ਸਾਵਧਾਨ! ਪੰਜਾਬ 'ਚ ਇਹੋ ਜਿਹਾ ਪਲਾਸਟਿਕ ਬੈਨ
ਨਗਰ ਨਿਗਮ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨੇ 470 ਕਿਲੋਗ੍ਰਾਮ ਪਾਬੰਦੀਸ਼ੁਦਾ ਪਲਾਸਟਿਕ ਲਿਫਾਫੇ ਬਰਾਮਦ ਕੀਤੇ-3 ਚਲਾਨ ਕੱਟੇ
ਰੋਹਿਤ ਗੁਪਤਾ
ਬਟਾਲਾ, 16 ਜੁਲਾਈ 2025- ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹੇ ਅੰਦਰ ਪਲਾਸਟਿਕ ਲਿਫਾਫਿਆਂ ਦੀ ਵਰਤੋਂ ਦੇ ਖਿਲਾਫ ਚੈਕਿੰਗ ਕੀਤੀ ਜਾ ਰਹੀ ਹੈ। ਜਿਸ ਦੇ ਚੱਲਦਿਆਂ ਨਗਰ ਨਿਗਮ ਬਟਾਲਾ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਵਲੋਂ ਸਖ਼ਤ ਕਾਰਵਾਈ ਕਰਦਿਆਂ ਪਲਾਸਟਿਕ ਕੈਰੀ ਬੈਗ ਦੀ ਵਰਤੋਂ ਸਬੰਧੀ ਤਿੰਨ ਚਲਾਨ ਕੱਟੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਵੀ ਸੂਰੀ, ਐਸ.ਡੀ.ਓ ਪ੍ਰਦੂਸ਼ਣ ਬੋਰਡ ਬਟਾਲਾ ਅਤੇ ਸੈਨੇਟਰੀ ਇੰਸਪਕੈਟਰ ਵਿਕਾਸ ਵਾਸੂਦੇਵ ਨੇ ਦੱਸਿਆ ਕਿ ਸਾਂਝੀ ਟੀ ਵਲੋਂ ਬੱਸ ਅੱਡੇ, ਪਹਾੜੀ ਗੇਟ ਅਤੇ ਮੀਆਂ ਮੁਹੱਲੇ ਵਿਖੇ ਹੋਲੇਸੇਲ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਅਤੇ 470 ਕਿਲੋਗ੍ਰਾਮ ਪਲਾਸਟਿਕ ਦੇ ਲਿਫਾਫਿਆਂ ਦੀ ਰਿਕਵਰੀ ਕੀਤੀ ਗਈ ਹੈ ਅਤੇ ਮੌਕੇ ’ਤੇ ਤਿੰਨ ਚਲਾਨ ਕੱਟੇ ਗਏ ਹਨ।
ਜਿਨਾਂ ਨੂੰ 17 ਜੁਲਾਈ 2025 ਨੂੰ ਕਮਿਸ਼ਨਰ ਨਗਰ ਨਿਗਮ ਬਟਾਲਾ ਦੇ ਸਨਮੁੱਖ ਪੇਸ਼ ਹੋਣ ਲਈ ਕਿਹਾ ਗਿਆ ਹੈ, ਜਿਸ ਉਪਰੰਤ ਕਮਿਸ਼ਨਰ ਨਗਰ ਨਿਗਮ ਬਟਾਲਾ ਵਲੋਂ ਉਨਾਂ ਨੂੰ ਜੁਰਮਾਨਾ ਕੀਤਾ ਜਾਵੇਗਾ। ਇਹ ਤਿੰਨ ਚਲਾਨ ਕਾਲਾ ਕਰਿਆਣਾ ਸਟੋਰ, ਸੋਹਣ ਲਾਲ ਅਤੇ ਵਿਕਰਮ ਦੇ ਕੀਤੇ ਗਏ ਹਨ।
ਉਨ੍ਹਾਂ ਦੁਕਾਨਦਾਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਸਰਕਾਰ ਵੱਲੋਂ ਮੰਜ਼ੂਰਸ਼ੁਦਾ ਲਿਫਾਫੇ ਅਤੇ ਡਿਸਪੋਜ਼ਲ ਦਾ ਸਮਾਨ ਹੀ ਆਪਣੀਆਂ ਦੁਕਾਨਾਂ ਤੇ ਇਸਤੇਮਾਲ ਕਰਨ।
ਉਨਾਂ ਅੱਗੇ ਕਿਹਾ ਕਿ ਆਉਂਦੇ ਦਿਨਾਂ ਦੌਰਾਨ ਉਨ੍ਹਾਂ ਵੱਲੋਂ ਮੁੜ ਚੈਕਿੰਗ ਕੀਤੀ ਜਾਵੇਗੀ ਅਤੇ ਜੇਕਰ ਇਸ ਚੈਕਿੰਗ ਵਿੱਚ ਕੋਈ ਦੁਕਾਨਦਾਰ, ਰੇਹੜੀ ਜਾਂ ਫੜੀ ਵਾਲਾ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫਾਫੇ ਵੇਚਦਾ ਜਾਂ ਰੱਖਦਾ ਪਾਇਆ ਗਿਆ ਤਾਂ ਉਸਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਕੇ ਸਮਾਨ ਜ਼ਬਤ ਕਰ ਲਿਆ ਜਾਵੇਗਾ।
ਉਨਾਂ ਨੇ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਸਮਾਨ ਖ਼ਰੀਦ ਕਰਨ ਸਮੇਂ ਆਪਣੇ ਘਰ ਤੋਂ ਹੀ ਕੱਪੜੇ ਦਾ ਬੈਗ/ਥੈਲਾਂ ਨਾਲ ਲੈ ਕੇ ਜਾਣ ਤਾਂ ਜੋ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਸਭਨਾਂ ਦੇ ਸਾਥ ਨਾਲ ਬਚਾਇਆ ਜਾ ਸਕੇ। ਉਨਾਂ ਕਿਹਾ ਕਿ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਸ਼ਹਿਰ ਵਿੱਚ ਗੰਦਗੀ ਅਤੇ ਸੀਵਰੇਜ਼ ਦੀ ਸਮੱਸਿਆ ਤੋਂ ਨਿਜਾਤ ਮਿਲ ਸਕੇ। ਇਸ ਮੌਕੇ ਫੀਲਡ ਅਸਿਸਟੈਂਟ ਜਸਪਾਲ ਸਿੰਘ, ਨਰਾਇਣ ਮਲਹੋਤਰਾ ਅਤੇ ਰਮਨ ਸ਼ਰਮਾ ਵੀ ਮੋਜੂਦ ਸਨ।