ਗੁਰਦਾਸਪੁਰ ਜ਼ਿਲ੍ਹੇ ‘ਚ ਜ਼ਰੂਰੀ ਵਸਤਾਂ ਦੀ ਜਮ੍ਹਾਖੋਰੀ ‘ਤੇ ਪਾਬੰਦੀ, ਜ਼ਿਲ੍ਹਾ ਮੈਜਿਸਟਰੇਟ ਨੇ ਜਾਰੀ ਕੀਤੇ ਸਖ਼ਤ ਹੁਕਮ
- ਜਮਾਂ ਖੋਰੀ ਕਰਨ ਵਾਲਿਆਂ ਖਿਲਾਫ ਸ਼ਿਕਾਇਤਲੀ ਨੰਬਰ ਵੀ ਕੀਤੇ ਜਾਰੀ
ਰੋਹਿਤ ਗੁਪਤਾ
ਗੁਰਦਾਸਪੁਰ 8 ਮਈ 2025 - ਗੁਰਦਾਸਪੁਰ ਦੇ ਜ਼ਿਲ੍ਹਾ ਮੈਜਿਸਟਰੇਟ ਦਲਵਿੰਦਰਜੀਤ ਸਿੰਘ, ਆਈ.ਏ.ਐੱਸ., ਨੇ ਜ਼ਰੂਰੀ ਵਸਤਾਂ ਦੀ ਜਮ੍ਹਾਖੋਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਸਖ਼ਤ ਹੁਕਮ ਜਾਰੀ ਕੀਤੇ ਹਨ। ਇਹ ਕਾਰਵਾਈ ਐਸੈਂਸ਼ੀਅਲ ਕਮੋਡਿਟੀਜ਼ ਐਕਟ, 1955 ਅਤੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਐਕਟ, 2023 ਦੀ ਧਾਰਾ 163 ਅਧੀਨ ਕੀਤੀ ਗਈ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਟਾਕਿਸਟ ਜ਼ਰੂਰੀ ਵਸਤਾਂ ਜਿਵੇਂ ਕਿ ਅਨਾਜ, ਤੇਲ, ਡੀਜ਼ਲ, ਪਸ਼ੂ ਚਾਰਾ, ਦੁੱਧ ਅਤੇ ਰੋਜ਼ਮਰ੍ਹਾ ਦੀਆਂ ਵਸਤਾਂ ਦੀ ਜਮ੍ਹਾਖੋਰੀ ਕਰ ਰਹੇ ਹਨ, ਜਿਸ ਨਾਲ ਨਕਲੀ ਕੀਮਤਾਂ ਵਧਣ, ਕਾਲਾਬਾਜ਼ਾਰੀ ਅਤੇ ਸਪਲਾਈ ਦੀ ਕਮੀ ਦੀ ਸਮੱਸਿਆ ਪੈਦਾ ਹੋ ਰਹੀ ਹੈ। ਇਸ ਨਾਲ ਆਮ ਲੋਕਾਂ, ਖਾਸ ਤੌਰ ‘ਤੇ ਕਮਜ਼ੋਰ ਵਰਗ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।
ਇਸ ਸਬੰਧੀ ਜਾਰੀ ਹੁਕਮਾਂ ਅਨੁਸਾਰ:
ਕੋਈ ਵੀ ਵਿਅਕਤੀ, ਵਪਾਰੀ ਜਾਂ ਸੰਸਥਾ ਜ਼ਰੂਰੀ ਵਸਤਾਂ ਦੀ ਜਮ੍ਹਾਖੋਰੀ ਨਹੀਂ ਕਰ ਸਕੇਗਾ। ਇਸ ਵਿੱਚ ਅਨਾਜ, ਪਸ਼ੂ ਚਾਰਾ, ਦੁੱਧ ਅਤੇ ਡੇਅਰੀ ਉਤਪਾਦ, ਪੈਟਰੋਲ, ਡੀਜ਼ਲ ਅਤੇ ਹੋਰ ਰੋਜ਼ਮਰ੍ਹਾ ਦੀਆਂ ਵਸਤਾਂ ਸ਼ਾਮਲ ਹਨ।
ਜਮ੍ਹਾਖੋਰੀ, ਕਾਲਾਬਾਜ਼ਾਰੀ ਜਾਂ ਕੀਮਤਾਂ ਵਿੱਚ ਹੇਰਾਫੇਰੀ ਦੀ ਸੂਚਨਾ ਲੋਕ, ਸਬੰਧਤ ਅਧਿਕਾਰੀਆਂ ਨੂੰ ਦੇ ਸਕਦੇ ਹਨ।
ਸੰਪਰਕ ਲਈ ਨੰਬਰ ਹੇਠ ਲਿਖੇ ਹਨ। ਡੀ.ਐਫ.ਸੀ.ਐਸ ਗੁਰਦਾਸਪੁਰ ਸ਼੍ਰੀ ਸੁਖਜੀਤ ਸਿੰਘ (8284878182). ਪਸ਼ੂ ਪਾਲਣ ਵਿਭਾਗ: ਡਾ. ਜਸਪ੍ਰੀਤ ਸਿੰਘ ਨਾਗਪਾਲ (9878177491)। ਮੰਡੀ ਬੋਰਡ: ਸ਼੍ਰੀ ਜਸਪਾਲ ਸਿੰਘ (9779800094)। ਮਾਰਕਫੈੱਡ: ਸ਼੍ਰੀ ਗੁਰਪ੍ਰੀਤ ਸਿੰਘ, ਡੀ.ਐੱਮ. ਮਾਰਕਫੈੱਡ (9914120446)।ਵੇਰਕਾ ਕੈਟਲ ਫੀਡ, ਘਣੀਏ ਕੇ ਬੰਗਰ: ਸਤਿੰਦਰ ਪ੍ਰਸਾਦ (9417069430)। ਏ.ਸੀ.ਐੱਸ.ਟੀ.: ਸ੍ਰੀਮਤੀ ਸੁਪਨਨਦੀਪ ਉੱਪਲ (9872910028)
ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੁੰਦੇ ਹਨ।
ਜ਼ਿਲ੍ਹਾ ਮੈਜਿਸਟਰੇਟ ਨੇ ਚਿਤਾਵਨੀ ਦਿੱਤੀ ਕਿ ਇਹਨਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ ਤਾਂ ਜੋ ਜ਼ਰੂਰੀ ਵਸਤਾਂ ਦੀ ਸੁਚਾਰੂ ਸਪਲਾਈ ਅਤੇ ਨਿਰਪੱਖ ਵੰਡ ਨੂੰ ਯਕੀਨੀ ਬਣਾਇਆ ਜਾ ਸਕੇ।