ਭਵਿੱਖ ਵਿੱਚ ਹਰ ਨਾਗਰਿਕ ਲਈ ਆਭਾ ਆਈ.ਡੀ ਉਨੀ ਹੀ ਜ਼ਰੂਰੀ ਹੋਵੇਗੀ ਜਿੰਨੀ ਆਧਾਰ ਕਾਰਡ ਦੀ ਲੋੜ: ਡਾ. ਤਰਸੇਮ ਸਿੰਘ
ਰੂਪਨਗਰ, 22 ਅਪ੍ਰੈਲ 2025: ਸਿਵਲ ਸਰਜਨ ਰੂਪਨਗਰ ਡਾਕਟਰ ਤਰਸੇਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿੱਚ ਆਭਾ ਆਈ.ਡੀ (ਆਯੁਸ਼ਮਾਨ ਭਾਰਤ ਹੈਲਥ ਅਕਾਊਂਟ) ਬਾਰੇ ਇੱਕ ਮਹੱਤਵਪੂਰਨ ਆਨਲਾਈਨ ਰਾਜ ਪੱਧਰ ਦੇ ਅਧਿਕਾਰੀਆਂ ਵੱਲੋਂ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ ਸਾਰੇ ਜ਼ਿਲ੍ਹਾ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿੱਚ ਆਭਾ ਆਈ.ਡੀ ਦੀ ਮਹੱਤਤਾ, ਲੋਕਾਂ ਤੱਕ ਇਸ ਬਾਰੇ ਜਾਗਰੂਕਤਾ ਪਹੁੰਚਾਉਣ ਅਤੇ ਆਈ.ਡੀ ਬਣਵਾਉਣ ਦੀ ਪ੍ਰਕਿਰਿਆ ਨੂੰ ਤੇਜ਼ੀ ਨਾਲ ਅਮਲ ਵਿਚ ਲਿਆਉਣ 'ਤੇ ਜ਼ੋਰ ਦਿੱਤਾ ਗਿਆ।
ਇਸ ਮੌਕੇ ਸਿਵਲ ਸਰਜਨ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੇ ਤਹਿਤ ਸ਼ੁਰੂ ਕੀਤੀ ਗਈ ਆਭਾ ਆਈ.ਡੀ ਹਰ ਨਾਗਰਿਕ ਲਈ ਡਿਜੀਟਲ ਸਿਹਤ ਪਛਾਣ ਹੈ, ਜੋ ਮੈਡੀਕਲ ਰਿਕਾਰਡ ਨੂੰ ਸੁਰੱਖਿਅਤ ਅਤੇ ਸੰਗਠਿਤ ਰੂਪ ਵਿੱਚ ਇਕੱਠਾ ਕਰਦੀ ਹੈ। ਇਹ ਆਈ ਡੀ ਸ਼ਕਤੀ ਨੂੰ ਆਪਣੀ ਸਿਹਤ ਸੰਬੰਧੀ ਜਾਣਕਾਰੀ ਨੂੰ ਆਸਾਨੀ ਨਾਲ ਕਿਤੇ ਵੀ ਅਤੇ ਕਦੇ ਵੀ ਐਕਸੈੱਸ ਕਰਨ ਯੋਗ ਬਣਾਉਂਦੀ ਹੈ।
ਇਸ ਬਾਰੇ ਸਿਵਲ ਸਰਜਨ ਡਾ. ਤਰਸੇਮ ਸਿੰਘ ਨੇ ਕਿਹਾ ਕਿ ਆਭਾ ਆਈ.ਡੀ ਭਵਿੱਖ ਦੀ ਸਿਹਤ ਸੰਭਾਲ ਦਾ ਮੂਲ ਆਧਾਰ ਹੈ। ਜਿਵੇਂ ਹਰ ਵਿਅਕਤੀ ਦਾ ਆਧਾਰ ਕਾਰਡ ਹੋਣਾ ਲਾਜ਼ਮੀ ਬਣ ਗਿਆ ਹੈ, ਓਸੇ ਤਰ੍ਹਾਂ ਆਭਾ ਆਈ.ਡੀਵੀ ਹਰ ਵਿਅਕਤੀ ਲਈ ਬਹੁਤ ਜ਼ਰੂਰੀ ਹੋਵੇਗੀ। ਇਹ ID ਸਿਰਫ਼ ਮੈਡੀਕਲ ਰਿਕਾਰਡ ਨੂੰ ਡਿਜੀਟਲ ਰੂਪ ਵਿੱਚ ਜੋੜਦੀ ਨਹੀਂ, ਸਗੋਂ ਇਲਾਜ ਨੂੰ ਤੇਜ਼, ਸੁਚੱਜਾ ਅਤੇ ਪ੍ਰਭਾਵਸ਼ਾਲੀ ਵੀ ਬਣਾਉਂਦੀ ਹੈ।
ਉਹਨਾਂ ਦੱਸਿਆ ਕਿ ਆਮ ਨਾਗਰਿਕਾਂ ਨੂੰ ਆਯੁਸ਼ਮਾਨ ਭਾਰਤ ਸਿਹਤ ਖਾਤੇ ਦੇ ਤਹਿਤ ਰਜਿਸਟਰ ਕੀਤਾ ਜਾ ਰਿਹਾ ਹੈ, ਜਿਸ ਰਾਹੀਂ ਉਨ੍ਹਾਂ ਦੇ ਸਿਹਤ ਰਿਕਾਰਡ ਨੂੰ ਡਿਜੀਟਲ ਰੂਪ ਵਿੱਚ ਰੱਖਿਆ ਜਾਵੇਗਾ। ਆਭਾ ਹੈਲਥ ਆਈਡੀ ਕਾਰਡ ਇੱਕ 14 ਅੰਕਾਂ ਦਾ ਵਿਲੱਖਣ ਨੰਬਰ ਹੈ ਜਿਸ ਨਾਲ ਤੁਸੀਂ ਆਪਣੇ ਸਿਹਤ ਰਿਕਾਰਡਾਂ ਨੂੰ ਡਿਜੀਟਲ ਰੂਪ ਵਿੱਚ ਲਿੰਕ ਕਰ ਸਕਦੇ ਹੋ। ਇਸ ਦੇ ਨਾਲ, ਜਦੋਂ ਤੁਸੀਂ ਡਾਕਟਰ ਕੋਲ ਜਾਂਦੇ ਹੋ ਤਾਂ ਤੁਹਾਨੂੰ ਰਿਪੋਰਟ ਆਪਣੇ ਨਾਲ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਪਵੇਗੀ।
ਉਨ੍ਹਾਂ ਦੱਸਿਆ ਕਿ ਆਭਾ ਕਾਰਡ ਬਣਾਉਣ ਲਈ ਡਿਜੀਟਲ ਸਿਹਤ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਲਈ, ਭਾਰਤ ਸਰਕਾਰ ਨੇ ਹੁਣ ਆਯੁਸ਼ਮਾਨ ਭਾਰਤ ਸਿਹਤ ਖਾਤਾ ਯਾਨੀ ਆਭਾ ਕਾਰਡ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਦੇਸ਼ ਦਾ ਕੋਈ ਵੀ ਨਾਗਰਿਕ ਆਭਾ ਕਾਰਡ ਬਣਵਾ ਸਕਦਾ ਹੈ। ਜੇਕਰ ਤੁਹਾਨੂੰ ਆਪਣਾ ਆਭਾ ਕਾਰਡ ਨਹੀਂ ਮਿਲਿਆ ਹੈ ਤਾਂ ਤੁਸੀਂ ਘਰ ਬੈਠੇ ਇਸ ਲਈ ਅਪਲਾਈ ਕਰ ਸਕਦੇ ਹੋ। ਆਭਾ ਕਾਰਡ ਬਣਾਉਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਭਾ ਕਾਰਡ ਦੀ ਅਧਿਕਾਰਤ ਵੈੱਬਸਾਈਟ https://abha.abdm.gov.in/abha/v3/ 'ਤੇ ਜਾਣਾ ਹੋਵੇਗਾ।
ਇਸ ਤੋਂ ਬਾਅਦ ਤੁਹਾਨੂੰ 'ਕਰੇਟ ਔਰਾ ਨੰਬਰ' 'ਤੇ ਕਲਿੱਕ ਕਰਨਾ ਹੋਵੇਗਾ। ਫਿਰ ਤੁਹਾਨੂੰ ਆਪਣੇ ਆਧਾਰ ਕਾਰਡ ਜਾਂ ਡਰਾਈਵਿੰਗ ਲਾਇਸੈਂਸ ਦਾ ਵਿਕਲਪ ਚੁਣਨਾ ਹੋਵੇਗਾ। ਤੁਸੀਂ ਜੋ ਵੀ ਚੁਣਦੇ ਹੋ, ਆਧਾਰ ਕਾਰਡ ਜਾਂ ਡਰਾਈਵਿੰਗ ਲਾਇਸੈਂਸ, ਤੁਹਾਨੂੰ ਉਸਦਾ ਨੰਬਰ ਦਰਜ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਹੇਠਾਂ ਦਿਖਾਏ ਗਏ 'ਮੈਂ ਸਹਿਮਤ ਹਾਂ' ਦੇ ਬਾਕਸ 'ਤੇ ਟਿਕ ਕਰਨਾ ਹੋਵੇਗਾ। ਇਸ ਤੋਂ ਬਾਅਦ, ਤੁਹਾਡੇ ਆਧਾਰ ਕਾਰਡ ਨਾਲ ਜੁੜੇ ਮੋਬਾਈਲ ਨੰਬਰ 'ਤੇ ਓ ਟੀ ਪੀ ਆਵੇਗਾ, ਇਸ ਨੂੰ ਜਮ੍ਹਾਂ ਕਰਨ ਤੋਂ ਬਾਅਦ, ਤੁਹਾਡਾ ਆਧਾਰ ਕਾਰਡ ਬਣ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵਧ-ਚੜ੍ਹ ਕੇ ਆਪਣੀ ਆਭਾ ਆਈ.ਡੀ ਤਿਆਰ ਕਰਨ ਅਤੇ ਹੋਰਾਂ ਨੂੰ ਵੀ ਇਸ ਬਾਰੇ ਜਾਣੂ ਕਰਨ।
ਉਨ੍ਹਾਂ ਅੱਗੇ ਦੱਸਿਆ ਕਿ ਆਭਾ ਆਈ.ਡੀ ਬਣਾਉਣਾ ਬਿਲਕੁਲ ਮੁਫ਼ਤ ਹੈ ਅਤੇ ਇਸ ਲਈ ਤੁਹਾਨੂੰ ਸਿਰਫ਼ ਆਪਣਾ ਆਧਾਰ ਕਾਰਡ ਜਾਂ ਡ੍ਰਾਇਵਿੰਗ ਲਾਇਸੈਂਸ ਅਤੇ ਮੋਬਾਈਲ ਨੰਬਰ ਦੀ ਲੋੜ ਹੁੰਦੀ ਹੈ। ਤੁਸੀਂ https://Abha.abdm.gov.in 'ਤੇ ਜਾ ਕੇ ਜਾਂ ਨਜ਼ਦੀਕੀ ਸਿਹਤ ਕੇਂਦਰ ਵਿਚ ਜਾ ਕੇ ਆਪਣੀ ID ਤਿਆਰ ਕਰਵਾ ਸਕਦੇ ਹੋ। ਆਓ, ਅਸੀਂ ਸਾਰੇ ਮਿਲ ਕੇ ਆਪਣੀ ਆਭਾ ਆਈ.ਡੀ ਬਣਾਈਏ ਅਤੇ ਡਿਜੀਟਲ ਭਵਿੱਖ ਵੱਲ ਇੱਕ ਪੱਕਾ ਕਦਮ ਚੁੱਕੀਏ।