ਰਾਜਾ ਵੜਿੰਗ ਵੱਲੋਂ ਵਕੀਲ ਨੂੰ ਧਮਕੀ ਦੇਣ ਵਾਲੇ 'ਆਪ' ਆਗੂ ਵਿਰੁੱਧ FIR ਦਰਜ ਕਰਕੇ ਗਿਰਫ਼ਤਾਰ ਕਰਨ ਦੀ ਮੰਗ
ਲੁਧਿਆਣਾ, 4 ਅਗਸਤ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਵਕੀਲ ਹਰਜਸ ਸਿੰਘ ਨੂੰ ਧਮਕੀ ਦੇਣ ਅਤੇ ਉਨ੍ਹਾਂ ਉਪਰ ਪਿਸਤੌਲ ਤਾਣਨ ਵਾਲੇ ਦਰਸ਼ ਤੂਰ ਵਿਰੁੱਧ ਪੁਲਿਸ ਕੇਸ ਦਰਜ ਕਰਨ ਅਤੇ ਉਸਨੂੰ ਤੁਰੰਤ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਕੀਤੀ ਹੈ। ਤੂਰ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਐਮ.ਪੀ ਜਵੱਦੀ ਦਾ ਭਰਾ ਹੈ।
ਇਸ ਘਟਨਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਵੜਿੰਗ ਨੇ ਕਿਹਾ ਕਿ ਜਿਸ ਤਰੀਕੇ ਨਾਲ 'ਆਪ' ਆਗੂ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈ ਰਹੇ ਹਨ, ਇਸਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਲੁਧਿਆਣਾ ਦੇ ਇੱਕ ਵਕੀਲ ਹਰਜਸ ਸਿੰਘ ਨਾਲ ਵਾਪਰੀ ਘਟਨਾ ਦਾ ਹਵਾਲਾ ਦਿੰਦੇ ਹੋਏ, ਕਿਹਾ ਕਿ 'ਆਪ' ਆਗੂ ਇਸ ਤਰ੍ਹਾਂ ਲੋਕਾਂ ਨੂੰ ਡਰਾਉਣ-ਧਮਕਾਉਣ ਦੀ ਹਿੰਮਤ ਰੱਖਦੇ ਹਨ, ਜਿਵੇਂ ਕਾਨੂੰਨ ਇਨ੍ਹਾਂ ਦੀ ਜੇਬ੍ਹ ਵਿੱਚ ਹੋਵੇ।
ਉਨ੍ਹਾਂ ਨੇ ਮਾਮਲੇ ਵਿਚ ਤੁਰੰਤ ਪੁਲਿਸ ਕੇਸ ਦਰਜ ਕਰਨ ਅਤੇ ਗ੍ਰਿਫ਼ਤਾਰੀ ਦੀ ਮੰਗ ਕਰਦੇ ਹੋਏ, ਕਿਹਾ ਕਿ ਦੋਸ਼ੀ ਵਿਰੁੱਧ ਕਾਰਵਾਈ ਨਾ ਹੋਣ 'ਤੇ ਕਾਂਗਰਸ ਧਰਨਾ ਦੇਵੇਗੀ। ਉਹਨਾਂ ਨੇ ਸਵਾਲ ਕੀਤਾ ਕਿ ਅਜਿਹਾ ਕਰਕੇ ਤੁਸੀਂ ਕੀ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਕਿ 'ਆਪ' ਆਗੂ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਉੱਪਰ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਹੋ ਸਕਦੀ, ਫਿਰ ਭਾਵੇਂ ਉਹ ਕੋਈ ਵੀ ਅਪਰਾਧ ਕਿਉਂ ਨਾ ਕਰਨ? ਉਹਨਾਂ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਕਾਂਗਰਸ ਅਜਿਹਾ ਨਹੀਂ ਹੋਣ ਦੇਵੇਗੀ।
ਇਸ ਦੌਰਾਨ ਵਕੀਲ ਹਰਜਸ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ, ਵੜਿੰਗ ਨੇ ਕਿਹਾ ਕਿ ਪੂਰੀ ਕਾਂਗਰਸ ਉਨ੍ਹਾਂ ਦੇ ਨਾਲ ਖੜ੍ਹੀ ਹੈ ਅਤੇ ਇਹ ਯਕੀਨੀ ਬਣਾਏਗੀ ਕਿ ਦੋਸ਼ੀ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇ। ਉਹਨਾਂ ਨੇ ਆਪ ਆਗੂਆਂ ਨੂੰ ਸਖਤ ਲਹਿਜੇ ਵਿੱਚ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਸਿਰਫ਼ ਇਸ ਲਈ ਕਿ ਤੁਸੀਂ ਸੱਤਾਧਾਰੀ ਪਾਰਟੀ ਨਾਲ ਸਬੰਧਤ ਹੋਵੋ, ਤੁਹਾਨੂੰ ਇਸ ਤਰੀਕੇ ਨਾਲ ਆਜ਼ਾਦ ਹੋ ਕੇ ਭੱਜਣ ਨਹੀਂ ਦਿੱਤਾ ਜਾਵੇਗਾ।