ਸਿਵਲ ਸਰਜਨ ਨੇ ਕੈਮੀਕਲ ਰੰਗਾਂ ਤੋਂ ਮੁਕਤ ਸੁਰੱਖਿਅਤ ਹੋਲੀ ਮਨਾਉਣ ਦਾ ਦਿੱਤਾ ਸੁਨੇਹਾ
ਜਲੰਧਰ (13.03.2025): ਸਿਵਲ ਸਰਜਨ ਡਾ. ਗੁਰਮੀਤ ਲਾਲ ਵੱਲੋਂ ਲੋਕਾਂ ਨੂੰ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਇਸ ਸ਼ੁਭ ਅਵਸਰ 'ਤੇ ਲੋਕਾਂ ਦੀ ਤੰਦਰੁਸਤੀ ਦੀ ਕਾਮਨਾ ਕਰਦੇ ਹੋਏ ਉਨ੍ਹਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਰਗੇਨਿਕ ਰੰਗਾਂ ਨਾਲ ਹੋਲੀ ਮਨਾਉਣ ਦਾ ਸੁਨੇਹਾ ਦਿੱਤਾ। ਉਨ੍ਹਾਂ ਨੇ ਹੋਲੀ ਮਨਾਉਣ ਸਮੇਂ ਲੋਕਾਂ ਨੂੰ ਆਰਗੇਨਿਕ ਰੰਗਾਂ ਅਤੇ ਫੁੱਲਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਅਤੇ ਜੋਰ ਦੇ ਕੇ ਕਿਹਾ ਕਿ ਕੈਮੀਕਲ ਰੰਗਾਂ ਦੀ ਵਰਤੋਂ ਨਾ ਕੀਤੀ ਜਾਵੇ ।
ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਹੋਲੀ ਖੇਡਣ ਦੌਰਾਨ ਲੋਕਾਂ ਨੂੰ ਧੁੱਪ 'ਚ ਲਗਾਉਣ ਵਾਲੀਆਂ ਐਨਕਾਂ ਪਹਿਨ ਕੇ, ਸਨਸਕ੍ਰੀਨ ਲਗਾ ਕੇ ਅਤੇ ਲੋੜ ਪੈਣ 'ਤੇ ਮਾਸਕ ਦੀ ਵਰਤੋਂ ਕਰਕੇ ਆਪਣੀਆਂ ਅੱਖਾਂ, ਚਮੜੀ ਅਤੇ ਸਾਹ ਪ੍ਰਣਾਲੀ ਦੀ ਰੱਖਿਆ ਕਰਨ ਦੀ ਸਲਾਹ ਦਿੱਤੀ। ਹੋਲੀ ਖੇਡਣ ਤੋਂ ਪਹਿਲਾਂ ਚਮੜੀ ਦੀ ਸੁਰੱਖਿਆ ਲਈ ਸਰੀਰ 'ਤੇ ਲਗਾਉਣ ਵਾਲੇ ਤੇਲ ਜਾਂ ਸਨਸਕ੍ਰੀਨ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਰੰਗਾਂ ਨੂੰ ਹਟਾਉਣ ਲਈ ਹਲਕੇ ਕਲੀਨਜ਼ਰ ਅਤੇ ਸਕਿਨ 'ਤੇ ਜਲਣ ਨੂੰ ਰੋਕਣ ਲਈ ਡਾਕਟਰ ਦੀ ਸਲਾਹ ਨਾਲ ਲੋਸ਼ਨ ਦੀ ਵਰਤੋਂ ਕਰਨੀ ਚਾਹੀਦੀ ਹੈ।
ਡਾ. ਗੁਰਮੀਤ ਲਾਲ ਨੇ ਅੱਖਾਂ ਦੀ ਸੁਰੱਖਿਆ ਲਈ ਧੁੱਪ ਦੇ ਚਸ਼ਮੇ ਦੀ ਵਰਤੋਂ ਕਰਨ, ਲੈਂਸ ਪਹਿਨਣ ਵਾਲੇ ਲੋਕਾਂ ਨੂੰ ਹੋਲੀ ਖੇਡਣ ਤੋਂ ਪਹਿਲਾਂ ਲੈਂਸ ਨੂੰ ਹਟਾਉਣ ਦੀ ਸਲਾਹ ਦਿੱਤੀ, ਕਿਉਂਕਿ ਰੰਗਾਂ ਦੇ ਸੰਪਰਕ ਵਿੱਚ ਆਉਣ 'ਤੇ ਇਹ ਗੰਭੀਰ ਪਰੇਸ਼ਾਨੀ ਦਾ ਕਾਰਨ ਬਣ ਸਕਦੇ ਹਨ। ਉਨ੍ਹਾਂ ਨੇ ਕਿਸੇ ਵੀ ਡਾਕਟਰੀ ਐਮਰਜੈਂਸੀ ਦੀ ਸਥਿਤੀ ਵਿੱਚ, ਲੋਕਾਂ ਨੂੰ ਕਿਸੇ ਮਾਹਿਰ ਡਾਕਟਰ ਦੀ ਸਲਾਹ ਲੈਣ ਜਾਂ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ 'ਤੇ ਜਾਣ ਦੀ ਅਪੀਲ ਕੀਤੀ।