ਵੈਟਨਰੀ ਯੂਨੀਵਰਸਿਟੀ ਦੇ ਵੈਟਨਰੀ ਗ੍ਰੈਜੂਏਟਾਂ ਨੇ ਲਿਆ ਪੇਸ਼ੇ ਦਾ ਅਹਿਦ
ਲੁਧਿਆਣਾ 17 ਮਾਰਚ 2025 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਸਾਇੰਸ ਕਾਲਜ ਦੇ 2019 ਬੈਚ ਦੇ ਪਾਸ ਹੋ ਰਹੇ 93 ਵੈਟਨਰੀ ਗ੍ਰੈਜੂਏਟ ਵਿਦਿਆਰਥੀਆਂ ਲਈ ਆਪਣੇ ਪੇਸ਼ੇ ਪ੍ਰਤੀ ਅਹਿਦ ਲੈਣ ਦੀ ਰਸਮ ਆਯੋਜਿਤ ਕੀਤੀ ਗਈ। ਡਾ. ਪ੍ਰਹਿਲਾਦ ਸਿੰਘ ਨੇ ਮੁੱਖ ਮਹਿਮਾਨ, ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ, ਪਤਵੰਤੇ ਮਹਿਮਾਨ, ਡਾ. ਅਮਿਤ ਨੈਨ, ਕਾਰਜਕਾਰੀ ਮੈਂਬਰ, ਵੈਟਨਰੀ ਕਾਊਂਸਲ ਆਫ ਇੰਡੀਆ ਅਤੇ ਮੋਹਤਬਰ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ।
ਡਾ. ਜਤਿੰਦਰ ਮੋਹਿੰਦਰੂ, ਨਿਰਦੇਸ਼ਕ ਪਸ਼ੂ ਹਸਪਤਾਲ ਨੇ ਸਿੱਖਿਆ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਵਿਦਿਆਰਥੀਆਂ ਵੱਲੋਂ ਕੀਤੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਡਾ. ਸਵਰਨ ਸਿੰਘ ਰੰਧਾਵਾ, ਡੀਨ, ਕਾਲਜ ਆਫ ਵੈਟਨਰੀ ਸਾਇੰਸ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਸਹੁੰ ਚੁਕਾਈ ਅਤੇ ਕਿਹਾ ਕਿ ਉਹ ਵੈਟਨਰੀ ਪੇਸ਼ੇ ਦੀਆਂ ਉੱਚ ਮਰਿਆਦਾਵਾਂ ਨੂੰ ਸਦਾ ਕਾਇਮ ਰੱਖਣ। ਇਨ੍ਹਾਂ ਵਿਦਿਆਰਥੀਆਂ ਨੇ ਵੀ ਆਪਣੇ ਅਧਿਆਪਕਾਂ ਪ੍ਰਤੀ ਧੰਨਵਾਦ ਪ੍ਰਗਟਾਇਆ ਅਤੇ ਡਿਗਰੀ ਦੌਰਾਨ ਕੈਂਪਸ ਵਿੱਚ ਗੁਜ਼ਾਰੇ ਵਕਤ ਦੇ ਤਜਰਬੇ ਸਾਂਝੇ ਕੀਤੇ। ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਇਨ੍ਹਾਂ ਪਾਸ ਹੋ ਕੇ ਜਾ ਰਹੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖੀ ਜੀਵਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਉਹ ਜੀਵਨ ਨੂੰ ਸਿਹਤਮੰਦ ਅਤੇ ਖੁਸ਼ਹਾਲ ਰੱਖਣ ਲਈ ਖੇਡ ਅਤੇ ਕਲਾਤਮਕ ਗਤੀਵਿਧੀਆਂ ਵਿੱਚ ਜ਼ਰੂਰ ਹਿੱਸਾ ਲੈਂਦੇ ਰਹਿਣ।
- ਡਾ. ਅਮਿਤ ਨੈਨ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਆ ਕਿ ਉਹ ਪਸ਼ੂ ਸਿਹਤ, ਜਨਤਕ ਸਿਹਤ ਅਤੇ ਵੈਟਨਰੀ ਖੇਤਰ ਦੇ ਉੱਚ ਮਿਆਰ ਨੂੰ ਸਾਹਮਣੇ ਰੱਖਦੇ ਹੋਏ ਆਪਣੇ ਭਵਿੱਖੀ ਕਾਰਜ ਉਲੀਕਣ। ਇਸ ਮੌਕੇ ਇਕ ਵੀਡੀਓ ਫ਼ਿਲਮ ਵੀ ਪ੍ਰਦਰਸ਼ਿਤ ਕੀਤੀ ਗਈ ਜਿਸ ਵਿੱਚ ਵਿਦਿਆਰਥੀਆਂ ਦੇ ਪੜ੍ਹਾਈ ਸਮੇਂ ਦਾ ਚਿਤਰਣ ਕੀਤਾ ਗਿਆ ਸੀ ਜੋ ਕਿ ਬਹੁਤ ਸਰਾਹੀ ਗਈ। ਡਾ. ਗੁਰਪ੍ਰੀਤ ਸਿੰਘ ਪ੍ਰੀਤ ਨੇ ਧੰਨਵਾਦ ਦੇ ਸ਼ਬਦ ਕਹੇ। ਇਸ ਸਮਾਰੋਹ ਵਿੱਚ ਯੂਨੀਵਰਸਿਟੀ ਦੇ ਅਧਿਕਾਰੀਆਂ, ਵਿਭਾਗ ਮੁਖੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਇਸ ਸਮਾਰੋਹ ਨੂੰ ਕੈਰਸ ਲੈਬਾਰਟਰੀਜ਼ ਪ੍ਰਾ. ਲਿਮ. ਨੇ ਪ੍ਰਾਯੋਜਿਤ ਕੀਤਾ ਸੀ। ਕਲੀਨਿਕਲ ਵਿਸ਼ਿਆਂ ਵਿੱਚ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ 51000, 35000 ਅਤੇ 25000 ਨਕਦ ਇਨਾਮ ਰਾਸ਼ੀ ਵੀ ਕੈਰਸ ਲੈਬਾਰਟਰੀਜ਼ ਵੱਲੋਂ ਪ੍ਰਦਾਨ ਕੀਤੀ ਗਈ।