ਅਵਾਰਾ ਕੁੱਤਿਆਂ ਪਿੱਛੇ ਕਾਂਗਰਸੀ ਆਗੂ 'ਤੇ ਹਮਲਾ ਕਰਨ ਸਬੰਧੀ ਮਾਵਾਂ-ਧੀਆਂ ਸਣੇ ਅੱਧੀ ਦਰਜਨ ਖਿਲਾਫ ਕੇਸ ਦਰਜ
ਅਸ਼ੋਕ ਵਰਮਾ
ਬਠਿੰਡਾ , 15 ਜੁਲਾਈ 2025 :ਮਾਰਕਫ਼ੈਡ ਦੇ ਡਾਇਰੈਕਟਰ ਅਤੇ ਬਠਿੰਡਾ ਦੇ ਸੀਨੀਅਰ ਕਾਂਗਰਸੀ ਆਗੂ ਟਹਿਲ ਸਿੰਘ ਸੰਧੂ ਅਤੇ ਉਨ੍ਹਾਂ ਦੀ ਪਤਨੀ ਮਨਜੀਤ ਕੌਰ ਤੇ ਹਮਲਾ ਕਰਨ ਦੇ ਮਾਮਲੇ ਵਿੱਚ ਗੁਆਂਢੀ ਮਾਵਾਂ ਦੀਆਂ ਸਮੇਤ ਅੱਧੀ ਦਰਜਨ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਵਾਂ ਪਤੀ ਪਤਨੀ ਦਾ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਜਿੱਥੇ ਅੱਜ ਸ਼ਹਿਰੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਨ ਗਰਗ ਨੇ ਸੰਧੂ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਜੀਆਂ ਦਾ ਹਾਲ ਚਾਲ ਜਾਣਿਆ। ਰਾਜਨ ਗਰਗ ਨੇ ਟਹਿਲ ਸਿੰਘ ਸੰਧੂ ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ।
ਥਾਣਾ ਥਰਮਲ ਪੁਲਿਸ ਨੇ ਟਹਿਲ ਸਿੰਘ ਸੰਧੂ ਵਾਸੀ ਆਦਰਸ਼ ਨਗਰ ਬਠਿੰਡਾ ਦੇ ਬਿਆਨਾਂ ਤੇ ਲਵਪ੍ਰੀਤ ਕੌਰ ਪੁੱਤਰੀ ਦਲਵੀਰ ਸਿੰਘ, ਗੁਰਿਵੰਦਰ ਕੌਰ ਪਤਨੀ ਦਲਵੀਰ ਸਿੰਘ, ਗੁਰਮੀਤ ਕੌਰ ਪਤਨੀ ਬਲਿਜੰਦਰ ਸਿੰਘ, ਬਲਜਿੰਦਰ ਸਿੰਘ, ਸੁਨੀਤਾ ਪਤਨੀ ਮੰਗੀ, ਮੰਗੀ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀਆਨ ਆਦਰਸ਼ ਨਗਰ ਬਠਿੰਡਾ ਵਿਰੁੱਧ ਬੀਐਨਐਸ ਦੀ ਧਾਰਾ 304, 115(2), 324(4),190 ਤਹਿਤ ਮੁਕੱਦਮਾ ਦਰਜ਼ ਕੀਤਾ ਹੈ। ਪੁਲਿਸ ਦਾ ਦੱਸਣਾ ਹੈ ਕਿ ਇਸ ਘਟਨਾ ਦਾ ਮੁੱਖ ਕਾਰਨ ਗਲੀ ਵਿੱਚ ਅਵਾਰਾ ਕੁੱਤਿਆਂ ਦਾ ਬੇਲਗਾਮ ਘੁੰਮਣਾ ਹੈ।ਟਹਿਲ ਸਿੰਘ ਸੰਧੂ ਨੇ ਵੀ ਦਸਿਆ ਕਿ ਉਨ੍ਹਾਂ ਦੀ ਗਲੀ ਵਿੱਚ 4/5 ਅਵਾਰਾ ਕੁੱਤੇ ਘੁੰਮਦੇ ਰਹਿੰਦ ਹਨ ਜੋ ਬੱਚਿਆਂ ਅਤੇ ਕੁਝ ਹੋਰ ਲੋਕਾਂ ਨੂੰ ਵੀ ਵੱਢ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਉਹਨਾਂ ਤੇ ਹਮਲਾ ਕਰਨ ਵਾਲਿਆਂ ਨੇ ਇਹਨਾਂ ਅਵਾਰਾ ਕੁੱਤਿਆਂ ਦੇ ਰਹਿਣ ਲਈ ਇੱਟਾਂ ਦੇ ਛੋਟੇ ਛੋਟੇ ਖੁੱਡੇ ਜਿਹੇ ਬਣਾਏ ਹੋਏ ਹਨ। ਉਹਨਾਂ ਦੱਸਿਆ ਕਿ ਉਹ ਅਤੇ ਉਹਨਾਂ ਦੀ ਪਤਨੀ 13 ਜੁਲਾਈ ਰਾਤ ਨੂੰ ਸੈਰ ਕਰ ਰਹੇ ਸਨ ਤਾਂ ਇਸੇ ਦੌਰਾਨ ਉਹਨਾਂ ਨੇ ਕੁੱਤਿਆਂ ਨੂੰ ਭਜਾ ਦਿੱਤਾ। ਮੁਲਜਮਾਂ ਨੇ ਕੁੱਤੇ ਭਜਾਉਣ ਦਾ ਬੁਰਾ ਮਨਾਇਆ ਅਤੇ ਉਊਨਾਂ ਉੱਪਰ ਹਮਲਾ ਕਰ ਦਿੱਤਾ ਜਿਸ ਤਰ੍ਹਾਂ ਉਨਾਂ ਦੇ ਸੱਟਾਂ ਵੀ ਵੱਜੀਆਂ ਹਨ ਅਤੇ ਮੋਬਾਇਲ ਫੋਨ ਵੀ ਤੋੜ ਦਿੱਤਾ ਗਿਆ ਹੈ।