ਸੰਭਾਵਿਤ ਐਮਰਜੈਂਸੀ ਹਲਾਤਾਂ ਨੂੰ ਦੇਖਦੇ ਹੋਏ ਜ਼ਰੂਰੀ ਵਸਤੂਆਂ ਦੀ ਜਮ੍ਹਾਂਖੋਰੀ ਤੇ ਕਾਲਾਬਾਜ਼ਾਰੀ ਰੋਕਣ ਲਈ ਟੀਮ ਗਠਿਤ
- ਲੋਕਾਂ ਦੀ ਸਹੂਲਤ ਲਈ ਸਹਾਇਤਾ ਨੰਬਰ ਵੀ ਜਾਰੀ- ਸਾਗਰ ਸੇਤੀਆ
ਮੋਗਾ 8 ਮਈ 2025 - ਪੰਜਾਬ ਵਿੱਚ ਸੰਭਾਵਿਤ ਐਮਰਜੈਂਸੀ ਹਲਾਤਾਂ ਨੂੰ ਦੇਖਦੇ ਹੋਏ ਕੁਝ ਦੁਕਾਨਦਾਰਾਂ ਵੱਲੋਂ ਖਾਣ-ਪੀਣ ਦੀਆਂ ਵਸਤੂਆਂ, ਪੈਟਰੋਲ, ਡੀਜ਼ਲ, ਚਾਰਾ ਅਤੇ ਹੋਰ ਰੋਜ਼ਾਨਾ ਲੋੜਾਂ ਵਾਲੀਆਂ ਜ਼ਰੂਰੀ ਵਸਤੂਆਂ ਦੀ ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਕੀਤੀ ਜਾ ਰਹੀ ਹੈ, ਜਿਸ ਨੂੰ ਰੋਕਣਾ ਅਤਿ ਜ਼ਰੂਰੀ ਹੈ।
ਜ਼ਿਲ੍ਹਾ ਮੈਜਿਸਟ੍ਰੇਟ- ਕਮ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸਾਗਰ ਸੇਤੀਆ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ, 2023 ਦੀ ਧਾਰਾ 163 ਅਤੇ ਅਤਿ-ਜ਼ਰੂਰੀ ਵਸਤੂਆਂ ਐਕਟ, 1955 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਪੈਂਦੇ ਦੁਕਾਨਦਾਰਾਂ ਵੱਲੋਂ ਖਾਣ-ਪੀਣ ਦੀਆਂ ਵਸਤੂਆਂ, ਪੈਟਰੋਲ, ਡੀਜ਼ਲ, ਚਾਰਾ ਅਤੇ ਹੋਰ ਰੋਜ਼ਾਨਾ ਲੋੜਾਂ ਵਾਲੀਆਂ ਜ਼ਰੂਰੀ ਵਸਤੂਆਂ ਦੀ ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਤੇ ਪੂਰਨ ਤੌਰ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਸਾਗਰ ਸੇਤੀਆ ਨੇ ਦੱਸਿਆ ਕਿ ਇਸਦੇ ਨਾਲ ਹੀ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਲੋਕਾਂ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਜਾਂਦੇ ਹਨ।
ਜ਼ਿਲ੍ਹਾ ਕੰਟਰੋਲਰ, ਖੁਰਾਕ ਅਤੇ ਸਿਵਲ ਸਪਲਾਈਜ਼, ਮੋਗਾ ਨੂੰ ਜ਼ਰੂਰੀ ਵਸਤੂਆਂ, ਪੈਟਰੋਲ, ਡੀਜ਼ਲ ਆਦਿ ਲਈ ਮੋਬਾਇਲ ਨੰ. 98551-12333, ਜ਼ਿਲ੍ਹਾ ਮੰਡੀ ਅਫਸਰ, ਮੋਗਾ ਨੂੰ ਸਬਜੀਆਂ ਅਤੇ ਫਲਾਂ ਸਮੇਤ ਮੰਡੀ ਨਾਲ ਸਬੰਧਤ ਮੁੱਦਿਆਂ ਲਈ ਮੋਬਾਇਲ 95016-49900, ਡਿਪਟੀ ਡਾਇਰੈਕਟਰ, ਪਸ਼ੂ ਪਾਲਣ, ਮੋਗਾ ਨੂੰ ਪਸ਼ੂਆਂ ਦੇ ਇਲਾਜ ਲਈ ਕੋਈ ਸਮੱਸਿਆ ਲਈ ਅਤੇ ਪਸ਼ੂਆ ਦੇ ਚਾਰੇ ਲਈ ਮੋਬਾਇਲ ਨੰ. 94173-16068, ਸਹਾਇਕ ਕਮਿਸ਼ਨਰ, ਰਾਜ ਕਰ, ਮੋਗਾ ਨਾਲ ਮੋਨੀਟਰਿੰਗ ਅਤੇ ਸਹਿਯੋਗ ਲਈ ਮੋਬਾਇਲ ਨੰ. 9872910033 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।
ਉਹਨਾਂ ਦੱਸਿਆ ਕਿ ਗਠਿਤ ਕੀਤੀ ਟਾਸਕ ਫੋਰਸ ਦੀ ਅਗਵਾਈ ਜ਼ਿਲਾ ਕੰਟਰੋਲਰ, ਖੁਰਾਕ ਤੇ ਸਿਵਲ ਸਪਲਾਈਜ਼, ਮੋਗਾ ਅਤੇ ਜ਼ਿਲ੍ਹਾ ਮੰਡੀ ਅਫਸਰ, ਮੋਗਾ ਕਰਨਗੇ। ਇਹ ਜ਼ਿਲ੍ਹੇ ਵਿੱਚ ਕਾਲਾਬਜ਼ਾਰੀ, ਜਮ੍ਹਾਂਖੋਰੀ ਅਤੇ ਵਸਤੂਆਂ ਦੀ ਨਕਲੀ ਘਾਟ ਨੂੰ ਰੋਕਣ ਲਈ ਸਖ਼ਤ ਕਾਰਵਾਈ ਅਮਲ ਵਿੱਚ ਲਿਆਉਣਗੇ। ਇਹ ਟੀਮ ਨਿਰੀਖਣ ਕਰਕੇ ਅਨੈਤਿਕ ਵਪਾਰ ਵਿੱਚ ਸ਼ਾਮਲ ਪਾਏ ਜਾਣ ਵਾਲੇ ਵਿਅਕਤੀ ਜਾਂ ਸੰਸਥਾ ਵਿਰੁੱਧ ਤੁਰੰਤ ਕਾਰਵਾਈ ਕਰੇਗੀ ਅਤੇ ਰੋਜਾਨਾ ਨਿਮਨਹਸਤਾਖਰ ਨੂੰ ਰਿਪੋਰਟ ਕਰੇਗੀ।