ਬੱਸ ਅੱਡਾ ਮਾਮਲਾ : ਬਠਿੰਡਾ ’ਚ ਵੱਡੇ ਇਕੱਠ ਨੇ ਲਾਈ ਪੰਜਾਬ ਸਰਕਾਰ ਖਿਲਾਫ ਨਗਾਰੇ ਤੋ ਚੋਟ
ਅਸ਼ੋਕ ਵਰਮਾ
ਬਠਿੰਡਾ ,22 ਅਪ੍ਰੈਲ 2024 : ਬਠਿੰਡਾ ਦੀ ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਨੇ ਅੱਜ ਵੱਡਾ ਇਕੱਠ ਕਰਕੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮਲੋਟ ਰੋਡ ਤੇ ਮੌਜੂਦਾ ਬੱਸ ਅੱਡਾ ਸ਼ਿਫਟ ਕੀਤਾ ਗਿਆ ਤਾਂ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਬਠਿੰਡਾ ਦੇ ਲੋਕ ਹਾਕਮ ਧਿਰ ਆਮ ਆਦਮੀ ਪਾਰਟੀ ਨੂੰ ਅਜਿਹੀ ਸਿਆਸੀ ਸੱਟ ਮਾਰਨਗੇ ਜਿਸੋ ਦੀ ਪੀੜ੍ਹ ਲੰਮੇ ਸਮੇਂ ਤੱਕ ਸੁਣਾਈ ਦਿੰਦੀ ਰਹੇਗੀ। ਸੰਘਰਸ਼ ਕਮੇਟੀ ਨੇ ਅੱਜ ਟੀਚਰਜ਼ ਹੋਮ ਵਿਖੇ ਇਕੱਠ ਸੱਦਿਆ ਸੀ ਜਿਸ ਦੌਰਾਨ ਬੁਲਾਰਿਆਂ ਦੀ ਇਸ ਮੁੱਦੇ ਤੇ ਸੁਰ ਤਿੱਖੀ ਰਹੀ। ਬੁਲਾਰੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਹਲੂਣਾ ਦੇਣ ਲਈ ਵੀਰਵਾਰ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪੱਕਾ ਮੋਰਚਾ ਸ਼ੁਰੂ ਕਰਨ ਦਾ ਐਲਾਨ ਕੀਤਾ। ਇਹ ਵੀ ਆਖਿਆ ਕਿ ਆਮ ਲੋਕਾਂ ਨੂੰ ਨਾਲ ਜੋੜਨ ਅਤੇ ਆਪਣੀ ਤਾਕਤ ਦਾ ਵਿਖਾਵਾ ਕਰਨ ਲਈ ਸ਼ਨੀਵਾਰ ਨੂੰ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਜਾਏਗਾ।
ਅੱਜ ਦੀ ਮੀਟਿੰਗ ਵਿੱਚ ਸ਼ਹਿਰ ਦੇ ਵੱਖ-ਵੱਖ ਸਮਾਜਿਕ ਸੰਸਥਾਵਾਂ, ਵਪਾਰਕ ਜਥੇਬੰਦੀਆਂ ਅਤੇ ਨਾਗਰਿਕ ਨੁਮਾਇੰਦਿਆਂ ਨੇ ਹਿੱਸਾ ਲਿਆ ਅਤੇ ਆਪਣੀ ਇਕਲੌਤੀ ਮੰਗ ਮੌਜੂਦਾ ਬੱਸ ਅੱਡਾ ਕਿਸੇ ਵੀ ਕੀਮਤ ਤੇ ਤਬਦੀਲ ਨਾਂ ਕਰਨ ਦੇਣ ਲਈ ਹਰ ਕੁਰਬਾਨੀ ਦੇਣ ਦਾ ਐਲਾਨ ਵੀ ਕੀਤਾ । ਮਾਲਵਾ ਜ਼ੋਨ ਟਰਾਂਸਪੋਰਟ ਯੂਨੀਅਨ ਦੇ ਕਨਵੀਨਰ ਬਲਤੇਜ ਵਾਂਦਰ ਨੇ ਕਿਹਾ ਕਿ ਮੌਜੂਦਾ ਬੱਸ ਅੱਡੇ ਦੀ ਥਾਂ ਸ਼ਹਿਰ ਵਾਸੀਆਂ ਦੀ ਸਹੂਲਤ ਅਤੇ ਕਾਰੋਬਾਰ ਲਈ ਪੂਰੀ ਤਰਾਂ ਢੁੱਕਵੀਂ ਹੈ ਜਿਸ ਨੂੰ ਬਦਲਣ ਨਾਲ ਆਮ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਬੱਸ ਅੱਡਾ ਬਦਲਣ ਨਾਲ ਸ਼ਹਿਰ ਦੀ ਟਰੈਫਿਕ ਸਮੱਸਿਆ ਹੱਲ ਹੋਣ ਦੀ ਬਜਾਏ ਹੋਰ ਵਧੇਗੀ ਕਿਉਂਕਿ ਇਸ ਅੱਡੇ ਕੋਲ ਜ਼ਿਲ੍ਹਾ ਕਚਹਿਰੀਆਂ, ਸਰਕਾਰੀ ਹਸਪਤਾਲ, ਕਾਲਜ, ਰੇਲਵੇ ਸਟੇਸ਼ਨ ਆਦਿ ਨੇੜੇ ਹਨ ਜਿੰਨ੍ਹਾਂ ਤੱਕ ਪੁੱਜਣ ਲਈ ਲੋਕਾਂ ਨੂੰ ਆਟੋ ਜਾਂ ਹੋਰ ਸਾਧਨਾ ਦੀ ਲੋੜ ਪਵੇਗੀ ਜੋ ਘੜਮੱਸ ਵਧਾਉਣ ਵਾਲੇ ਸਾਬਤ ਹੋਣਗੇ।
ਬੁਲਾਰਿਆਂ ਨੇ ਕਿਹਾ ਕਿ ਬੱਸ ਅੱਡੇ ਦਾ ਪੱਧਰ ਸੜਕ ਨਾਲੋਂ ਉੱਚਾ ਹੈ, ਜਿਸ ਕਰਕੇ ਉੱਥੇ ਕਦੇ ਵੀ ਪਾਣੀ ਨਹੀਂ ਭਰਦਾ, ਇਸ ਲਈ ਇਸ ਨੂੰ ਸ਼ਿਫਟ ਕਰਨ ਦੀ ਥਾਂ ਐਲੀਵੇਟਡ ਪੁਲ ਬਣਾਕੇ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ। ਬੁਲਾਰਿਆਂ ਨੇ ਕਿਹਾ ਕਿ ਅੱਜ ਤੱਕ ਇਸ ਗੱਲ ਦੀ ਸਮਝ ਨਹੀਂ ਪਈ ਕਿ ਡਿਪਟੀ ਕਮਿਸ਼ਨਰ ਨਵਾਂ ਬੱਸ ਅੱਡਾ ਬਨਾਉਣ ਲਈ ਕਾਹਲੇ ਕਿਉਂ ਹਨ ਜੋਕਿ ਕਈ ਤਰਾਂ ਦੇ ਸਵਾਲ ਖੜ੍ਹੇ ਕਰਨ ਵਾਲੀ ਰਾਮ ਕਹਾਣੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕੋਈ ਬਿਆਸੀ ਧਿਰ ਵੀ ਹਮਾਇਤ ’ਚ ਅੱਗੇ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ ਜਦੋਂ ਆਮ ਲੋਕਾਂ ਨੂੰ ਬਠਿੰਡਾ ਪ੍ਰਸ਼ਾਸ਼ਨ ਤੇ ਭਰੋਸਾ ਹੀ ਨਹੀਂ ਹੈ ਬਲਕਿ ਵਿਰੋਧ ਕੀਤਾ ਜਾਣ ਲੱਗਿਆ ਹੈ ਤਾਂ ਸਰਕਾਰ ਨੂੰ ਲੋਕ ਹਿੱਤ ਵਿੱਚ ਇਹ ਪ੍ਰਜੈਕਟ ਤੁਰੰਤ ਰੱਦ ਕਰਕੇ ਮੌਜੂਦਾ ਬੱਸ ਅੱਡੇ ਨੂੰ ਚੁਸਤ ਦਰੁਸਤ ਬਨਾਉਣਾ ਚਾਹੀਦਾ ਹੈ।
ਧਰਨੇ ਪ੍ਰਦਰਸ਼ਨ ਦੀ ਤਿਆਰੀ
ਇਸ ਮੌਕੇ ਫੈਸਲਾ ਲਿਆ ਕਿ ਜੇਕਰ ਪ੍ਰਸ਼ਾਸਨ ਨੇ ਬੱਸ ਸਟੈਂਡ ਨੂੰ ਮਲੋਟ ਰੋਡ ਤੇ ਲਿਜਾਣ ਦੀ ਕਾਰਵਾਈ ਨਾਂ ਰੋਕੀ, ਤਾਂ ਕਮੇਟੀ ਲੋਕ ਅੰਦੋਲਨ ਸ਼ੁਰੂ ਕਰੇਗੀ, ਜਿਸ ਵਿੱਚ ਧਰਨਾ, ਪ੍ਰਦਰਸ਼ਨ ਤੇ ਵਿਰੋਧ ਸ਼ਾਮਲ ਹੋਣਗੇ। ਇਸ ਮੌਕੇ ਵੀਰਵਾਰ 24 ਅਪ੍ਰੈਲ ਤੋਂ ਡਾ. ਭੀਮ ਰਾਓ ਅੰਬੇਡਕਰ ਪਾਰਕ, ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਪੱਕਾ ਮੋਰਚਾ ਲਾਇਆ ਜਾਵੇਗਾ। ਇਸ ਦੇ ਨਾਲ-ਨਾਲ ਸ਼ਨੀਵਾਰ 26 ਅਪ੍ਰੈਲ ਨੂੰ ਬੱਸ ਅੱਡੇ ਤੋਂ ਲੈ ਕੇ ਫਾਇਰ ਬ੍ਰਿਗੇਡ ਚੌਕ ਤੱਕ ਵੱਖ-ਵੱਖ ਬਜ਼ਾਰਾਂ ਰਾਹੀਂ ਰੋਸ ਮਾਰਚ ਕੱਢਿਆ ਜਾਵੇਗਾ। ਬੁਲਾਰਿਆਂ ਨੇ ਮੌਜੂਦਾ ਬੱਸ ਅੱਡਾ ਜਾਰੀ ਰੱਖਣ, ਲੋੜ ਅਨੁਸਾਰ ਇੱਥੇ ਹੀ ਤਬਦੀਲੀਆਂ ਕਰਨ ਅਤੇ ਤਰੱਕੀ ਦੇ ਨਾਮ ਹੇਠ ਲੋਕ ਵਿਰੋਧੀ ਫੈਸਲੇ ਨਾਂ ਲੈਣ ਦੀ ਮੰਗ ਕੀਤੀ। ਇਸ ਮੌਕੇ ਵੱਖ ਵੱਖ ਵਪਾਰਿਕ , ਮੁਲਾਜਮ, ਜਨਤਕ ਜਮਹੂਰੀ ਜੱਥੇਬੰਦੀਆਂ ਅਤੇ ਸਿਆਸੀ ਧਿਰਾਂ ਦੇ ਪ੍ਰਤੀਨਿਧ ਹਾਜ਼ਰ ਸਨ।