ਸੰਭੂ- ਖਨੌਰੀ ਬਾਰਡਰ ਖੁੱਲ੍ਹਵਾਉਣ ਤੋਂ ਬਾਅਦ ਸਾਰਾ ਦਿਨ ਰਹੀ ਗਹਿਮਾ ਗਹਿਮੀ
- ਪੁਲਿਸ ਦੀ ਫੜੋ-ਫੜੀ ,ਕਈ ਆਗੂਆਂ ਦੇ ਰਹੇ ਫੋਨ ਬੰਦ
ਮਲਕੀਤ ਸਿੰਘ ਮਲਕਪੁਰ
ਲਾਲੜੂ 21 ਮਾਰਚ 2025: ਕਰੀਬ 13 ਮਹੀਨਿਆਂ ਬਾਅਦ ਸੰਭੂ-ਖਨੌਰੀ ਬਾਰਡਰ ਤੋਂ ਕਿਸਾਨਾਂ ਨੂੰ ਉਠਾਏ ਜਾਣ ਉਪਰੰਤ ਹਲਕਾ ਡੇਰਾਬੱਸੀ ਵਿੱਚ ਵੀ ਸਾਰਾ ਦਿਨ ਅਤੇ ਰਾਤ ਗਹਿਮਾ-ਗਹਿਮੀ ਦਾ ਦੌਰ ਜਾਰੀ ਰਿਹਾ। ਇਕ ਪਾਸੇ ਬਾਰਡਰ ਖੁੱਲਣ ਨਾਲ ਜਿੱਥੇ ਰੋਜ਼ਾਨਾ ਅੰਦਰ-ਬਾਹਰ ਆਉਣ ਜਾਣ ਵਾਲਿਆਂ ਨੇ ਸੁਖ ਦਾ ਸਾਹ ਲਿਆ, ਉੱਥੇ ਹੀ ਦੂਜੇ ਪਾਸੇ ਕਿਸਾਨ ਸਫਾਂ ਵਿੱਚ ਨਿਰਾਸ਼ਾ ਪਾਈ ਗਈ। ਇਸ ਮਾਮਲੇ ਵਿਚ ਸਥਿਤੀ ਉਸ ਸਮੇਂ ਅਜੀਬੋ-ਗਰੀਬ ਬਣ ਗਈ ਜਦੋਂ ਉਕਤ ਧਰਨਾ ਉਠਣ ਤੇ ਬਾਰਡਰ ਖੁੱਲਣ ਤੋਂ ਬਾਅਦ ਬੀਤੇ ਕੱਲ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਸਥਾਨਕ ਇਕਾਈ ਵੱਲੋਂ ਅੱਜ 21 ਮਾਰਚ ਨੂੰ ਅਨਾਜ ਮੰਡੀ ਲਾਲੜੂ ਤੋਂ ਲਾਲੜੂ ਮੰਡੀ ਦੇ ਬਜ਼ਾਰ ਤੱਕ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਗਿਆ , ਪਰ ਇਸ ਰੋਸ ਮਾਰਚ ਤੋਂ ਪਹਿਲਾਂ 20 ਮਾਰਚ ਦੀ ਰਾਤ ਹੁੰਦਿਆਂ ਹੀ ਪੁਲਿਸ ਨੇ ਉਕਤ ਜਥੇਬੰਦੀ ਦੇ ਸਥਾਨਕ ਆਗੂਆਂ ਦੀ ਫੜੋ-ਫੜੀ ਸ਼ੁਰੂ ਕਰ ਦਿੱਤੀ, ਜਿਸ ਦੇ ਚਲਦਿਆਂ ਕਈਂ ਆਗੂ ਇਧਰ -ਉਧਰ ਹੋ ਗਏ ਅਤੇ ਕਈਆਂ ਨੇ ਫੋਨ ਬੰਦ ਕਰ ਦਿੱਤੇ।
ਇਸ ਦੇ ਬਾਵਜੂਦ ਪੁਲਿਸ ਨੇ ਕਿਸਾਨ ਆਗੂ ਹਰਵਿੰਦਰ ਸਿੰਘ ਟੋਨੀ ਨੂੰ ਇਹਤਿਆਤ ਵਜੋਂ ਥਾਣੇ ਵਿੱਚ ਬਿਠਾਈ ਰੱਖਿਆ ਜਦਕਿ ਤਰਲੋਚਨ ਸਿੰਘ ਕੁਰਲੀ ਸਵੇਰੇ ਸੱਤ ਵਜੇ ਖੁਦ ਥਾਣੇ ਪਹੁੰਚ ਗਏ। ਇਹ ਆਗੂ ਅੱਜ ਸਵੇਰੇ 10 ਵਜੇ ਦੇ ਕਰੀਬ ਛੱਡ ਦਿੱਤੇ ਗਏ। ਇਸ ਉਪਰੰਤ ਜਥੇਬੰਦੀ ਵੱਲੋਂ ਵੀ ਆਪਣਾ ਪਹਿਲਾਂ ਪ੍ਰੋਗਰਾਮ ਰੱਦ ਕਰਕੇ ਪਿੰਡ ਪੱਧਰ ਉਤੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੁੱਤਲੇ ਸਾੜੇ ਗਏ। ਪਿੰਡ ਟਿਵਾਣਾ ਵਿੱਚ ਜਥੇਬੰਦੀ ਦੇ ਜ਼ਿਲ੍ਹਾ ਕਨਵੀਨਰ ਜਸਵਿੰਦਰ ਸਿੰਘ ਟਿਵਾਣਾ ਤੇ ਜਲਾਲਪੁਰ ਵਿੱਚ ਬਲਾਕ ਸਕੱਤਰ ਹਰਵਿੰਦਰ ਟੋਨੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਦੇ ਪੁੱਤਲੇ ਸਾੜੇ ਗਏ।
ਇਸ ਘਟਨਾਕ੍ਰਮ ਤੋਂ ਬਾਅਦ ਅੱਜ ਸਾਰਾ ਦਿਨ ਹਲਕੇ ਦੇ ਪਿੰਡ ਦੀਆਂ ਸੱਥਾਂ ਵਿੱਚ ਇਸ ਅੰਦੋਲਨ ਬਾਰੇ ਚਰਚਾਵਾਂ ਵੀ ਹੁੰਦੀਆਂ ਰਹੀਆਂ। ਮੁਲਾਜ਼ਮ ਆਗੂ ਸਵਰਨ ਸਿੰਘ ਮਾਵੀ,ਮਹਿੰਦਰ ਸਿੰਘ ਸੈਣੀ , ਸਿੱਧੂਪੁਰ ਜਥੇਬੰਦੀ ਦੇ ਪਵਨ ਸੈਣੀ ਤੇ ਕਾਂਗਰਸੀ ਆਗੂ ਜਸਵਿੰਦਰ ਸਿੰਘ ਮਲਕਪੁਰ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਸਖ਼ਤ ਨਿਖੇਧੀ ਕੀਤੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਵਰਗਾ ਰਵੱਈਆ ਅਪਣਾਉਣ ਦੀ ਬਜਾਇ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ ।