ਸਰਕਾਰਾਂ ਕੁੰਭਕਰਨੀ ਨੀਂਦ ਤੋਂ ਜਾਗਣ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਨੂੰ ਧਮਕੀ ਭਰੀਆਂ ਈਮੇਲਜ਼ ਆਉਣੀਆਂ ਚਿੰਤਾਜਨਕ: ਬਾਬਾ ਬਲਬੀਰ ਸਿੰਘ
ਅੰਮ੍ਰਿਤਸਰ:- 16 ਜੁਲਾਈ 2025 - ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਸਿੱਖ ਕੌਮ ਤੇ ਸਮੁੱਚੀ ਮਨੁੱਖਤਾ ਦੀ ਆਸਥਾ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਬਰੂਦ ਨਾਲ ਉਡਾਉਣ ਦੀਆਂ ਬਿਨਾਂ ਨਾਮ ਦੇ ਪੰਜ ਗੁਪਤ ਈ-ਮੇਲਜ਼, ਰੂਪ ਵਿੱਚ ਧਮਕੀਆਂ ਸ਼੍ਰੋਮਣੀ ਕਮੇਟੀ ਨੂੰ ਮਿਲ ਚੁੱਕੀਆਂ ਹਨ। ਇਸ ਸਬੰਧੀ ਭਾਰਤ ਸਰਕਾਰ ਅਤੇ ਪੰਜਾਬ ਦੀਆਂ ਖੂਫ਼ੀਆ ਏਜੰਸੀਆਂ, ਸਾਈਬਰ ਕਰਾਈਮ ਤੇ ਕੰਮ ਕਰਨ ਵਾਲੇ ਵਿਭਾਗ ਅੱਜ ਖਮੋਸ਼ ਹਨ ਕਿਉਂ?
ਉਨ੍ਹਾਂ ਕਿਹਾ ਇਕ ਵਾਰ ਨਹੀਂ, ਵਾਰ ਵਾਰ ਅਜਿਹੀਆਂ ਈ-ਮੇਲਾਂ ਦਾ ਆਉਣਾ ਅਤੇ ਸਾਡੀਆਂ ਸਰਕਾਰਾਂ ਵੱਲੋਂ ਚੁਪੀਧਾਰੀ ਰੱਖਣੀ ਅਤੇ ਰਾਜ ਭੋਗਣ ਵਿੱਚ ਮਸਤ ਰਹਿਣਾ ਬੇਹਦ ਦੁਖਦਾਈ ਅਫਸੋਸ ਜਨਕ ਤੇ ਨਿੰਦਣਯੋਗ ਹੈ। ਉਨ੍ਹਾਂ ਕਿਹਾ ਜੇਕਰ ਇਸ ਪਾਵਨ ਪਵਿੱਤਰ ਅਸਥਾਨ ਨੂੰ ਜਰਾਂ ਜਿਨ੍ਹਾਂ ਵੀ ਨੁਕਸਾਨ ਪੁਜਾ ਤਾਂ ਇਸ ਲਈ ਸਿੱਧੇ ਰੂਪ ਵਿੱਚ ਸਰਕਾਰਾਂ ਤੇ ਉਸ ਦੀਆਂ ਏਜੰਸੀਆਂ ਜੁੰਮੇਵਾਰ ਹੋਣਗੀਆਂ ਅਤੇ ਇਸ ਤਰ੍ਹਾਂ ਦੀ ਹਰਕਤ ਹਰਗਿਜ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ ਕੋਈ ਅਮਨ ਵਿਰੋਧੀ ਸ਼ਕਤੀ ਫ੍ਰਿਕਾਪ੍ਰਸਤੀ ਫਿਲਾਉਨਾ ਚਾਹੁੰਦੀ ਹੈ ਉਸ ਨੂੰ ਸਰਕਾਰਾਂ ਰੋਕਣ ਵਿੱਚ ਬੇਵਸ ਅਸਫਲ ਕਿਉਂ ਦਿਖਾਈ ਦੇ ਰਹੀਆਂ ਹਨ। ਉਨ੍ਹਾਂ ਕਿਹਾ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਕੋਈ ਅਣਸੁਖਾਵੇ ਹਲਾਤ ਬਣਦੇ ਹਨ ਤਾਂ ਫਿਰ ਉਸ ਦੀ ਜੁੰਮੇਵਾਰੀ ਕਿਸ ਦੀ ਹੋਵੇਗੀ। ਇਹ ਇੱਕ ਬਹੁਤ ਸੰਵੇਦਨਸ਼ੀਲ, ਧਾਰਮਿਕ ਭਾਵਨਾਵਾਂ ਨਾਲ ਜੁੜਿਆ ਮਸਲਾ ਹੈ ਇਸ ਨੂੰ ਸਹਿਜ ਪੱਧਰ ਤੇ ਨਹੀਂ ਲਿਆ ਜਾਣਾ ਚਾਹੀਦਾ।