਾਉਣ ਅਤੇ ਇੱਕ ਸਿਹਤਮੰਦ ਤੇ ਪੋਸ਼ਣ ਪੱਖੋਂ ਸੁਰੱਖਿਅਤ ਪੰਜਾਬ ਸਿਰਜਣ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ।