ਪੰਜਾਬ ਸੂਰਬੀਰਾਂ ਦੀ ਧਰਤੀ ਹੈ ਅਤੇ ਇਸ ਧਰਤੀ ’ਤੇ ਨਸ਼ਿਆਂ ਦਾ ਕੋਈ ਕੰਮ ਨਹੀਂ - ਗਵਰਨਰ ਪੰਜਾਬ
ਹਰਜਿੰਦਰ ਸਿੰਘ ਭੱਟੀ
- ਪੰਜਾਬ ਦੀ ਧਰਤੀ ਤੋਂ ਨਸ਼ਿਆਂ ਨੂੰ ਖਤਮ ਕਰਨ ਲਈ ਸਰਕਾਰ ਦੇ ਨਾਲ ਆਮ ਲੋਕਾਂ ਦਾ ਸਹਿਯੋਗ ਵੀ ਜ਼ਰੂਰੀ
- ਰਤਨ ਪ੍ਰੋਫੈਸ਼ਨਲ ਐਜੂਕੇਸ਼ਨ ਕਾਲਜ, ਸੈਕਟਰ-78, ਸੋਹਾਣਾ, ਮੋਹਾਲੀ ਵਿਖੇ ਨਸ਼ਾ ਵਿਰੋਧੀ ਅਭਿਆਨ ਸਨਮਾਨ ਸਮਾਰੋਹ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 16 ਜੁਲਾਈ 2025: ਰਤਨ ਪ੍ਰੋਫੈਸ਼ਨਲ ਐਜੂਕੇਸ਼ਨ ਕਾਲਜ, ਸੈਕਟਰ-78, ਸੋਹਾਣਾ (ਮੋਹਾਲੀ) ਵੱਲੋਂ ਅੱਜ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ੳਨ੍ਹਾਂ ਵੱਲੋਂ ਕਾਲਜ ਦੇ ਵਿਹੜੇ ਵਿੱਚ ਰੁੱਖ ਲਗਾ ਕੇ ਪੰਜਾਬ ਨੂੰ ਹਰਿਆ-ਭਰਿਆ ਅਤੇ ਸਿਹਤਮੰਦ ਪੰਜਾਬ ਬਣਾਉਣ ਲਈ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ।
ਅੱਜ ਦੇ ਸਮਾਗਮ ਦੌਰਾਨ ਕਾਲਜ ਦੇ ਵਿਦਿਆਰਥੀਆਂ ਵੱਲੋਂ ਨਸ਼ਾ ਮੁਕਤ ਭਾਰਤ ਥੀਮ 'ਤੇ ਨਾਟਕ, ਪੋਸਟਰ ਨਿਰਮਾਣ ਅਤੇ ਵੱਖ-ਵੱਖ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਨ੍ਹਾਂ ਰਚਨਾਤਮਕ ਪ੍ਰਸਤਾਵਾਂ ਰਾਹੀਂ ਵਿਦਿਆਰਥੀਆਂ ਨੇ ਨਸ਼ਿਆਂ ਦੇ ਨੁਕਸਾਨਾਂ ਤੇ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨ ਦਾ ਸੁਨੇਹਾ ਦਿੱਤਾ। ਉਨ੍ਹਾਂ ਦੀ ਇਸ ਕਲਾ ਅਤੇ ਸੰਵੇਦਨਸ਼ੀਲ ਭੂਮਿਕਾ ਲਈ ਰਾਜਪਾਲ ਪੰਜਾਬ ਵੱਲੋਂ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਗੁਲਾਬ ਚੰਦ ਕਟਾਰੀਆ ਨੇ ਆਪਣੇ ਸੰਬੋਧਨ ਵਿੱਚ ਰਤਨ ਕਾਲਜ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਵਿਦਿਅਕ ਸੰਸਥਾਵਾਂ ਸਮਾਜ ਵਿੱਚ ਨਸ਼ੇ ਵਿਰੁੱਧ ਜਾਗਰੂਕਤਾ ਫੈਲਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਨੇ ਕਾਲਜ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਖੁਲ੍ਹ ਕੇ ਸ਼ਲਾਘਾ ਕੀਤੀ।
ਇਸ ਸਮਾਰੋਹ ਦੌਰਾਨ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੂੰ ਨਸ਼ਾ ਮੁਕਤ ਅਭਿਆਨ ਵਿੱਚ ਉਨ੍ਹਾਂ ਵੱਲੋਂ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਉਹ ਵਿਅਕਤੀ ਜੋ ਨਸ਼ੇ ਤੋਂ ਛੁਟਕਾਰਾ ਪਾ ਚੁੱਕੇ ਹਨ, ਉਨ੍ਹਾਂ ਨੂੰ ਵੀ ਸਨਮਾਨਿਤ ਕਰ ਉਨ੍ਹਾਂ ਦੀ ਹਿੰਮਤ ਨੂੰ ਸਲਾਮ ਕੀਤਾ ਗਿਆ।
ਕਟਾਰੀਆ ਨੇ ਕਿਹਾ ਕਿ "ਪੰਜਾਬ ਵੀਰ ਜਵਾਨਾਂ, ਸੂਰਬੀਰਾਂ ਅਤੇ ਗੁਰੂਆਂ ਪੀਰਾਂ, ਮਹਾਨ ਯੋਧਿਆਂ ਦੀ ਧਰਤੀ ਹੈ। ਇਹ ਜ਼ਰੂਰੀ ਹੈ ਕਿ ਅਸੀਂ ਇਸ ਧਰਤੀ ਨੂੰ ਨਸ਼ਿਆਂ ਦੀ ਬੁਰਾਈ ਤੋਂ ਬਚਾਈਏ ਤਾਂ ਜੋ ਭਵਿੱਖ ਦੀ ਪੀੜ੍ਹੀ ਸੁਰੱਖਿਅਤ ਰਹੇ। ਹਾਲਾਂਕਿ ਇਹ ਸਮੱਸਿਆ ਹੋਰ ਰਾਜਾਂ ਵਿੱਚ ਵੀ ਹੈ, ਪਰ ਪੰਜਾਬ ਲਈ ਇਹ ਇਕ ਗੰਭੀਰ ਚੁਣੌਤੀ ਹੈ, ਜਿਸ ਦਾ ਸਹਿਯੋਗ ਦੇ ਕੇ ਸਮੂਹਿਕ ਤੌਰ 'ਤੇ ਸਾਹਮਣਾ ਕਰਨਾ ਲਾਜ਼ਮੀ ਹੈ।" ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਨੇ ਭਾਰਤੀ ਸੰਸਕ੍ਰਿਤੀ ਅਤੇ ਮਾਣ ਮਰਿਆਦਾ ਦੀ ਬਹਾਲੀ ਲਈ ਬਲੀਦਾਨ ਦਿੱਤਾ, ਅਸੀਂ ਦੇਸ਼ ਲਈ ਮਰਨ ਮਿੱਟਣ ਵਾਲੀ ਕੌਮ ਹਾਂ। ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਨੇ ਕਈ ਸਾਲਾਂ ਤੱਕ ਸਾਨੂੰ ਗੁਲਾਮ ਬਣਾਈ ਰੱਖਿਆ। ਸ਼ਹੀਦ ਭਗਤ ਸਿੰਘ ਦਾ ਬਲੀਦਾਨ ਸਾਡੇ ਵੱਲੋਂ ਭੁਲਾਇਆ ਨਹੀਂ ਜਾ ਸਕਦਾ।
ਸਮਾਗਮ ਦੌਰਾਨ ਉਨ੍ਹਾਂ ਆਖਿਆ ਕਿ ਪੰਜਾਬ ਦੀ ਧਰਤੀ ਧਰਮ ਅਤੇ ਸੰਸਕ੍ਰਿਤੀ ਦੀ ਰੱਖਿਆ ਦਾ ਪ੍ਰਤੀਕ ਹੈ। ਇੱਥੋਂ ਦੀ ਧਰਤੀ ਨੇ ਜ਼ੁਲਮ ਵਿਰੁੱਧ ਬਲੀਦਾਨ ਦਿੱਤੇ ਹਨ। ਉਨ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਰਹਿੰਦ ਵਿੱਚ ਧਰਮ ਦੀ ਰੱਖਿਆ ਖਾਤਰ ਦੀਵਾਰ ’ਚ ਚਿਣ ਕੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਕ੍ਰਮਵਾਰ 9 ਅਤੇ 7 ਸਾਲ ਦੀ ਉਮਰ ਵਿੱਚ ਧਰਮ ਪਰਿਵਰਤਨ ਕਰਨ ਲਈ ਕਿਹਾ ਗਿਆ ਪਰ ਉਹ ਧਰਮ ਪਰਿਵਰਤਨ ਲਈ ਨਹੀਂ ਮੰਨੇ, ਇਹ ਦੁਨੀਆਂ ਦੀ ਪਹਿਲੀ ਉਦਹਾਰਨ ਹੈ, ਬੱਚਿਆਂ ਨੂੰ ਜਿੰਦਾਂ ਹੀ ਨੀਹਾਂ ਵਿੱਚ ਚਿਣ ਦਿੱਤਾ ਗਿਆ, ਪਰ ਬੱਚੇ ਧਰਮ ਪਰਿਵਰਤਨ ਲਈ ਨਹੀਂ ਮੰਨੇ। ਜ਼ੁਲਮ ਦੀ ਇੰਤਹਾ ਵਿਰੁੱਧ ਦਿੱਤੇ ਸੁਨੇਹੇ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਵੀ ਜਦੋਂ ਉਸ ਥਾਂ ’ਤੇ ਜਾਈਏ ਤਾਂ ਅੱਖਾਂ ਨਮ ਹੋ ਜਾਂਦੀਆਂ ਹਨ।
ਉਨ੍ਹਾਂ ਕਿਹਾ ਕਿ ਅਜਿਹੀ ਮਹਾਨ ਧਰਤੀ ’ਤੇ ਪੈਦਾ ਹੋਣ ਵਾਲੇ ਬਹਾਦਰ ਪੰਜਾਬੀਆਂ ਨੂੰ ਅੱਜ ਬਾਹਰੀ ਤਾਕਤਾਂ ਵੱਲੋਂ ਛੜਯੰਤਰ ਤਹਿਤ ਸਾਨੂੰ ਨਸ਼ਿਆਂ ਅਤੇ ਡਰੱਗ ਰਾਹੀਂ ਸਰੀਰਕ ਤੌਰ ’ਤੇ ਕਮਜ਼ੋਰ ਕਰਨ ਦੀ ਇਸ ਸਾਜਿਸ਼ ਦਾ ਸਾਨੂੰ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਅਤੇ ਪੰਜਾਬ ਦੀ ਧਰਤੀ ਤੋਂ ਨਸ਼ਿਆਂ ਨੂੰ ਜੜੋਂ ਪੁੱਟਣ ’ਚ ਸਰਕਾਰ ਵੱਲੋਂ ਆਰੰਭੀ ਲੜਾਈ ’ਚ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇਸ਼ ਨੂੰ ਕਮਜੋਰ ਕਰਨ ਲਈ ਸਾਜ਼ਿਸਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਵੱਲੋਂ ਅਪੀਲ ਕੀਤੀ ਗਈ ਕਿ ਸਾਰੇ ਕੋਸ਼ਿਸ਼ ਕਰਨ ਕਿ ਸਾਰੇ ਪਿੰਡ, ਸਾਰਾ ਦੇਸ਼, ਸਾਰੇ ਕਾਲਜ, ਸਾਰੀਆਂ ਯੂਨੀਵਰਸਿਟੀਆਂ ਅਤੇ ਸਾਰੇ ਸ਼ਹਿਰ ਨਸ਼ਾ ਮੁਕਤ ਕਰੀਏ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਨਫਰਤ ਨਾ ਕਰੋ। ਨਸ਼ਾ ਮੁਕਤੀ ਕੇਂਦਰ ਵਿੱਚ ਉਸਦਾ ਇਲਾਜ ਕਰਵਾਇਆ ਜਾਵੇ।
ਉਨ੍ਹਾਂ ਇਹ ਵੀ ਆਖਿਆ ਕਿ ਜੇਕਰ ਸਿੱਖਿਆ ਕੇਂਦਰ ਦੇ ਮੁੱਖੀਆਂ ਵੱਲੋਂ ਆਪਣੇ ਸੈਂਟਰ ਨੂੰ ਨਸ਼ਾ ਮੁਕਤ ਕਰਨਾ ਹੈ ਤਾਂ ਸਾਰੇ ਬੱਚਿਆਂ ਦੀ ਨਿਗਰਾਨੀ ਜ਼ਰੂਰੀ ਹੈ, ਤਾਂ ਹੀ ਪੰਜਾਬ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕਦਾ। ਇਸ ਲਈ ਹੁਣ ਜਦੋਂ ਪੰਜਾਬ ਅੱਗੇ ਨਸ਼ਿਆਂ ਦੀ ਚਣੌਤੀ ਬਣੀ ਖੜ੍ਹੀ ਹੈ ਤਾਂ ਸਾਨੂੰ ਫ਼ਿਰ ਤੋਂ ਇੱਕ ਵਾਰ ਜਨ ਅੰਦੋਲਨ ਦੇ ਰੂਪ ’ਚ ਇਸ ਦੇ ਖਾਤਮੇ ਲਈ ਉੱਠ ਖੜ੍ਹੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਰੰਭੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਹੁਣ ਪੰਜਾਬ ਦੇ ਹਰ ਜਾਗਰੂਕ ਨਾਗਰਿਕ ਲਈ ਮੌਕਾ ਹੈ ਕਿ ਉਹ ਇਸ ਲੜਾਈ ’ਚ ਸਰਕਾਰ ਦਾ ਸਾਥ ਦੇਵੇ ਅਤੇ ਪੰਜਾਬ ਦੀ ਧਰਤੀ ਨੂੰ ਨਸ਼ਾ ਮੁਕਤ ਬਣਾਵੇ। ਉੁਨ੍ਹਾਂ ਕਿਹਾ ਕਿ ਜਦੋਂ ਕਿਸੇ ਕਾਰਜ ਨੂੰ ਸਮਾਜਿਕ ਰੂਪ ’ਚ ਕੀਤਾ ਜਾਵੇ ਤਾਂ ਸਫ਼ਲਤਾ ਜ਼ਰੂਰ ਮਿਲਦੀ ਹੈ। ਸ੍ਰੀ ਕਟਾਰੀਆਂ ਨੇ ਪਿੰਡਾਂ ਦੇ ਮੌਜੂਦ ਪੰਚਾਂ ਸਰੰਪਚਾਂ ਅਤੇ ਇਕੱਤਰ ਲੋਕਾਂ ਨੂੰ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਜੰਗ ’ਚ ਸਮਾਜਿਕ ਚੇਤਨਾ ਦੇ ਰੂਪ ’ਚ ਸਹਿਯੋਗ ਕਰਨ ਦੀ ਅਪੀਲ ਕੀਤੀ ਅਤੇ ਨਸ਼ਿਆਂ ਦੇ ਖਾਤਮੇ ਲਈ ਪ੍ਰਣ ਵੀ ਦਿਵਾਇਆ।
ਇਸ ਮੌਕੇ ਡਿਪਟੀ ਕਮਿਸ਼ਨਰ, ਸ੍ਰੀਮਤੀ ਕੋਮਲ ਮਿੱਤਲ, ਆਈ.ਏ.ਐਸ. ਅਧਿਕਾਰੀ ਲਲਿਤ ਜੈਨ, ਰਾਜਪਾਲ ਦੇ ਏ.ਡੀ.ਸੀ. ਰਣਧੀਰ ਸਿੰਘ, ਐਸ.ਡੀ.ਐਮ, ਮੋਹਾਲੀ, ਦਮਨਦੀਪ ਕੌਰ, ਸੁੰਦਰ ਲਾਲ ਅਗਰਵਾਲ, ਚੈਅਰਮੈਨ ਰਤਨ ਪ੍ਰੋਫੈਸ਼ਨਲ ਐਜੂਕੇਸ਼ਨ ਕਾਲਜ, ਕਾਰਤਿਕ ਅਗਰਵਾਲ, ਡਾਇਰੈਕਟਰ, ਮੈਨੇਜਿੰਗ ਡਾਇਰੈਕਟਰ, ਸੰਗੀਤਾ ਅਗਰਵਾਲ ਅਤੇ ਦੀਪਿਕਾ ਗਰਗ, ਪ੍ਰਿੰਸੀਪਲ ਐਜੂਕੇਸ਼ਨ ਕਾਲਜ, ਡਾ. ਮਨਦੀਪ ਕੌਰ, ਪ੍ਰਿੰਸੀਪਲ ਕਾਲਜ ਆਫ ਨਰਸਿੰਗ ਡਾ. ਕਾਰਤਿਕਾ ਸ਼ਰਮਾ, ਹਰਦੇਵ ਸਿੰਘ ਉੱਭਾ ਅਤੇ ਕਾਲਜ ਦੇ ਵਿਦਿਆਰਥੀ, ਪਿੰਡਾਂ ਦੇ ਪੰਚ ਸਰਪੰਚ ਅਤੇ ਹੋਰ ਮੋਹਤਬਰ ਵੀ ਮੌਜੂਦ ਸਨ।