ਮਮਤਾ ਦਿਵਸ: ਬਰਸਾਤੀ ਮੌਸਮ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਤੋਂ ਜਾਣੂੰ ਕਰਵਾਇਆ
ਅਸ਼ੋਕ ਵਰਮਾ
ਨਥਾਣਾ, 16 ਜੁਲਾਈ 2025:ਸਿਹਤ ਵਿਭਾਗ ਤੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਰਮਨਦੀਪ ਸਿੰਗਲਾ ਸਿਵਲ ਸਰਜਨ ਬਠਿੰਡਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨਵਦੀਪ ਕੌਰ ਸਰਾਂ ਦੀ ਅਗਵਾਈ ਹੇਠ ਬਲਾਕ ਨਥਾਣਾ ਦੀਆਂ ਸਮੂਹ ਸਿਹਤ ਸੰਸਥਾਵਾਂ ਵਿਖੇ ਮਮਤਾ ਦਿਵਸ ਮਨਾਇਆ ਗਿਆ। ਡਾ. ਸਰਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਮਤਾ ਦਿਵਸ ਮੌਕੇ ਗਰਭਵਤੀ ਔਰਤਾਂ, ਮਾਂਵਾਂ ਅਤੇ ਬੱਚੇ ਦੀ ਸਿਹਤ, ਪੋਸ਼ਣ ਅਤੇ ਸੁਰੱਖਿਆ ਸੰਬੰਧੀ ਜਾਗਰੂਕਤਾ ਫੈਲਾਈ ਜਾਂਦੀ ਹੈ।
ਇਸ ਤੋਂ ਇਲਾਵਾ ਗਰਭਵਤੀ ਮਹਿਲਾਵਾਂ, ਨਵਜਾਤ ਸ਼ਿਸ਼ੂਆਂ ਅਤੇ ਉਨ੍ਹਾਂ ਦੀਆਂ ਮਾਵਾਂ ਦੀ ਮੁਫ਼ਤ ਜਾਂਚ ਅਤੇ ਸਲਾਹਾਂ ਦਿੱਤੀਆਂ ਜਾਂਦੀਆਂ ਹਨ। ਪਿੰਡ ਨਥਾਣਾ ਦੀ ਧਰਮਸ਼ਾਲਾ ਵਿੱਚ ਜਾਗਰੂਕਤਾ ਕੈਂਪ ਦੌਰਾਨ ਲੋਕਾਂ ਨੂੰ ਬਰਸਾਤੀ ਮੌਸਮ ਵਿਚ ਹੋਣ ਵਾਲੀਆਂ ਬਿਮਾਰੀਆਂ ਅਤੇ ਹਾਦਸਿਆਂ ਤੋਂ ਬਚਾਅ ਕਰਨ ਸਬੰਧੀ ਸੁਨੇਹਾ ਦਿੱਤਾ ਗਿਆ।
ਬਲਾਕ ਐਜੂਕੇਟਰ ਪਵਨਜੀਤ ਕੌਰ ਅਤੇ ਸੀ.ਐਚ. ਓ. ਵੀਰਪਾਲ ਕੌਰ ਨੇ ਸਾਂਝੇ ਰੂਪ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਸਾਤ ਦੌਰਾਨ ਪਾਣੀ ਵਾਇਰਲ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਸਿਰਫ ਉਬਲੇ ਜਾਂ ਫਿਲਟਰ ਕੀਤੇ ਪਾਣੀ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਕੱਚਾ ਜਾਂ ਬਾਹਰ ਦਾ ਭੋਜਨ ਨਾ ਖਾਓ। ਘਰੇਲੂ ਅਤੇ ਤਾਜ਼ਾ ਬਣਿਆ ਖਾਣਾ ਹੀ ਖਾਓ। ਡੇਂਗੂ, ਚਿਕਨਗੁਨੀਆਂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਮੱਛਰਾਂ ਰਾਹੀਂ ਫੈਲਦੀਆਂ ਹਨ, ਇਸ ਲਈ ਪਾਣੀ ਇਕੱਠਾ ਨਾ ਹੋਣ ਦਿਓ ਅਤੇ ਮੱਛਰਦਾਨੀ ਜਾਂ ਮੱਛਰ ਭਜਾਉਣ ਵਾਲੇ ਯੰਤਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਖਾਣਾ ਖਾਣ ਤੋਂ ਪਹਿਲਾਂ ਅਤੇ ਸ਼ੌਚ ਜਾਣ ਤੋਂ ਬਾਅਦ ਆਪਣੇ ਹੱਥ ਜ਼ਰੂਰ ਧੋਣੇ ਚਾਹੀਦੇ ਹਨ।
ਹਮੇਸ਼ਾ ਸੁੱਕੇ ਕੱਪੜੇ ਪਹਿਨੋ ਕਿਉਂਕਿ ਨਮੀ ਵਾਲੇ ਕੱਪੜੇ ਜਾਂ ਗਿੱਲੇ ਜੁੱਤੇ ਤਵਚਾ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ। ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਬਰਸਾਤ ਵਿੱਚ ਗਿਲੀਆਂ ਥਾਵਾਂ ’ਤੇ ਫਿਸਲਣ ਜਾਂ ਨਦੀ-ਨਾਲਿਆਂ ਦੇ ਨੇੜੇ ਜਾਣ ਤੋਂ ਰੋਕੋ। ਜੇਕਰ ਤੁਹਾਨੂੰ ਉਲਟੀਆਂ, ਦਸਤ, ਬੁਖਾਰ ਜਾਂ ਅੱਖਾਂ/ ਚਮੜੀ ਦੇ ਪੀਲੇ ਹੋਣ ਜਿਹੇ ਲੱਛਣ ਹੋਣ ਤਾਂ ਤੁਰੰਤ ਨਜਦੀਕੀ ਸਿਹਤ ਕੇਂਦਰ ਵਿੱਚ ਜਾ ਕੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਸ ਮੌਕੇ ਸਿਹਤ ਸੁਪਰਵਾਈਜ਼ਰ ਪਰਮਜੀਤ ਕੌਰ , ਸਿਹਤ ਕਰਮੀ ਮਾਇਆ ਦੇਵੀ, ਇਨਰੀਤ, ਮਨਜਿੰਦਰ ਸਿੰਘ ਸਮੇਤ ਆਸ਼ਾ ਵਰਕਰ ਹਾਜ਼ਰ ਸਨ।