ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵੱਲੋਂ ਕਰਵਾਈ ਗਈ ਤਿੰਨ ਰੋਜ਼ਾ ਅੰਤਰ-ਰਾਸ਼ਟਰੀ ਕਾਨਫ਼ਰੰਸ ਸਫਲਤਾਪੂਰਵਕ ਸੰਪੰਨ
ਪਟਿਆਲਾ, 13 ਮਾਰਚ 2025 - ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵੱਲੋਂ ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ ਦੇ ਸਹਿਯੋਗ ਨਾਲ ਕਰਵਾਈ ਗਈ ਤਿੰਨ ਰੋਜ਼ਾ ਅੰਤਰ-ਰਾਸ਼ਟਰੀ ਕਾਨਫ਼ਰੰਸ ਸਫਲਤਾਪੂਰਵਕ ਸੰਪੰਨ ਹੋ ਗਈ ਹੈ।
ਕਾਨਫ਼ਰੰਸ ਦੇ ਵਿਦਾਇਗੀ ਸੈਸ਼ਨ ਦੌਰਾਨ ਉੱਘੀ ਗਾਇਕਾ ਡੌਲੀ ਗੁਲੇਰੀਆ ਨੇ ਆਪਣੇ ਭਾਸ਼ਣ ਵਿੱਚ ਪੰਜਾਬੀ ਸੰਗੀਤ ਦੇ ਖੇਤਰ ਵਿੱਚ ਆਕਾਸ਼ਵਾਣੀ ਦੀ ਸਾਰਥਕ ਭੂਮਿਕਾ ਬਾਰੇ ਵਿਸ਼ੇਸ਼ ਤੌਰ ਉੱਤੇ ਸ਼ਲਾਘਾ ਕੀਤੀ। ਨਾਲ਼ ਹੀ ਉਨ੍ਹਾਂ ਕਿਹਾ ਕਿ ਆਕਾਸ਼ਵਾਣੀ ਕੇਂਦਰਾਂ ਵਿਚ ਕਾਰਜਸ਼ੀਲ ਕਾਮਿਆਂ ਦੀ ਘੱਟ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਅਕਾਸ਼ਬਾਣੀ ਉੱਤੇ ਆਪਣੇ ਨਿੱਜੀ ਅਨੁਭਵ ਦੇ ਹਵਾਲੇ ਨਾਲ਼ ਵੱਖ-ਵੱਖ ਯਾਦਾਂ ਸਾਂਝੀਆਂ ਕੀਤੀਆਂ।
ਵਿਦਾਇਗੀ ਸੈਸ਼ਨ ਵਿਚ ਉਚੇਚੇ ਤੌਰ 'ਤੇ ਆਨਲਾਈਨ ਰੂਪ ਵਿੱਚ ਜੁੜੇ ਵਿਸ਼ਵ ਵਿਖਿਆਤ ਗਾਇਕ ਹੰਸ ਰਾਜ ਹੰਸ ਨੇ ਸੰਗੀਤ ਦੀ ਮਹਿਮਾ ਅਤੇ ਇਸਦੀ ਜ਼ਰੂਰਤ ਬਾਰੇ ਖੂਬਸੂਰਤ ਅਲਫਾਜ਼ ਸਾਂਝੇ ਕੀਤੇ ਅਤੇ ਪੰਜਾਬੀ ਯੂਨੀਵਰਸਿਟੀ ਨੂੰ ਇਸ ਕਾਨਫ਼ਰੰਸ ਲਈ ਵਿਸ਼ੇਸ਼ ਵਧਾਈ ਦਿੱਤੀ।
ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਪ੍ਰਮੁੱਖ ਪਰਮਜੀਤ ਸਿੰਘ ਨੇ ਵਿਦਾਇਗੀ ਭਾਸ਼ਣ ਦਿੱਤਾ ਅਤੇ ਮਹੱਤਵਪੂਰਨ ਤੱਥ ਪੇਸ਼ ਕੀਤੇ। ਉਨ੍ਹਾਂ ਪੰਜਾਬ ਦੇ ਵਿਰਾਸਤੀ ਸੰਗੀਤ ਨੂੰ ਸੰਭਾਲਣ ਵਿਚ ਆਕਾਸ਼ਵਾਣੀ ਦੀ ਭੂਮਿਕਾ ਦੇ ਹਵਾਲੇ ਨਾਲ ਆਪਣੀ ਗੱਲ ਰੱਖੀ।
ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ ਦੇ ਚੇਅਰਮਨ ਸਵਰਨਜੀਤ ਸਿੰਘ ਸਵੀ ਅਤੇ ਮੈਂਬਰ ਅਮਰਜੀਤ ਗਰੇਵਾਲ ਨੇ ਕਾਨਫ਼ਰੰਸ ਦੇ ਸਫਲ ਆਯੋਜਨ ਲਈ ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਨੂੰ ਵਧਾਈ ਦਿੱਤੀ ਅਤੇ ਪੰਜਾਬ ਦੀ ਨਵ ਸਿਰਜਣਾ ਸਬੰਧੀ ਇੱਕ ਸਾਰਥਕ ਕਦਮ ਦੱਸਿਆ। ਸ਼੍ਰੋਮਣੀ ਸਾਹਿਤਕਾਰ ਨਿੰਦਰ ਘੁਗਿਆਣਵੀ ਨੇ ਪੰਜਾਬੀ ਗਾਇਕਾਂ ਨਾਲ ਜੁੜੇ ਕਈ ਰੋਚਕ ਕਿੱਸੇ ਸਾਂਝੇ ਕੀਤੇ। ਮੰਚ ਸੰਚਾਲਨ ਕਰਦੇ ਹੋਏ ਕਾਨਫ਼ਰੰਸ ਦੇ ਕੋਆਰਡੀਨੇਟਰ ਡਾ. ਨਿਵੇਦਿਤਾ ਸਿੰਘ ਨੇ ਸਾਂਝੇ ਮਤੇ ਦੇ ਰੂਪ ਵਿਚ ਮਹੱਤਵਪੂਰਨ ਵਿਚਾਰ ਪੇਸ਼ ਕੀਤੇ। ਕਨਵੀਨਰ ਅਤੇ ਮੁਖੀ ਸੰਗੀਤ ਵਿਭਾਗ ਡਾ. ਅਲੰਕਾਰ ਸਿੰਘ ਨੇ ਧੰਨਵਾਦੀ ਮਤਾ ਪੇਸ਼ ਕੀਤਾ। ਸੰਗੀਤ ਵਿਭਾਗ ਤੋਂ ਡਾ. ਜਯੋਤੀ ਸ਼ਰਮਾ ਨੇ ਕਾਨਫ਼ਰੰਸ ਰਿਪੋਰਟ ਪੇਸ਼ ਕੀਤੀ ਅਤੇ ਡਾ. ਜਸਬੀਰ ਕੌਰ ਨੇ ਕਾਨਫ਼ਰੰਸ ਵਿਚ ਸਾਮਲ ਹੋਣ ਵਾਲਿਆਂ ਦੀ ਪ੍ਰਤਿਨਿਧਤਾ ਕਰਦੇ ਹੋਏ ਆਪਣੇ ਵੱਡਮੁੱਲੇ ਵਿਚਾਰ ਰੱਖੇ।
ਪੰਜਾਬ ਦੀ ਨਵ ਸਿਰਜਣਾ ਦੇ ਮਹਾਂ ਉਤਸਵ ਅਧੀਨ ਕਰਵਾਈ ਗਈ ਇਸ ਕਾਨਫ਼ਰੰਸ ਦੇ ਸੱਤ ਅਕਾਦਿਮਕ ਸੈਸ਼ਨਾਂ ਵਿਚ ਲਗਭਗ ਪੰਜਾਹ ਦੇ ਕਰੀਬ ਵਿਸ਼ੇਸ਼ ਵਿਖਿਆਨਕਾਰਾਂ ਅਤੇ ਮਹਿਮਾਨਾਂ ਨੇ ਸ਼ਿਰਕਤ ਕੀਤੀ । ਪੰਜਾਬ ਦੀ ਸੰਗੀਤ ਪਰੰਪਰਾ ਉੱਤੇ ਕਰਵਾਈ ਗਈ ਇਸ ਕਾਨਫ਼ਰੰਸ ਵਿਚ ਹਾਜ਼ਰ ਸਾਰੇ ਵਿਦਵਾਨਾਂ, ਕਲਾਕਾਰਾਂ ਅਤੇ ਸੰਗੀਤ ਪ੍ਰੇਮੀਆਂ ਨੇ ਇਸ ਕਾਨਫ਼ਰੰਸ ਨੂੰ ਜਾਰੀ ਰੱਖਣ ਦੀ ਪ੍ਰੋੜ੍ਹਤਾ ਕੀਤੀ। ਪੰਜਾਬ ਦੇ ਸੰਗੀਤ ਦੇ ਵੱਖ -ਵੱਖ ਪਹਿਲੂਆਂ ਉੱਤੇ ਵੱਡੀ ਗਿਣਤੀ ਵਿਚ ਪੇਪਰ ਪੇਸ਼ ਕੀਤੇ ਗਏ। ਕਾਨਫ਼ਰੰਸ ਦਾ ਆਖ਼ਰੀ ਦਿਨ ਬੇਹੱਦ ਮਹੱਤਵਪੂਰਨ ਹੋ ਨਿਬੜਿਆ। ਆਖ਼ਰੀ ਦਿਨ ਪੰਜਾਬੀ ਗਾਇਕੀ ਵਿਚ ਨਵੇਂ ਰੁਝਾਨਾਂ ਦੀ ਗੱਲ ਕਰਦਿਆਂ ਸਾਹਿਤਕ ਗਾਇਕੀ ਅਤੇ ਪ੍ਰਗਤੀਸ਼ੀਲ ਗਾਇਕੀ ਬਾਰੇ ਭਰਵੀਂ ਚਰਚਾ ਹੋਈ।
ਉੱਘੇ ਪ੍ਰਗਤੀਸ਼ੀਲ ਗਾਇਕ ਅਤੇ ਲੇਖਕ ਜਗਰਾਜ ਧੌਲਾ ਨੇ ਇਸਨੂੰ ਇੱਕ ਵੱਖਰੀ ਸ਼ੈਲੀ ਵਜੋਂ ਸਥਾਪਿਤ ਕਰਨ ਉੱਤੇ ਬਲ ਦਿੱਤਾ। ਡਾ. ਰਾਜੇਸ਼ ਮੋਹਨ ਨੇ ਚਲੰਤ ਤੇ ਬਜ਼ਾਰੂ ਗਾਇਕੀ ਦੇ ਸਮਾਨ ਅੰਤਰ ਸਾਹਿਤਕ ਗਾਇਕੀ ਨੂੰ ਪ੍ਰਚਾਰਿਤ ਕਰਨ ਦੇ ਜਤਨ ਕਰਨ ਸਬੰਧੀ ਲੋੜ ਦੱਸੀ। ਸੰਗੀਤ ਨਿਰਦੇਸ਼ਕ ਹਰਜੀਤ ਗੁੱਡੂ ਨੇ ਅਤਿ ਆਧੁਨਿਕ ਤਕਨੀਕ ਦੇ ਚੱਲਦੇ ਗਾਇਕੀ ਦੇ ਹੋ ਰਹੇ ਨੁਕਸਾਨ ਬਾਰੇ ਚਾਨਣਾ ਪਾਇਆ। ਪਾਕਿਸਤਾਨ ਤੋਂ ਜੁੜੇ ਮਸੂਦ ਮੱਲ੍ਹੀ ਨੇ ਰੇਡੀਓ ਲਾਹੌਰ ਦੇ ਹਵਾਲੇ ਨਾਲ ਸੂਫ਼ੀ ਗਾਇਕੀ ਦੇ ਪ੍ਰਸਾਰ ਬਾਰੇ ਵੇਰਵਾ ਦਿੱਤਾ ਅਤੇ ਖੁਸ਼ੀ ਪ੍ਰਗਟਾਈ ਕਿ ਦੋਵੇਂ ਪੰਜਾਬ ਵਿਚ ਸੰਗੀਤ ਦੇ ਹਵਾਲੇ ਨਾਲ ਅਜਿਹਾ ਸੰਵਾਦ ਬੜਾ ਮਹੱਤਵਪੂਰਨ ਹੈ। ਸੈਸ਼ਨ ਦੀ ਪ੍ਰਧਾਨਗੀ ਕਰਦੇ ਹੋਏ ਡਾ. ਸੁਰਜੀਤ ਸਿੰਘ ਭੱਟੀ ਨੇ ਅਜਿਹੀ ਭਰਵੀਂ ਵਿਚਾਰ ਚਰਚਾ ਨੂੰ ਕਾਨਫ਼ਰੰਸ ਦੀ ਸਫਲਤਾ ਦੱਸਿਆ।
ਪੰਜਾਬ ਦੀ ਫ਼ਿਲਮ ਸੰਗੀਤ ਨੂੰ ਦੇਣ ਦੇ ਹਵਾਲੇ ਨਾਲ ਉੱਘੇ ਫ਼ਿਲਮ ਸੰਗੀਤ ਲੇਖਕ ਭੀਮ ਰਾਜ ਗਰਗ ਨੇ ਫ਼ਿਲਮ ਜਗਤ ਵਿਚ ਬਹੁਤ ਪਹਿਲਾਂ ਤੋਂ ਹੀ ਪੰਜਾਬ ਦੇ ਪ੍ਰਭਾਵ ਬਾਰੇ ਵੇਰਵੇ ਸਾਂਝੇ ਕੀਤੇ। ਪੰਜਾਬੀ ਫ਼ਿਲਮ ਸੰਗੀਤ ਦੇ ਸਿਰੜੀ ਖੋਜਕਾਰ ਮਨਦੀਪ ਸਿੱਧੂ ਨੇ ਸ਼ੁਰੂਆਤੀ ਪੰਜਾਬੀ ਫ਼ਿਲਮਾਂ ਦੀ ਗੱਲ ਕੀਤੀ। ਉੱਘੇ ਸੰਗੀਤ ਨਿਰਦੇਸ਼ਕ ਕੁਲਦੀਪ ਸਿੰਘ ਮੁੰਬਈ ਤੋਂ ਵਿਸ਼ੇਸ਼ ਰੂਪ ਵਿਚ ਆਨਲਾਈਨ ਢੰਗ ਨਾਲ ਜੁੜੇ।
ਕਾਨਫ਼ਰੰਸ ਵਿੱਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ, ਖੋਜਾਰਥੀਆਂ , ਅਧਿਆਪਕਾਂ , ਸੰਗੀਤ ਪ੍ਰੇਮੀਆਂ , ਵਿਦਵਾਨਾਂ ਤੋਂ ਇਲਾਵਾ ਪ੍ਰੋ. ਰਾਜਿੰਦਰ ਗਿੱਲ, ਪ੍ਰੋ. ਕਿਰਪਾਲ ਕਜ਼ਾਕ, ਬਲਕਾਰ ਸਿੱਧੂ, ਪ੍ਰੀਤਮ ਰੁਪਾਲ, ਸ੍ਰੀਮਤੀ ਵਨੀਤਾ, ਡਾ. ਭੀਮ ਇੰਦਰ ਸਿੰਘ, ਡਾ. ਪਰਮਿੰਦਰਜੀਤ ਕੌਰ, ਡਾ. ਸਿੰਮੀ, ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।